ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਬਾਗੀਆਂ ਨੂੰ ਚਿਤਾਵਨੀ

ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਬਾਗੀਆਂ ਨੂੰ ਚਿਤਾਵਨੀ

ਆਗੂਆਂ ਨੂੰ ਜਨਤਕ ਤੌਰ ’ਤੇ ਪਾਰਟੀ ਵਿਰੋਧੀ ਬਿਆਨ ਦੇਣ ਤੋਂ ਵਰਜਿਆ
ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਹਰਕਤ ਵਿੱਚ ਆ ਗਈ ਹੈ। ਅਕਾਲੀ ਦਲ ਦੇ ਸਾਰੇ ਵਿੰਗ ਅਤੇ ਕਮੇਟੀਆਂ ਭੰਗ ਕਰਨ ਤੋਂ ਬਾਅਦ ਕਾਇਮ ਕੀਤੀ ਗਈ ਇਸ ਕਮੇਟੀ ਨੇ ਅੱਜ ਇੱਥੇ ਪਲੇਠੀ ਮੀਟਿੰਗ ਕਰਕੇ ਜਨਤਕ ਤੌਰ ’ਤੇ ਬਿਆਨ ਦੇਣ ਵਾਲੇ ਆਗੂਆਂ ਨੂੰ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।

ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੇਠ ਹੋਈ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਵਿੱਚ ਸ਼ਰਨਜੀਤ ਸਿੰਘ ਢਿੱਲੋਂ, ਮਨਤਾਰ ਸਿੰਘ ਬਰਾੜ ਅਤੇ ਡਾ. ਸੁਖਵਿੰਦਰ ਕੁਮਾਰ ਸੁੱਖੀ ਸ਼ਾਮਲ ਹੋਏ। ਮੀਟਿੰਗ ’ਚ ਪਾਰਟੀ ਅੰਦਰ ਅਨੁਸ਼ਾਸਨ ਕਾਇਮ ਰੱਖਣ ਸਬੰਧੀ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਫੈਸਲਾ ਕੀਤਾ ਗਿਆ ਕਿ ਅਨੁਸ਼ਾਸਨੀ ਕਮੇਟੀ ਵੱਲੋਂ ਕਿਸੇ ਵੀ ਤਰ੍ਹਾਂ ਦੀ ਪਾਰਟੀ ਵਿਰੋਧੀ ਗਤੀਵਿਧੀ ਸਹਿਣ ਨਹੀਂ ਕੀਤੀ ਜਾਵੇਗੀ ਅਤੇ ਇਸ ਖ਼ਿਲਾਫ਼ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ। ਮਲੂੁਕਾ ਨੇ ਕਿਹਾ ਕਿ ਕੋਈ ਵੀ ਸੰਸਥਾ ਅਨੁਸ਼ਾਸਨ ਤੋਂ ਬਗੈਰ ਅੱਗੇ ਨਹੀਂ ਵੱਧ ਸਕਦੀ ਅਤੇ ਜਿਹੜਾ ਵੀ ਵਿਅਕਤੀ ਪਾਰਟੀ ਤੋਂ ਬਾਹਰ ਜਾ ਕੇ ਪਾਰਟੀ ਖ਼ਿਲਾਫ਼ ਕੋਈ ਵੀ ਗੱਲ ਕਰਦਾ ਹੈ, ਉਸ ਦਾ ਮਕਸਦ ਪਾਰਟੀ ਦੀ ਸ਼ਕਤੀ ਨੂੰ ਕਮਜ਼ੋਰ ਕਰਨਾ ਹੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਮੇਟੀ ਨੇ ਪਿਛਲੇ ਸਮੇ ’ਚ ਪ੍ਰਾਪਤ ਹੋਈਆਂ ਪਾਰਟੀ ਅਨੁਸ਼ਾਸਨਹੀਣਤਾ ਦੀਆਂ ਕੁੱਝ ਸ਼ਿਕਾਇਤਾਂ ਸਬੰਧੀ ਘੋਖ ਪੜਤਾਲ ਕੀਤੀ ਹੈ ਅਤੇ ਇਹ ਕੰਮ ਅਗਲੀਆਂ ਮੀਟਿੰਗਾਂ ਵਿੱਚ ਵੀ ਜਾਰੀ ਰਹੇਗਾ। ਜੇ ਕਮੇਟੀ ਨੂੰ ਲੱਗਿਆ ਕਿ ਕਿਸੇ ਖ਼ਿਲਾਫ਼ ਕਾਰਵਾਈ ਦੀ ਜ਼ਰੂਰਤ ਹੈ ਤਾਂ ਪਹਿਲਾਂ ਉਸ ਨੂੰ ਨੋਟਿਸ ਜਾਰੀ ਕਰਕੇ ਪੱਖ ਰੱਖਣ ਦਾ ਮੌਕਾ ਦਿੱਤਾ ਜਾਵੇਗਾ ਅਤੇ ਜੇ ਜਵਾਬ ਤਸੱਲੀਬਖਸ਼ ਨਾ ਹੋਇਆ ਤਾਂ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪਾਰਟੀ ਦੀ ਜ਼ਿਲ੍ਹਾ ਅਤੇ ਸਰਕਲ ਇਕਾਈਆਂ ਨੂੰ ਵੀ ਅਪੀਲ ਕੀਤੀ ਕਿ ਜੇ ਕੋਈ ਪਾਰਟੀ ਵਿਰੋਧੀ ਗਤੀਵਿਧੀ ਉਨ੍ਹਾਂ ਦੇ ਧਿਆਨ ਵਿੱਚ ਆਉਂਦੀ ਹੈ ਤਾਂ ਉਹ ਇਸ ਦੀ ਸੂਚਨਾ ਕਮੇਟੀ ਨੂੰ ਦੇਣ।

