ਸਰਕਾਰ ਵੱਲੋਂ ਮੀਟਿੰਗ ਦੇ ਭਰੋਸੇ ਮਗਰੋਂ ਕਿਸਾਨਾਂ ਦਾ ਧਰਨਾ ਖ਼ਤਮ

ਸਰਕਾਰ ਵੱਲੋਂ ਮੀਟਿੰਗ ਦੇ ਭਰੋਸੇ ਮਗਰੋਂ ਕਿਸਾਨਾਂ ਦਾ ਧਰਨਾ ਖ਼ਤਮ

ਮੰਗਾਂ ਦੇ ਹੱਕ ਿਵੱਚ ਲਖੀਮਪੁਰ ਖੀਰੀ ’ਚ ਕਿਸਾਨਾਂ ਨੇ ਲਾਇਆ ਸੀ ਧਰਨਾ

ਲਖੀਮਪੁਰ ਖੀਰੀ – ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਅੱਜ ਇੱਥੇ ਪ੍ਰਸ਼ਾਸਕੀ ਅਧਿਕਾਰੀਆਂ ਵੱਲੋਂ ਮੁਜ਼ਾਹਰਾਕਾਰੀਆਂ ਨਾਲ ਕੀਤੀ ਮੁਲਾਕਾਤ ਤੋਂ ਬਾਅਦ ਕਿਸਾਨਾਂ ਨੇ ਆਪਣਾ ਧਰਨਾ ਖ਼ਤਮ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕਿਸਾਨ ਕੇਂਦਰੀ ਮੰਤਰੀ ਅਜੈ ਕੁਮਾਰ ਮਿਸ਼ਰਾ ਦੀ ਬਰਖ਼ਾਸਤਗੀ ਤੇ ਐਮਐੱਸਪੀ ਦੀ ਮੰਗ ਉਤੇ ਲਖੀਮਪੁਰ ਖੀਰੀ ਵਿਚ ਰੋਸ ਪ੍ਰਦਰਸ਼ਨ ਕਰ ਰਹੇ ਸਨ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਟਿਕੈਤ ਨੇ ਕਿਹਾ ਕਿ ਮੋਰਚੇ ਦੀ ਭਵਿੱਖੀ ਰਣਨੀਤੀ ਬਾਰੇ ਦਿੱਲੀ ਵਿਚ 6 ਸਤੰਬਰ ਨੂੰ ਮੀਟਿੰਗ ਰੱਖੀ ਗਈ ਹੈ। ਜ਼ਿਲ੍ਹਾ ਮੈਜਿਸਟਰੇਟ ਮਹੇਂਦਰ ਬਹਾਦੁਰ ਸਿੰਘ ਤੇ ਹੋਰ ਅੱਜ ਦੁਪਹਿਰੇ ਧਰਨੇ ਵਾਲੀ ਥਾਂ ਪੁੱਜੇ ਅਤੇ ਕਿਸਾਨਾਂ ਤੋਂ ਮੰਗ ਪੱਤਰ ਲਿਆ। ਅਧਿਕਾਰੀਆਂ ਨੇ ਯਕੀਨ ਦਿਵਾਇਆ ਕਿ ਕਿਸਾਨਾਂ ਦੀ ਸਰਕਾਰ ਨਾਲ ਮੁਲਾਕਾਤ ਦਾ ਪ੍ਰਬੰਧ ਸਤੰਬਰ ਦੇ ਪਹਿਲੇ ਹਫ਼ਤੇ ਕੀਤਾ ਜਾਵੇਗਾ। ਕਿਸਾਨ ਲਗਭਗ 75 ਘੰਟਿਆਂ ਤੋਂ ਧਰਨੇ ’ਤੇ ਬੈਠੇ ਸਨ। ਬੁੱਧਵਾਰ ਰਾਤ ਵੱਖ-ਵੱਖ ਸੂਬਿਆਂ ਤੋਂ ਕਿਸਾਨ ਧਰਨੇ ਵਾਲੀ ਥਾਂ ਪਹੁੰਚਣੇ ਸ਼ੁਰੂ ਹੋ ਗਏ ਸਨ। ਹੁਣ ਕਿਸਾਨ ਹੌਲੀ-ਹੌਲੀ ਆਪੋ-ਆਪਣੇ ਸੂਬਿਆਂ ਨੂੰ ਪਰਤਣਗੇ। ਮੋਰਚੇ ਨੇ ਇਹ ਧਰਨਾ ਲਖੀਮਪੁਰ ਖੀਰੀ ਦੀ ਰਾਜਾਪੁਰ ਮੰਡੀ ਕਮੇਟੀ ਵਿਚ ਆਪਣੀਆਂ ਮੰਗਾਂ ਦੇ ਹੱਕ ਵਿਚ ਲਾਇਆ ਸੀ। ਕਿਸਾਨ ਕੇਂਦਰੀ ਮੰਤਰੀ ਨੂੰ ਬਰਖਾਸਤ ਕਰਨ, ਜੇਲ੍ਹਾਂ ’ਚੋਂ ਬੇਕਸੂਰ ਕਿਸਾਨਾਂ ਦੀ ਰਿਹਾਈ, ਐਮਐੱਸਪੀ, ਬਿਜਲੀ ਸੋਧ ਬਿੱਲ ਦੀ ਵਾਪਸੀ, ਗੰਨੇ ਦੇ ਬਕਾਏ ਤੇ ਕਿਸਾਨਾਂ ਲਈ ਜ਼ਮੀਨਾਂ ਦਾ ਹੱਕ ਮੰਗ ਰਹੇ ਹਨ।