ਦਿੱਲੀ ਆਬਕਾਰੀ ਨੀਤੀ: ਤਿੰਨ ਮੁਲਜ਼ਮਾਂ ਦੇ ਬਿਆਨ ਦਰਜ

ਦਿੱਲੀ ਆਬਕਾਰੀ ਨੀਤੀ: ਤਿੰਨ ਮੁਲਜ਼ਮਾਂ ਦੇ ਬਿਆਨ ਦਰਜ

ਨਵੀਂ ਦਿੱਲੀ – ਦਿੱਲੀ ਆਬਕਾਰੀ ਨੀਤੀ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਕਥਿਤ ਕੇਸ ’ਚ ਸੀਬੀਆਈ ਨੇ ਅੱਜ ਤਿੰਨ ਮੁਲਜ਼ਮਾਂ ਤੋਂ ਪੁੱਛ-ਪੜਤਾਲ ਸ਼ੁਰੂ ਕਰਦਿਆਂ ਉਨ੍ਹਾਂ ਦੇ ਬਿਆਨ ਦਰਜ ਕੀਤੇ ਹਨ। ਅਧਿਕਾਰੀਆਂ ਨੇ ਹੋਰ ਵੇਰਵੇ ਦਿੱਤੇ ਬਿਨਾਂ ਕਿਹਾ ਕਿ ਤਿੰਨੋਂ ਮੁਲਜ਼ਮਾਂ ਨੂੰ ਸੀਬੀਆਈ ਹੈੱਡਕੁਆਰਟਰ ’ਤੇ ਸੱਦਿਆ ਗਿਆ ਸੀ ਜਿਥੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ ਅਤੇ ਛਾਪਿਆਂ ਦੌਰਾਨ ਵਿੱਤੀ ਲੈਣ-ਦੇਣ ਨਾਲ ਸਬੰਧਤ ਮਿਲੇ ਕੁਝ ਦਸਤਾਵੇਜ਼ਾਂ ਬਾਰੇ ਉਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਗਈ ਹੈ। ਇਸ ਤੋਂ ਪਹਿਲਾਂ ਦੀਆਂ ਰਿਪੋਰਟਾਂ ’ਚ ਕਿਹਾ ਗਿਆ ਸੀ ਕਿ ਸੀਬੀਆਈ ਨੇ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਭ੍ਰਿਸ਼ਟਾਚਾਰ ਮਾਮਲੇ ’ਚ ਕੁਝ ਮੁਲਜ਼ਮਾਂ ਨੂੰ ਸੰਮਨ ਜਾਰੀ ਕੀਤੇ ਹਨ। ਅਧਿਕਾਰੀਆਂ ਨੇ ਕਿਹਾ ਕਿ ਸੀਬੀਆਈ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸਮੇਤ 31 ਥਾਵਾਂ ’ਤੇ ਮਾਰੇ ਗਏ ਛਾਪੇ ਦੌਰਾਨ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਵਾਰ ਦਸਤਾਵੇਜ਼ਾਂ ਅਤੇ ਇਲੈਕਟ੍ਰਾਨਿਕ ਯੰਤਰਾਂ ਦੇ ਨਾਲ-ਨਾਲ ਬੈਂਕ ਲੈਣ-ਦੇਣ ਦੀ ਜਾਂਚ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੋਰਾਂ ਨੂੰ ਵੀ ਸੰਮਨ ਜਾਰੀ ਕੀਤੇ ਜਾਣਗੇ। ਸੀਬੀਆਈ ਦੀ ਐੱਫਆਈਆਰ, ਜਿਸ ’ਚ ਸਿਸੋਦੀਆ ਸਮੇਤ 15 ਵਿਅਕਤੀਆਂ ਦੇ ਨਾਮ ਹਨ, ਨੂੰ ਐੱਨਫੋਰਸਮੈਂਟ ਡਾਇਰੈਕਟੋਰੇਟ ਨਾਲ ਵੀ ਸਾਂਝਾ ਕੀਤਾ ਗਿਆ ਹੈ ਜੋ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਜਾਂਚ ਕਰੇਗੀ। ਸੀਬੀਆਈ ਨੇ ਸ਼ੁੱਕਰਵਾਰ ਨੂੰ ਸਿਸੋਦੀਆ ਦੇ ਨਾਲ-ਨਾਲ ਕੁਝ ਨੌਕਰਸ਼ਾਹਾਂ ਅਤੇ ਕਾਰੋਬਾਰੀਆਂ ਦੇ 31 ਟਿਕਾਣਿਆਂ ’ਤੇ ਛਾਪੇ ਮਾਰੇ ਸਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਨਾਲ ‘ਆਪ’ ਆਗੂਆਂ ਨੇ ਇਨ੍ਹਾਂ ਛਾਪਿਆਂ ਦੀ ਨਿੰਦਾ ਕਰਦਿਆਂ ਦਾਅਵਾ ਕੀਤਾ ਹੈ ਕਿ ਸੀਬੀਆਈ ਨੂੰ ਉਸ ਦੇ ਨੇਤਾਵਾਂ ਨੂੰ ਪ੍ਰੇਸ਼ਾਨ ਕਰਨ ਲਈ ਉਪਰੋਂ ਹੁਕਮ ਮਿਲੇ ਹਨ। ਸੀਬੀਆਈ ਜਾਂਚ ਦੇ ਘੇਰੇ ’ਚ ਕਰੋੜਾਂ ’ਚ ਹੋਈਆਂ ਦੋ ਅਦਾਇਗੀਆਂ ਸ਼ਾਮਲ ਹਨ ਜੋ ਕਥਿਤ ਤੌਰ ’ਤੇ ਸਿਸੋਦੀਆ ਦੇ ਨੇੜਲੇ ਸਾਥੀਆਂ ਨੂੰ ਸਮੀਰ ਮਹਿੰਦਰੂ (ਇੰਡੋ ਸਪਿਰਿਟਸ ਦਾ ਮਾਲਕ) ਵੱਲੋਂ ਕੀਤੀਆਂ ਗਈਆਂ ਸਨ। ਐੱਫਆਈਆਰ ’ਚ ਕਿਹਾ ਗਿਆ ਹੈ ਕਿ ਸਿਸੋਦੀਆ ਦੇ ਨੇੜਲੇ ਸਾਥੀ ਅਮਿਤ ਅਰੋੜਾ (ਬੱਡੀ ਰਿਟੇਲ ਪ੍ਰਾਈਵੇਟ ਲਿਮਿਟਡ ਗੁਰੂਗ੍ਰਾਮ ਦਾ ਡਾਇਰੈਕਟਰ), ਦਿਨੇਸ਼ ਅਰੋੜਾ ਅਤੇ ਅਰਜੁਨ ਪਾਂਡੇ ਸ਼ਰਾਬ ਦੇ ਲਾਇਸੈਂਸਾਂ ਤੋਂ ਇਕੱਤਰ ਰਕਮ ਮੁਲਜ਼ਮ ਅਫ਼ਸਰਾਂ ਤੱਕ ਪਹੁੰਚਾਉਣ ’ਚ ਸ਼ਾਮਲ ਸਨ। ਸਿਸੋਦੀਆ ਦੀ ਰਿਹਾਇਸ਼ ’ਤੇ ਕਰੀਬ 15 ਘੰਟਿਆਂ ਤੱਕ ਸੀਬੀਆਈ ਨੇ ਤਲਾਸ਼ੀ ਲਈ ਸੀ ਅਤੇ ਅਧਿਕਾਰੀ ਰਾਤ 11 ਵਜੇ ਉਥੋਂ ਬਾਹਰ ਨਿਕਲੇ ਸਨ।

ਨਿੱਜੀ ਕੰਮ ਲਈ ਵਿਦੇਸ਼ ’ਚ ਹਾਂ, ਕਿਤੇ ਭੱਜਿਆ ਨਹੀਂ: ਨਾਇਰ

ਨਵੀਂ ਦਿੱਲੀ:
