ਬਾਹਰੀ ਲੋਕਾਂ ਦੇ ਵੋਟ ਬਣਾਉਣ ਨਾਲ ਲੋਕਤੰਤਰ ਦੇ ਤਾਬੂਤ ’ਚ ਆਖਰੀ ਕਿੱਲ ਸਾਬਿਤ ਹੋਵੇਗੀ: ਮਹਿਬੂਬਾ

ਬਾਹਰੀ ਲੋਕਾਂ ਦੇ ਵੋਟ ਬਣਾਉਣ ਨਾਲ ਲੋਕਤੰਤਰ ਦੇ ਤਾਬੂਤ ’ਚ ਆਖਰੀ ਕਿੱਲ ਸਾਬਿਤ ਹੋਵੇਗੀ: ਮਹਿਬੂਬਾ

ਸ੍ਰੀਨਗਰ: ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਦੋਸ਼ ਲਾਇਆ ਹੈ ਕਿ ਭਾਜਪਾ ਜੰਮੂ ਕਸ਼ਮੀਰ ਨੂੰ ‘ਆਪਣੇ ਤਜਰਬਿਆਂ ਲਈ ਪ੍ਰਯੋਗਸ਼ਾਲਾ’ ’ਚ ਤਬਦੀਲ ਕਰ ਰਹੀ ਹੈ। ਪੀਡੀਪੀ ਆਗੂ ਨੇ ਕਿਹਾ ਕਿ ਨੌਕਰੀ, ਸਿੱਖਿਆ ਜਾਂ ਵਪਾਰ ਲਈ ਜੰਮੂ ਕਸ਼ਮੀਰ ’ਚ ਰਹਿਣ ਵਾਲੇ ਬਾਹਰੀ ਲੋਕਾਂ ਨੂੰ ਵੋਟਰ ਵਜੋਂ ਰਜਿਸਟਰ ਕਰਨ ਦੀ ਇਜਾਜ਼ਤ ਦੇਣ ਦਾ ਚੋਣ ਅਧਿਕਾਰੀਆਂ ਦਾ ਕਦਮ ‘ਲੋਕਤੰਤਰ ਨੂੰ ਖ਼ਤਮ ਕਰਨ ਵਾਲਾ’ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਦਾ ਇਹ ਕਦਮ ਸਫ਼ਲ ਰਿਹਾ ਤਾਂ ਲੋਕਤੰਤਰ ਦੇ ਤਾਬੂਤ ’ਚ ਆਖਰੀ ਕਿੱਲ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਹੱਦਬੰਦੀ ਕਮਿਸ਼ਨ ਰਾਹੀਂ ਗੜਬੜੀ ਕੀਤੀ ਗਈ ਸੀ ਅਤੇ ਉਸ ਦੇ ਮੁਖੀ ਨੂੰ ਇਸ ਦਾ ਇਨਾਮ ਵੀ ਦਿੱਤਾ ਗਿਆ ਹੈ। ਮਹਿਬੂਬਾ ਨੇ ਕਿਹਾ ਕਿ ਭਾਜਪਾ ਜੰਮੂ ਕਸ਼ਮੀਰ ’ਚ ਤਜਰਬਾ ਕਰਨ ਮਗਰੋਂ ਇਸ ਨੂੰ ਪੂਰੇ ਦੇਸ਼ ’ਚ ਦੁਹਰਾਉਂਦੀ ਹੈ। ਉਨ੍ਹਾਂ ਕਿਹਾ ਕਿ ਕੁਝ ਸੂਬਿਆਂ ’ਚ ਭਾਜਪਾ ਈਵੀਐੱਮਜ਼ ’ਚ ਗੜਬੜੀ ਕਰਕੇ ਅਤੇ ਕੁਝ ’ਚ ਪੈਸਿਆਂ ਦੀ ਤਾਕਤ ਰਾਹੀਂ ਸਰਕਾਰਾਂ ਡੇਗ ਕੇ ਆਪਣੀਆਂ ਸਰਕਾਰਾਂ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਉਦੇਸ਼ ਤਿਰੰਗੇ ਦੀ ਥਾਂ ’ਤੇ ਭਗਵਾ ਝੰਡਾ ਲਹਿਰਾਉਣਾ ਹੈ ਅਤੇ ਦੇਸ਼ ’ਚ ਈਡੀ ਉਨ੍ਹਾਂ ਦੀ ਸਹਾਇਤਾ ਕਰ ਰਹੀ ਹੈ।