ਹਿਮਾਚਲ ’ਚ ਕੁਦਰਤ ਦਾ ਕਹਿਰ, 22 ਮੌਤਾਂ

ਹਿਮਾਚਲ ’ਚ ਕੁਦਰਤ ਦਾ ਕਹਿਰ, 22 ਮੌਤਾਂ

ਹੜ੍ਹ ਤੇ ਢਿੱਗਾਂ ਡਿੱਗਣ ਕਾਰਨ ਮੰਡੀ, ਕਾਂਗੜਾ ਅਤੇ ਚੰਬਾ ਜ਼ਿਲ੍ਹਿਆਂ ਵਿੱਚ ਭਾਰੀ ਤਬਾਹੀ

ਸ਼ਿਮਲਾ – ਹਿਮਾਚਲ ਪ੍ਰਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਬੱਦਲ ਫਟਣ ਅਤੇ ਮੋਹਲੇਧਾਰ ਮੀਂਹ ਕਾਰਨ ਢਿੱਗਾਂ ਡਿੱਗਣ ਤੇ ਅਚਾਨਕ ਆਏ ਹੜ੍ਹ ਨਾਲ 22 ਵਿਅਕਤੀ ਮਾਰੇ ਗਏ ਜਦਕਿ ਛੇ ਹੋਰ ਜਣੇ ਲਾਪਤਾ ਹੋ ਗਏ ਹਨ। ਸਭ ਤੋਂ ਭਾਰੀ ਤਬਾਹੀ ਮੰਡੀ, ਕਾਂਗੜਾ ਅਤੇ ਚੰਬਾ ਜ਼ਿਲ੍ਹਿਆਂ ’ਚ ਹੋਈ ਹੈ। ਪੂਰੇ ਸੂਬੇ ’ਚ ਕੁਦਰਤੀ ਕਹਿਰ ਦੀਆਂ 36 ਘਟਨਾਵਾਂ ਸਾਹਮਣੇ ਆਈਆਂ ਹਨ। ਮੰਡੀ ’ਚ ਮਨਾਲੀ-ਚੰਡੀਗੜ੍ਹ ਕੌਮੀ ਮਾਰਗ ਅਤੇ ਸ਼ੋਘੀ ’ਚ ਸ਼ਿਮਲਾ-ਚੰਡੀਗੜ੍ਹ ਮਾਰਗ ਸਮੇਤ 743 ਸੜਕਾਂ ਆਵਾਜਾਈ ਲਈ ਬੰਦ ਹੋ ਗਈਆਂ ਹਨ। ਡਿਪਟੀ ਕਮਿਸ਼ਨਰ ਅਰਿੰਦਮ ਚੌਧਰੀ ਨੇ ਦੱਸਿਆ ਕਿ ਸਿਰਫ਼ ਮੰਡੀ ’ਚ ਹੀ 13 ਵਿਅਕਤੀ ਮਾਰੇ ਗਏ ਹਨ ਅਤੇ ਪੰਜ ਲਾਪਤਾ ਹਨ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਮੌਤਾਂ ’ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਜ਼ਿਲ੍ਹਿਆਂ ’ਚ ਜੰਗੀ ਪੱਧਰ ’ਤੇ ਰਾਹਤ ਕਾਰਜ ਚਲਾਏ ਜਾ ਰਹੇ ਹਨ। ਉਧਰ ਭਾਖੜਾ ਬਿਆਸ ਪ੍ਰਬੰਧਕ ਬੋਰਡ ਨੇ ਦਰਿਆਵਾਂ ਨਾਲ ਲੱਗਦੇ ਖੇਤਰਾਂ ਵਿੱਚ ਲੋਕਾਂ ਨੂੰ ਨਾ ਜਾਣ ਲਈ ਆਖਿਆ ਹੈ। ਹਿਮਾਚਲ ਪ੍ਰਦੇਸ਼ ਦੇ ਆਫ਼ਤ ਪ੍ਰਬੰਧਨ ਵਿਭਾਗ ਨੇ 25 ਅਗਸਤ ਤੱਕ ਮੋਹਲੇਧਾਰ ਮੀਂਹ ਪੈਣ ਦੀ ਪੇਸ਼ੀਨਗੋਈ ਕਰਦਿਆਂ ਢਿੱਗਾਂ ਡਿੱਗਣ ਦੀ ਚਿਤਾਵਨੀ ਜਾਰੀ ਕੀਤੀ ਹੈ। ਕਾਂਗੜਾ ਜ਼ਿਲ੍ਹਾ ਪ੍ਰਸ਼ਾਸਨ ਨੇ ਸੈਲਾਨੀਆਂ ਅਤੇ ਲੋਕਾਂ ਨੂੰ ਕਿਹਾ ਹੈ ਕਿ ਉਹ ਨਦੀਆਂ-ਨਾਲਿਆਂ ਦੇ ਨੇੜੇ ਨਾ ਜਾਣ।