ਦਿੱਲੀ ਆਬਕਾਰੀ ਨੀਤੀ ’ਚ ਬੇਨਿਯਮੀਆਂ ਦੇ ਮਾਮਲੇ ’ਚ ਸੀਬੀਆਈ ਵੱਲੋਂ ਦਰਜ ਕੇਸ ਦੇ ਮੁਲਜ਼ਮਾਂ ’ਚੋਂ ਇਕ ਉੱਦਮੀ ਵਿਜੈ ਨਾਇਰ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਕਿ ਉਹ ਦੇਸ਼ ਛੱਡ ਕੇ ਭੱਜ ਗਿਆ ਹੈ। ਉਸ ਨੇ ਦਾਅਵਾ ਕੀਤਾ ਕਿ ਉਹ ਨਿੱਜੀ ਕੰਮ ਲਈ ਵਿਦੇਸ਼ ’ਚ ਹੈ। ਨਾਇਰ ਨੇ ਇਕ ਬਿਆਨ ’ਚ ਕਿਹਾ ਕਿ ਉਹ ਵਿਦੇਸ਼ ਭੱਜ ਜਾਣ ਦੀਆਂ ਖ਼ਬਰਾਂ ਤੋਂ ਹੈਰਾਨ ਹੈ ਅਤੇ ਉਸ ਨੇ ਕਿਹਾ ਕਿ ਜਦੋਂ ਵੀ ਸੀਬੀਆਈ ਉਸ ਨੂੰ ਸੱਦੇਗੀ ਤਾਂ ਉਹ ਪੂਰਾ ਸਹਿਯੋਗ ਦੇਵੇਗਾ। ‘ਮੈਂ ਪਿਛਲੇ ਕੁਝ ਹਫ਼ਤਿਆਂ ਤੋਂ ਨਿੱਜੀ ਕੰਮ ਲਈ ਵਿਦੇਸ਼ ’ਚ ਹਾਂ। ਮੈਂ ਕੁਝ ਵੀ ਗਲਤ ਨਹੀਂ ਕੀਤਾ ਹੈ। ਇਸ ਕਰਕੇ ਮੇਰੇ ਵਿਦੇਸ਼ ਭੱਜਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਹੈ।’ ਨਾਇਰ ਨੇ ਕਿਹਾ ਕਿ ਸੀਬੀਆਈ ਨੇ ਜਦੋਂ ਉਸ ਦੀ ਮੁੰਬਈ ਸਥਿਤ ਰਿਹਾਇਸ਼ ’ਤੇ ਛਾਪਾ ਮਾਰਿਆ ਸੀ ਤਾਂ ਉਸ ਨੇ ਉਥੇ ਮੌਜੂਦ ਮਹਿਲਾ ਅਧਿਕਾਰੀ ਨਾਲ ਫੋਨ ’ਤੇ ਗੱਲਬਾਤ ਕੀਤੀ ਸੀ। ‘ਜਦੋਂ ਮੈਂ ਪੁੱਛਿਆ ਕਿ ਮੇਰੇ ਆਉਣ ਦੀ ਲੋੜ ਹੈ ਤਾਂ ਉਸ ਨੇ ਕਿਹਾ ਸੀ ਕਿ ਆਲੋਕ ਨਾਮ ਦਾ ਸੀਬੀਆਈ ਅਧਿਕਾਰੀ ਮੇੇਰੇ ਨਾਲ ਸੰਪਰਕ ਕਰੇਗਾ ਅਤੇ ਦੱਸੇਗਾ ਕਿ ਕਦੋਂ ਪੇਸ਼ ਹੋਣਾ ਹੈ।’ ਨਾਇਰ ਨੇ ਕਿਹਾ ਕਿ ਕਿਸੇ ਵੀ ਸੀਬੀਆਈ ਅਧਿਕਾਰੀ ਨੇ ਉਸ ਨਾਲ ਅਜੇ ਤੱਕ ਕੋਈ ਸੰਪਰਕ ਨਹੀਂ ਕੀਤਾ ਹੈ।

ਸੀਬੀਆਈ ਨੂੰ ਛਾਪੇ ਮਾਰਨ ਦੇ ਹੁਕਮ ਉਪਰੋਂ ਮਿਲੇ: ਸਿਸੋਦੀਆ

