ਦਰਬਾਰ ਸਾਹਿਬ ਘਟਨਾ: ਮਾਂ ਨੇ ਸਾਥੀ ਨਾਲ ਮਿਲ ਕੇ ਕੀਤੀ ਸੀ ਧੀ ਦੀ ਹੱਤਿਆ

ਦਰਬਾਰ ਸਾਹਿਬ ਘਟਨਾ: ਮਾਂ ਨੇ ਸਾਥੀ ਨਾਲ ਮਿਲ ਕੇ ਕੀਤੀ ਸੀ ਧੀ ਦੀ ਹੱਤਿਆ

ਬੱਚੀ ਦੇ ਭਰਾ ਨੇ ਦੱਸੀ ਸਾਰੀ ਕਹਾਣੀ; ਰਾਜਪੁਰਾ ਥਾਣੇ ’ਚ ਰਿਪੋਰਟ ਲਿਖਾਉਣ ਗਈ ਔਰਤ ਆਈ ਪੁਲੀਸ ਅੜਿੱਕੇ

ਯਮੁਨਾਨਗਰ – ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ’ਚ ਬੀਤੇ ਦਿਨ ਤਿੰਨ ਸਾਲਾ ਬੱਚੀ ਦੀ ਲਾਸ਼ ਮਿਲਣ ਦੇ ਸਬੰਧ ਵਿੱਚ ਅੱਜ ਉਕਤ ਬੱਚੀ ਦੇ ਭਰਾ ਨੇ ਕਤਲ ਦੀ ਸਾਰੀ ਵਾਰਦਾਤ ਦੱਸੀ। ਬੱਚੇ ਅਨੁਸਾਰ ਉਸ ਦੀ ਮਾਂ ਮਨਿੰਦਰ ਕੌਰ 9 ਅਗਸਤ ਨੂੰ ਉਸ ਨੂੰ ਤੇ ਉਸ ਦੀ ਭੈਣ ਨੂੰ ਲੈ ਕੇ ਅੰਮ੍ਰਿਤਸਰ ਗਈ ਸੀ। ਉਹ ਅੰਬਾਲਾ ਤੋਂ ਬੱਸ ਬਦਲ ਕੇ ਅੰਮ੍ਰਿਤਸਰ ਪਹੁੰਚੇ, ਜਿੱਥੇ ਉਨ੍ਹਾਂ ਨੂੰ ਇੱਕ ਵਿਅਕਤੀ ਮਿਲਿਆ। ਬੱਚੇ ਅਨੁਸਾਰ ਉਹ ਦੋ ਦਿਨ ਗੁਰਦੁਆਰੇ ਵਿੱਚ ਤੇ ਮਗਰੋਂ ਹੋਟਲ ਵਿੱਚ ਰਹੇ। ਬੱਚੇ ਨੇ ਦੱਸਿਆ ਕਿ 11 ਤਰੀਕ ਨੂੰ ਉਸ ਦੀ ਭੈਣ ਨੇ ਉਸ ਨੂੰ ਰੱਖੜੀ ਵੀ ਬੰਨ੍ਹੀ ਸੀ। ਇਸ ਮਗਰੋਂ ਹੋਟਲ ਵਿੱਚ ਇੱਕ ਪਾਸਿਓਂ ਮਨਿੰਦਰ ਕੌਰ ਨੇ ਉਸ ਦੀ ਭੈਣ ਦੇ ਗਲ ਵਿੱਚ ਦੁਪੱਟਾ ਬੰਨ੍ਹ ਕੇ ਉਸ ਨੂੰ ਖਿੱਚਿਆ ਤੇ ਦੂਜੇ ਪਾਸੇ ਤੋਂ ਉਸ ਆਦਮੀ ਨੇ ਖਿੱਚਿਆ, ਜੋ ਉਨ੍ਹਾਂ ਨਾਲ ਹੀ ਸੀ। ਬੱਚੇ ਨੇ ਜਦੋਂ ਮਾਂ ਨੂੰ ਪੁੱਛਿਆ ਕਿ ਉਹ ਉਸ ਦੀ ਭੈਣ ਨੂੰ ਕਿਉਂ ਮਾਰ ਰਹੇ ਹਨ ਤਾਂ ਮਨਿੰਦਰ ਨੇ ਜਵਾਬ ਦਿੱਤਾ ਕਿ ਉਹ ਬਿਨਾ ਵਜ੍ਹਾ ਉਨ੍ਹਾਂ ਨਾਲ ਧੱਕੇ ਖਾ ਰਹੀ ਹੈ।