ਚੰਬਾ ਜ਼ਿਲ੍ਹੇ ਦੇ ਹੰਗਾਮੀ ਅਪਰੇਸ਼ਨ ਸੈਂਟਰ ਨੇ ਕਿਹਾ ਕਿ ਚੋਵਾੜੀ ਤਹਿਸੀਲ ਦੇ ਬਨੇਤ ਪਿੰਡ ’ਚ ਤੜਕੇ ਸਾਢੇ 4 ਵਜੇ ਦੇ ਕਰੀਬ ਢਿੱਗਾਂ ਡਿੱਗੀਆਂ ਜਿਸ ਕਾਰਨ ਇਕ ਘਰ ਢਹਿ ਗਿਆ ਜਿਸ ’ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਮੰਡੀ ’ਚ ਬੱਦਲ ਫਟਣ ਕਾਰਨ ਇਕ ਲੜਕੀ ਦੀ ਲਾਸ਼ ਸ਼ੁੱਕਰਵਾਰ ਰਾਤ ਮੰਡੀ-ਕਟੋਲਾ-ਪਰਾਸ਼ਰ ਰੋਡ ’ਤੇ ਬਾਗ਼ੀ ਨਾਲਾ ਕੋਲ ਮਿਲੀ ਜਦਕਿ ਉਸ ਦੇ ਪਰਿਵਾਰ ਦੇ ਪੰਜ ਹੋਰ ਮੈਂਬਰ ਰੁੜ੍ਹ ਗਏ ਹਨ। ਬਾਗ਼ੀ ਤੋਂ ਪੁਰਾਣਾ ਕਟੋਲਾ ਇਲਾਕਿਆਂ ਵਿਚਕਾਰ ਕਈ ਪਰਿਵਾਰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਚਲੇ ਗਏ ਹਨ। ਗੋਹਾਰ ਡਿਵੈਲਪਮੈਂਟ ਬਲਾਕ ਦੇ ਪਿੰਡ ਕਾਸ਼ਨ ’ਚ ਇਕ ਘਰ ’ਤੇ ਢਿੱਗਾਂ ਡਿੱਗਣ ਕਾਰਨ ਪਰਿਵਾਰ ਦੇ ਅੱਠ ਮੈਂਬਰ ਮਲਬੇ ਹੇਠਾਂ ਦੱਬੇ ਗਏ। ਕੌਮੀ ਆਫ਼ਤ ਪ੍ਰਬੰਧਨ ਬਲ ਅਤੇ ਪੁਲੀਸ ਦੀ ਸਹਾਇਤਾ ਨਾਲ ਚਾਰ ਘੰਟਿਆਂ ਮਗਰੋਂ ਲਾਸ਼ਾਂ ਨੂੰ ਮਲਬੇ ’ਚੋਂ ਕੱਢਿਆ ਜਾ ਸਕਿਆ। ਅਧਿਕਾਰੀਆਂ ਨੇ ਕਿਹਾ ਕਿ ਬਲਹ, ਸਦਰ, ਠੁਨਾਗ, ਮੰਡੀ ਅਤੇ ਲਾਮਾਥਾਚ ’ਚ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਅੰਦਰ ਪਾਣੀ ਦਾਖ਼ਲ ਹੋ ਗਿਆ। ਸੜਕ ਕਿਨਾਰੇ ਖੜ੍ਹੇ ਕਈ ਵਾਹਨ ਨੁਕਸਾਨੇ ਗਏ ਅਤੇ ਲੋਕ ਆਪਣੇ ਘਰਾਂ ਅੰਦਰ ਡੱਕੇ ਗਏ। ਲਗਾਤਾਰ ਪੈ ਰਹੇ ਮੀਂਹ ਕਾਰਨ ਸ਼ਨਿਚਰਵਾਰ ਨੂੰ ਮੰਡੀ ਜ਼ਿਲ੍ਹੇ ਦੇ ਸਕੂਲ ਬੰਦ ਰੱਖੇ ਗਏ। ਕਾਂਗੜਾ ’ਚ ਇਕ ਕੱਚਾ ਘਰ ਡਿੱਗਣ ਕਾਰਨ 9 ਵਰ੍ਹਿਆਂ ਦੇ ਬੱਚੇ ਦੀ ਮੌਤ ਹੋ ਗਈ। ਲਾਹੜ ਪਿੰਡ ’ਚ ਢਿੱਗਾਂ ਡਿੱਗਣ ਕਾਰਨ ਬਾਲ ਮੁਕੰਦ (48) ਨਾਮ ਦੇ ਵਿਅਕਤੀ ਦੀ ਮੌਤ ਹੋ ਗਈ। ਆਫ਼ਤ ਪ੍ਰਬੰਧਨ ਵਿਭਾਗ ਦੇ ਡਾਇਰੈਕਟਰ ਸੁਦੇਸ਼ ਕੁਮਾਰ ਮੋਖਤਾ ਨੇ ਕਿਹਾ ਕਿ ਆਉਂਦੇ ਤਿੰਨ-ਚਾਰ ਦਿਨਾਂ ’ਚ ਮੌਸਮ ਹੋਰ ਵਿਗੜ ਸਕਦਾ ਹੈ ਅਤੇ ਕਾਂਗੜਾ, ਚੰਬਾ, ਮੰਡੀ, ਕੁੱਲੂ, ਸ਼ਿਮਲਾ, ਸਿਰਮੌਰ, ਸੋਲਨ, ਹਮੀਰਪੁਰ, ਊਨਾ ਅਤੇ ਬਿਲਾਸਪੁਰ ਜ਼ਿਲ੍ਹਿਆਂ ’ਚ ਮੋਹਲੇਧਾਰ ਮੀਂਹ ਪੈ ਸਕਦਾ ਹੈ।