ਫ਼ੌਜੀ ਕੈਂਪ ’ਤੇ ਹਮਲਾ; ਤਿੰਨ ਜਵਾਨ ਸ਼ਹੀਦ

ਫ਼ੌਜੀ ਕੈਂਪ ’ਤੇ ਹਮਲਾ; ਤਿੰਨ ਜਵਾਨ ਸ਼ਹੀਦ

ਹਮਲੇ ’ਚ ਦੋ ਦਹਿਸ਼ਤਗਰਦ ਹਲਾਕ; ਤਿੰਨ ਸਾਲਾਂ ਬਾਅਦ ਹੋਇਆ ਅਜਿਹਾ ਆਤਮਘਾਤੀ ਹਮਲਾ
ਜੰਮੂ – ਜੰਮੂ ਦੇ ਰਾਜੌਰੀ ਜ਼ਿਲ੍ਹੇ ’ਚ ਅੱਜ ਵੱਡੇ ਤੜਕੇ ਦੋ ਦਹਿਸ਼ਤਗਰਦਾਂ ਨੇ ਫ਼ੌਜੀ ਕੈਂਪ ’ਤੇ ‘ਆਤਮਘਾਤੀ’ ਹਮਲਾ ਕਰ ਦਿੱਤਾ ਜਿਸ ’ਚ ਤਿੰਨ ਜਵਾਨ ਸ਼ਹੀਦ ਹੋ ਗਏ। ਕਰੀਬ ਚਾਰ ਘੰਟੇ ਤੱਕ ਚੱਲੇ ਮੁਕਾਬਲੇ ਮਗਰੋਂ ਦੋਵੇਂ ਹਮਲਾਵਰ ਵੀ ਮਾਰੇ ਗਏ। ਸ਼ਹੀਦਾਂ ਦੀ ਪਛਾਣ ਸੂਬੇਦਾਰ ਰਾਜੇਂਦਰ ਪ੍ਰਸਾਦ (ਵਾਸੀ ਰਾਜਸਥਾਨ ਦੇ ਝੁਨਝੁਨੂ ਜ਼ਿਲ੍ਹੇ ਦੇ ਪਿੰਡ ਕਾਲੀਗੋਵੇਨ), ਰਾਈਫਲਮੈਨ ਲਕਸ਼ਮਣਨ ਡੀ (ਵਾਸੀ ਤਾਮਿਲ ਨਾਡੂ ਦੇ ਮਦੁਰਾਇ ਜ਼ਿਲ੍ਹੇ ਦੇ ਪਿੰਡ ਟੀ ਪੁਡੁਪੱਤੀ) ਅਤੇ ਰਾਈਫਲਮੈਨ ਮਨੋਜ ਕੁਮਾਰ (ਵਾਸੀ ਹਰਿਆਣਾ ਦੇ ਫਰੀਦਾਬਾਦ ਦੇ ਪਿੰਡ ਸ਼ਾਹਜਹਾਂਪੁਰ) ਵਜੋਂ ਹੋਈ ਹੈ। ਇਹ ਹਮਲਾ ਆਜ਼ਾਦੀ ਦਿਹਾੜੇ ਤੋਂ ਚਾਰ ਦਿਨ ਪਹਿਲਾ ਹੋਇਆ ਹੈ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ’ਚ ਤਿੰਨ ਸਾਲ ਤੋਂ ਵਧ ਸਮੇਂ ਮਗਰੋਂ ਅਜਿਹਾ ‘ਆਤਮਘਾਤੀ’ ਹਮਲਾ ਹੋਇਆ ਹੈ। ਰਾਜੌਰੀ ਜ਼ਿਲ੍ਹੇ ਦੇ ਪਰਗਾਲ ’ਚ ਭਾਰਤੀ ਫ਼ੌਜ ਦੀ ਚੌਕੀ ’ਤੇ ਤਾਇਨਾਤ ਸੰਤਰੀਆਂ ਨੇ ਦੇਖਿਆ ਕਿ ਖ਼ਰਾਬ ਮੌਸਮ ਅਤੇ ਸੰਘਣੀ ਧੁੰਦ ਦਾ ਫਾਇਦਾ ਉਠਾਉਂਦਿਆਂ ਸ਼ੱਕੀ ਵਿਅਕਤੀ ਉਨ੍ਹਾਂ ਦੀ ਚੌਕੀ ਵੱਲ ਆ ਰਹੇ ਹਨ। ਜੰਮੂ ’ਚ ਪੀਆਰਓ (ਰੱਖਿਆ) ਲੈਫ਼ਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਕਿਹਾ ਕਿ ਸੰਤਰੀਆਂ ਨੇ ਚੌਕੀ ਦੇ ਗੇਟ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਦੋਵੇਂ ਦਹਿਸ਼ਤਗਰਦਾਂ ਨੂੰ ਚੁਣੌਤੀ ਦਿੱਤੀ ਤਾਂ ਉਨ੍ਹਾਂ ਗ੍ਰਨੇਡ ਸੁੱਟ ਦਿੱਤੇ। ਚੌਕਸ ਜਵਾਨਾਂ ਨੇ ਤੁਰੰਤ ਇਲਾਕੇ ਦੀ ਘੇਰਾਬੰਦੀ ਕਰ ਲਈ ਅਤੇ ਦਹਿਸ਼ਤਗਰਦਾਂ ਨਾਲ ਮੁਕਾਬਲਾ ਸ਼ੁਰੂ ਹੋ ਗਿਆ। ਉਨ੍ਹਾਂ ਕਿਹਾ ਕਿ ਮੁਕਾਬਲੇ ’ਚ ਦੋਵੇਂ ਦਹਿਸ਼ਤਗਰਦ ਮਾਰੇ ਗਏ ਜਦਕਿ ਫ਼ੌਜ ਦੇ ਛੇ ਜਵਾਨ ਜ਼ਖ਼ਮੀ ਹੋ ਗਏ ਜਿਨ੍ਹਾਂ ’ਚੋਂ ਤਿੰਨ ਜ਼ਖ਼ਮਾਂ ਦੀ ਤਾਬ ਨਾ ਸਹਿੰਦਿਆਂ ਸ਼ਹੀਦ ਹੋ ਗਏ। ਅਧਿਕਾਰੀਆਂ ਅਤੇ ਪ੍ਰਤੱਖਦਰਸ਼ੀਆਂ ਮੁਤਾਬਕ ਰਾਤ ਕਰੀਬ 2 ਵਜੇ ਸਭ ਤੋਂ ਪਹਿਲਾਂ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ ਸੀ ਜਦੋਂ ਅਤਿਵਾਦੀਆਂ ਨੇ ਕੈਂਪ ਦੀ ਬਾਹਰੀ ਦੀਵਾਰ ਨੂੰ ਲੰਘਣ ਦੀ ਕੋਸ਼ਿਸ਼ ਕੀਤੀ। ਡੀਜੀਪੀ ਦਿਲਬਾਗ ਸਿੰਘ ਨੇ ਦੱਸਿਆ ਕਿ ਮਾਰੇ ਗਏ ਦਹਿਸ਼ਤਗਰਦ ਪਾਬੰਦੀਸ਼ੁਦਾ ਜਥੇਬੰਦੀ ਜੈਸ਼-ਏ-ਮੁਹੰਮਦ ਨਾਲ ਜੁੜੇ ਹੋਏ ਮੰਨੇ ਜਾ ਰਹੇ ਹਨ। ਪ੍ਰਤੱਖਦਰਸ਼ੀਆਂ ਮੁਤਾਬਕ ਆਖਰੀ ਗੋਲੀ ਸਵੇਰੇ 6.10 ਵਜੇ ਸੁਣੀ ਗਈ। ਵਧੀਕ ਡੀਜੀਪੀ ਮੁਕੇਸ਼ ਸਿੰਘ ਨੇ ਕਿਹਾ ਕਿ ਫ਼ੌਜੀ ਕੈਂਪ ਵੱਲ ਹੋਰ ਸੁਰੱਖਿਆ ਬਲ ਭੇਜੇ ਗਏ ਅਤੇ ਉਥੇ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਰਾਜੌਰੀ ਪੱਟੀ ’ਚ ਦਹਿਸ਼ਤਗਰਦਾਂ ਦੀ ਸ਼ੱਕੀ ਹਲਚਲ ਬਾਰੇ ਖ਼ੁਫ਼ੀਆ ਰਿਪੋਰਟਾਂ ਮਿਲਣ ਮਗਰੋਂ ਸੁਰੱਖਿਆ ਬਲ ਅਤੇ ਪੁਲੀਸ ਚੌਕਸ ਸੀ ਅਤੇ ਦਰਹਾਲ ਤੇ ਨੌਸ਼ਹਿਰਾ ’ਚ ਬੁੱਧਵਾਰ ਨੂੰ ਅਪਰੇਸ਼ਨ ਚਲਾਇਆ ਗਿਆ ਸੀ। ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦਾਂ ਨੇ 22 ਅਪਰੈਲ ਨੂੰ ਵੀ ਆਤਮਘਾਤੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹਿਰ ’ਚ ਆਉਣਾ ਸੀ। ਜੰਮੂ ਕਸ਼ਮੀਰ ਦੇ ਲੈਫ਼ਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਹਮਲੇ ਦੀ ਨਿਖੇਧੀ ਕਰਦਿਆਂ ਅਹਿਦ ਲਿਆ ਕਿ ਦਹਿਸ਼ਤਗਰਦਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।

ਸਰਕਾਰ ਨੂੰ ਜਵਾਬ ਦੇਣਾ ਪਵੇਗਾ: ਖੜਗੇ

ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਮਲਿਕਾਰਜੁਨ ਖੜਗੇ ਨੇ ਰਾਜੌਰੀ ਜ਼ਿਲ੍ਹੇ ’ਚ ਫ਼ੌਜੀ ਕੈਂਪ ’ਤੇ ਹੋਏ ਦਹਿਸ਼ਤੀ ਹਮਲੇ ਲਈ ਕੇਂਦਰ ’ਤੇ ਵਰ੍ਹਦਿਆਂ ਕਿਹਾ ਕਿ ਸਰਕਾਰ ਅਜਿਹੇ ਹਮਲਿਆਂ ਮਗਰੋਂ ਆਪਣਾ ਮੂੰਹ ਨਹੀਂ ਛਿਪਾ ਸਕਦੀ ਹੈ ਅਤੇ ਉਸ ਨੂੰ ਨਾਕਾਮੀ ਲਈ ਜਵਾਬ ਦੇਣਾ ਪਵੇਗਾ। ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਖੜਗੇ ਨੇ ਟਵਿੱਟਰ ’ਤੇ ਕਿਹਾ ਕਿ ਰਾਜੌਰੀ ’ਚ ਇਕ ਹੋਰ ਦਹਿਸ਼ਤੀ ਹਮਲੇ ਦੌਰਾਨ ਬਹਾਦਰ ਜਵਾਨਾਂ ਦੀ ਸ਼ਹਾਦਤ ਬਾਰੇ ਸੁਣ ਕੇ ਦੁੱਖ ਹੋਇਆ। ਉਨ੍ਹਾਂ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਭਾਰਤ ਸਰਕਾਰ ਜਵਾਨਾਂ ’ਤੇ ਹੋਏ ਅਜਿਹੇ ਹਮਲਿਆਂ ਮਗਰੋਂ ਆਪਣਾ ਮੂੰਹ ਨਹੀਂ ਛਿਪਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਦਾ ਜਵਾਬ ਦੇਣਾ ਹੀ ਪਵੇਗਾ।