ਇਸ ਤੋਂ ਬਾਅਦ ਉਸ ਦੀ ਭੈਣ ਨੂੰ ਗੁਰਦੁਆਰੇ ਵਿੱਚ ਛੱਡ ਕੇ ਉਹ ਚੰਡੀਗੜ੍ਹ ਦੀ ਬੱਸ ਫੜ ਕੇ ਮਨੀਮਾਜਰਾ ਪਹੁੰਚ ਗਏ। ਉੱਥੇ ਮਨਿੰਦਰ ਨੇ ਆਪਣੀ ਭੈਣ, ਚਚੇਰੇ ਭਰਾ ਤੇ ਮਾਂ ਨੂੰ ਮਿਲਣ ਲਈ ਬੁਲਾਇਆ ਸੀ। ਉਪਰੰਤ ਉਹ ਰਾਜਪੁਰਾ ਥਾਣੇ ਵਿੱਚ ਬੇਟੀ ਦੇ ਗੁਮਸ਼ੁਦਾ ਹੋਣ ਸਬੰਧੀ ਰਿਪੋਰਟ ਲਿਖਵਾਉਣ ਲਈ ਗਏ, ਪਰ ਉਥੇ ਪਹਿਲਾਂ ਹੀ ਮਨਿੰਦਰ ਕੌਰ ਦੀਆਂ ਤਸਵੀਰਾਂ ਪਹੁੰਚ ਚੁੱਕੀਆਂ ਸਨ। ਇਥੇ ਪੁਲੀਸ ਨੇ ਮਨਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਅੰਮ੍ਰਿਤਸਰ ਪੁਲੀਸ ਦੇ ਹਵਾਲੇ ਕਰ ਦਿੱਤਾ। ਜ਼ਿਕਰਯੋਗ ਹੈ ਕਿ ਮਨਿੰਦਰ ਕੌਰ ਦੇ ਪਤੀ ਕੁਲਵਿੰਦਰ ਸਿੰਘ ਨੇ 10 ਅਗਸਤ ਨੂੰ ਸਥਾਨਕ ਗਾਂਧੀਨਗਰ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਪਤਨੀ ਬਿਨਾਂ ਦੱਸੇ ਦੋਵੇਂ ਬੱਚਿਆਂ ਸਮੇਤ ਘਰੋਂ ਕਿਤੇ ਚਲੀ ਗਈ ਹੈ।

ਦਰਬਾਰ ਸਾਹਿਬ ਵਿੱਚੋਂ ਮਿਲੀ ਬੱਚੀ ਦੀ ਲਾਸ਼ ਦੀ ਸ਼ਨਾਖਤ ਹੋਈ

ਅੰਮ੍ਰਿਤਸਰ :  ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਮਿਲੀ ਬੱਚੀ ਦੀ ਲਾਸ਼ ਅੱਜ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ। ਮ੍ਰਿਤਕ ਬੱਚੀ ਦੀ ਸ਼ਨਾਖਤ ਦਿਵਜੋਤ ਕੌਰ ਵਜੋਂ ਹੋਈ ਹੈ ਜੋ ਪੰਜ ਵਰ੍ਹਿਆਂ ਦੀ ਸੀ। ਇਸ ਬੱਚੀ ਦੀ ਮਾਂ ਮਨਿੰਦਰ ਕੌਰ ਨੂੰ ਬੀਤੇ ਕੱਲ੍ਹ ਰਾਜਪੁਰਾ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਨੂੰ ਅੱਜ ਯਮੁਨਾਨਗਰ ਪੁਲੀਸ ਹਵਾਲੇ ਕਰ ਦਿੱਤਾ ਗਿਆ ਹੈ। ਗਲਿਆਰਾ ਪੁਲੀਸ ਸਟੇਸ਼ਨ ਦੇ ਐੱਸਐੱਚਓ ਇੰਦਰਜੀਤ ਸਿੰਘ ਨੇ ਦੱਸਿਆ ਕਿ ਬੱਚੀ ਦੇ ਪਿਤਾ ਕੁਲਵਿੰਦਰ ਸਿੰਘ ਨੇ ਅੱਜ ਲਾਸ਼ ਦੀ ਸ਼ਨਾਖਤ ਕੀਤੀ ਹੈ ਅਤੇ ਪੋਸਟਮਾਰਟਮ ਮਗਰੋਂ ਬੱਚੀ ਦੀ ਲਾਸ਼ ਉਸ ਨੂੰ ਸੌਂਪ ਦਿੱਤੀ ਗਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਕਾਰਨ ਦਾ ਪਤਾ ਲੱਗੇਗਾ। ਪੁਲੀਸ ਇਹ ਵੀ ਪਤਾ ਲਾਉਣ ਦੀ ਕੋਸ਼ਿਸ਼ ਕਰੇਗੀ ਕਿ ਬੱਚੀ ਦੀ ਮੌਤ ਕਿਵੇਂ ਹੋਈ।