ਐੱਨਜੀਟੀ ਨਿਗਰਾਨ ਕਮੇਟੀ ਵੱਲੋਂ ਸ਼ਰਾਬ ਫੈਕਟਰੀ ਦਾ ਦੌਰਾ

ਐੱਨਜੀਟੀ ਨਿਗਰਾਨ ਕਮੇਟੀ ਵੱਲੋਂ ਸ਼ਰਾਬ ਫੈਕਟਰੀ ਦਾ ਦੌਰਾ

ਪਾਣੀ ਤੇ ਮਿੱਟੀ ਦੇ ਸੈਂਪਲ ਲਏ; ਫੈਕਟਰੀ ਕਾਰਨ ਇਲਾਕੇ ਦਾ ਪੌਣ-ਪਾਣੀ ਖ਼ਰਾਬ ਹੋਣ ਦੇ ਦੋਸ਼

ਜ਼ੀਰਾ – ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ਵਿੱਚ ਮਾਲਬਰੋਜ਼ ਸ਼ਰਾਬ ਫੈਕਟਰੀ ’ਤੇ ਇਲਾਕੇ ਦੇ ਪੌਣ-ਪਾਣੀ ਨੂੰ ਖ਼ਰਾਬ ਕਰਨ ਦਾ ਦੋਸ਼ ਲਗਾਉਂਦਿਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਇਲਾਕੇ ਦੇ ਲੋਕਾਂ ਨੇ ਫੈਕਟਰੀ ਨੂੰ ਬੰਦ ਕਰਵਾਉਣ ਲਈ ਮੁੱਖ ਗੇਟ ਮੂਹਰੇ ਪਿਛਲੇ ਕਰੀਬ ਤਿੰਨ ਹਫ਼ਤਿਆਂ ਤੋਂ ਮੋਰਚਾ ਲਗਾਇਆ ਹੋਇਆ ਹੈ। ਇਸ ਸਬੰਧ ਵਿੱਚ ਅੱਜ ਕੌਮੀ ਗਰੀਨ ਟ੍ਰਿਬਿਊਨਲ ਦੀ ਨਿਗਰਾਨ ਕਮੇਟੀ ਦਾ ਇਕ ਵਫ਼ਦ ਚੇਅਰਮੈਨ ਜਸਟਿਸ (ਸੇਵਾਮੁਕਤ) ਜਸਬੀਰ ਸਿੰਘ, ਸਾਬਕਾ ਮੁੱਖ ਸਕੱਤਰ ਐੱਸ.ਸੀ. ਅਗਰਵਾਲ, ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਤਕਨੀਕੀ ਮਾਹਿਰ ਡਾ. ਬਾਬੂ ਰਾਮ ਜ਼ੀਰਾ ਨੇੜਲੇ ਪਿੰਡ ਮਹੀਆਂ ਵਾਲਾ ਕਲਾਂ ਦੇ ਗੁਰਦੁਆਰੇ ਪਹੁੰਚੇ। ਇੱਥੇ ਉਨ੍ਹਾਂ ਨੇ ਬੋਰ ਵਿੱਚੋਂ ਪਾਣੀ ਦੇ ਸੈਂਪਲ ਲਏ।

ਬੀਤੇ ਦਿਨੀਂ ਪਿੰਡ ਮਹੀਆਂ ਵਾਲਾ ਕਲਾਂ ਦੇ ਗੁਰਦੁਆਰੇ ਦੇ ਲੰਗਰ ਹਾਲ ’ਚ ਪਾਣੀ ਦਾ ਬੋਰ ਕੀਤਾ ਗਿਆ ਸੀ, ਜਿਸ ਵਿੱਚੋਂ ਪਿੰਡ ਵਾਸੀਆਂ ਨੇ ਸ਼ਰਾਬ ਫੈਕਟਰੀ ਦੀ ਲਾਹਣ ਨਿਕਲਣ ਦੇ ਦੋਸ਼ ਲਾਏ ਸਨ। ਇੱਥੋਂ ਬੋਰ ਦੇ ਪਾਣੀ ਦੇ ਸੈਂਪਲ ਲੈਣ ਉਪਰੰਤ ਸੰਤ ਸੀਚੇਵਾਲ ਆਪਣੀ ਪੂਰੀ ਟੀਮ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮਾਲਬਰੋਜ਼ ਸ਼ਰਾਬ ਫੈਕਟਰੀ ਮਨਸੂਰਵਾਲ ਕਲਾਂ ਪਹੁੰਚੇ, ਜਿੱਥੇ ਉਨ੍ਹਾਂ ਨੇ ਗੇਟ ਦੇ ਮੂਹਰੇ ਲੱਗੇ ਮੋਰਚੇ ਨੂੰ ਸੰਬੋਧਨ ਕੀਤਾ ਅਤੇ ਫੈਕਟਰੀ ਦੇ ਬੋਰ ਦੇ ਪਾਣੀ ਅਤੇ ਉਥੋਂ ਦੀ ਮਿੱਟੀ ਦੇ ਸੈਂਪਲ ਲਏ।