ਵਿਧਾਨ ਸਭਾ ਚੋਣਾਂ ’ਚ ਹਾਰ ਮਗਰੋਂ ਕਾਇਮ ਕੀਤੀ ਗਈ ਸੀ ਅਨੁਸ਼ਾਸਨੀ ਕਮੇਟੀ

ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ’ਚ ਨਿਰਾਸ਼ਾਜਨਕ ਹਾਰ ਮਗਰੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਬੋਲਣ ਵਾਲਿਆਂ ਦਾ ਕਾਫ਼ਲਾ ਵੱਡਾ ਹੁੰਦਾ ਵੇਖਦਿਆਂ ਪਾਰਟੀ ਨੇ ਬਾਗੀ ਸੁਰਾਂ ਮੱਠੀਆਂ ਕਰਨ ਲਈ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਸਨ। ਅਨੁਸ਼ਾਸਨੀ ਕਮੇਟੀ ਦਾ ਗਠਨ ਵੀ ਇਸੇ ਗਤੀਵਿਧੀ ਦਾ ਹਿੱਸਾ ਸੀ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਸ਼ੁਰੂ ਵਿੱਚ ਤਾਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਿਸੇ ਨਾ ਕਿਸੇ ਮੀਟਿੰਗ ਵਿੱਚ ਗੁਪਤ ਤਰੀਕੇ ਚੱਲ ਰਹੀਆਂ ਸਨ। ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਜਗਮੀਤ ਸਿੰਘ ਬਰਾੜ ਨੇ ਪਿਛਲੇ ਦਿਨਾਂ ਦੌਰਾਨ ਸੁਖਬੀਰ ਦੇ ਕਈ ਫ਼ੈਸਲਿਆਂ ਦੀ ਅਲੋਚਨਾ ਕੀਤੀ ਸੀ। ਦਾਖਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਪਿਛਲੇ ਸਮੇਂ ਤੋਂ ਬਾਗੀ ਚੱਲੇ ਆ ਰਹੇ ਹਨ। ਪਾਰਟੀ ਵੱਲੋਂ ਆਉਂਦੇ ਦਿਨਾਂ ’ਚ ਜਥੇਬੰਦਕ ਢਾਂਚੇ ਦਾ ਗਠਨ ਕੀਤਾ ਜਾ ਸਕਦਾ ਹੈ।