ਨਵੀਂ ਦਿੱਲੀ: ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਆਪਣੀ ਗ੍ਰਿਫ਼ਤਾਰੀ ਦਾ ਖਦਸ਼ਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਦਿੱਲੀ ਵਿਚ ਸਿੱਖਿਆ ਦੀ ਬਿਹਤਰੀ ਲਈ ਕਾਰਜ ਜਾਰੀ ਰਹਿਣਗੇ। ਉਨ੍ਹਾਂ ਦੋਸ਼ ਲਾਇਆ ਕਿ ਸੀਬੀਆਈ ਨੂੰ ਛਾਪੇ ਮਾਰਨ ਦੇ ਹੁਕਮ ਉਪਰੋਂ ਮਿਲੇ ਸਨ। ਉਨ੍ਹਾਂ ਆਪਣੇ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਾ ਹੋਣ ਦੇਣ ਲਈ ਸੀਬੀਆਈ ਦੇ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ। ਸਿਸੋਦੀਆ ਨੇ ਦਿੱਲੀ ਦੀ ਆਬਕਾਰੀ ਨੀਤੀ ਨੂੰ ਬਿਹਤਰੀਨ ਦੱਸਦਿਆਂ ਕਿਹਾ ਕਿ ਇਹ ਪੂਰੀ ਪਾਰਦਰਸ਼ਿਤਾ ਨਾਲ ਲਾਗੂ ਕੀਤੀ ਗਈ ਸੀ ਅਤੇ ਦਾਅਵਾ ਕੀਤਾ ਕਿ ਇਸ ’ਚ ਕੋਈ ਘੁਟਾਲਾ ਨਹੀਂ ਹੋਇਆ ਹੈ। ਸਿਸੋਦੀਆ ਨੇ ਆਪਣੇ ਘਰ ’ਤੇ ਸੀਬੀਆਈ ਦੇ ਛਾਪੇ ਤੋਂ ਇਕ ਦਿਨ ਬਾਅਦ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਘੁਟਾਲੇ ਬਾਰੇ ਨਹੀਂ ਸਗੋਂ ਅਰਵਿੰਦ ਕੇਜਰੀਵਾਲ ਦੀ ਫਿਕਰ ਹੈ, ਜਿਸ ਨੂੰ ਜਨਤਾ ਪਿਆਰ ਕਰਦੀ ਹੈ ਅਤੇ ਜੋ ਰਾਸ਼ਟਰੀ ਪੱਧਰ ’ਤੇ ਬਦਲ ਵਜੋਂ ਉਭਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਰੋਕਣ ਲਈ ‘ਆਪ’ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਦੇ ਸਿੱਖਿਆ ਅਤੇ ਸਿਹਤ ਦੇ ਕੰਮਾਂ ਦੀ ਦੁਨੀਆ ਭਰ ਵਿੱਚ ਚਰਚਾ ਹੋ ਰਹੀ ਹੈ। ਸਿਸੋਦੀਆ ਨੇ ਕਿਹਾ ਕਿ ਸਤਿੰਦਰ ਜੈਨ ਪਹਿਲਾਂ ਹੀ ਜੇਲ੍ਹ ਵਿੱਚ ਹਨ ਅਤੇ ਦੋ-ਤਿੰਨ ਦਿਨਾਂ ਵਿੱਚ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿੱਖਿਆ ਅਤੇ ਸਿਹਤ ਖੇਤਰ ਵਿੱਚ ‘ਆਪ’ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਬੰਦ ਕਰਨ ਦੀ ਸਾਜ਼ਿਸ਼ ਘੜੀ ਜਾ ਰਹੀ ਹੈ।