ਹਾਕੀ: ਮਹਿਲਾ ਟੀਮ ਨੇ 16 ਸਾਲ ਬਾਅਦ ਜਿੱਤਿਆ ਤਗ਼ਮਾ

ਹਾਕੀ: ਮਹਿਲਾ ਟੀਮ ਨੇ 16 ਸਾਲ ਬਾਅਦ ਜਿੱਤਿਆ ਤਗ਼ਮਾ

ਕਾਂਸੀ ਤਗ਼ਮੇ ਲਈ ਮੈਚ ਵਿੱਚ ਨਿਊਜ਼ੀਲੈਂਡ ਨੂੰ 2-1 ਨਾਲ ਦਿੱਤੀ ਮਾਤ; ਸ਼ੂਟ ਆਊਟ ਵਿੱਚ ਕੀਤੀ ਜਿੱਤ ਦਰਜ

ਬਰਮਿੰਘਮ – ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਸਾਬਕਾ ਚੈਂਪੀਅਨ ਨਿਊਜ਼ੀਲੈਂਡ ਨੂੰ ਸ਼ੂਟ ਆਊਟ ’ਚ 2-1 ਨਾਲ ਹਰਾ ਕੇ ਰਾਸ਼ਟਰਮੰਡਲ ਖੇਡਾਂ ’ਚ ਕਾਂਸੀ ਦਾ ਤਗ਼ਮਾ ਜਿੱਤਿਆ। ਭਾਰਤੀ ਮਹਿਲਾ ਟੀਮ ਦਾ ਰਾਸ਼ਟਰਮੰਡਲ ਖੇਡਾਂ ’ਚ 16 ਸਾਲ ਵਿੱਚ ਪਹਿਲਾ ਇਹ ਪਹਿਲਾ ਤਗ਼ਮਾ ਹੈ। ਕਾਂਸੀ ਤਗ਼ਮੇ ਲਈ ਖੇਡੇ ਗਏ ਮੈਚ ਦੌਰਾਨ ਭਾਰਤੀ ਮਹਿਲਾ ਟੀਮ ਆਖਰੀ ਪਲਾਂ ’ਚ 1-0 ਨਾਲ ਅੱਗੇ ਚੱਲ ਰਹੀ ਸੀ ਪਰ ਆਖਰੀ 30 ਸਕਿੰਟ ਤੋਂ ਵੀ ਘੱਟ ਸਮੇਂ ਅੰਦਰ ਉਸ ਨੇ ਵਿਰੋਧੀ ਟੀਮ ਨੂੰ ਪੈਨਲਟੀ ਕਾਰਨਰ ਦੇ ਦਿੱਤਾ। ਇਹ ਪੈਨਲਟੀ ਸਟਰੋਕ ਗੋਲ ’ਚ ਬਦਲਿਆ ਤੇ ਓਲੀਵੀਆ ਮੈਰੀ ਨੇ ਨਿਊਜ਼ੀਲੈਂਡ ਨੂੰ ਬਰਾਬਰੀ ਦਿਵਾ ਦਿੱਤੀ ਜਿਸ ਤੋਂ ਬਾਅਦ ਮੁਕਾਬਲਾ ਸ਼ੂਟ ਆਊਟ ਵੱਲ ਖਿੱਚਿਆ ਗਿਆ। ਭਾਰਤ ਨੇ ਸ਼ੂਟ ਆਊਟ ’ਚ ਸਬਰ ਬਣਾਈ ਰੱਖਦਿਆਂ ਜਿੱਤ ਦਰਜ ਕੀਤੀ। ਸੈਮੀਫਾਈਨਲ ’ਚ ਆਸਟਰੇਲੀਆ ਖ਼ਿਲਾਫ਼ ਨਿਰਾਸ਼ ਕਰਨ ਵਾਲੀ ਹਾਰ ਮਗਰੋਂ ਇਸ ਮੁਕਾਬਲੇ ’ਚ ਭਾਰਤੀ ਟੀਮ ਨੇ ਮੈਚ ਦੌਰਾਨ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਤਗ਼ਮਾ ਆਪਣੇ ਨਾਂ ਕੀਤਾ। ਸਲੀਮਾ ਟੇਟੇ ਦੇ ਗੋਲ ਦੀ ਬਦੌਲਤ ਭਾਰਤ ਖੇਡ ਦੇ ਅੱਧੇ ਸਮੇਂ ਤੱਕ 1-0 ਨਾਲ ਅੱਗੇ ਸੀ। ਬਰੇਕ ਤੋਂ ਬਾਅਦ ਨੇਹਾ ਗੋਇਲ ਨੇ ਟੀਮ ਦੀ ਲੀਡ ਨੂੰ ਤਕਰੀਬਨ ਦੁੱਗਣਾ ਕਰ ਦਿੱਤਾ ਸੀ ਪਰ ਨਿਊਜ਼ੀਲੈਂਡ ਨੇ ਆਪਣੀ ਰੱਖਿਆ ਕਤਾਰ ਦੇ ਚੰਗੇ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੂੰ ਸਥਿਤੀ ਮਜ਼ਬੂਤ ਨਹੀਂ ਕਰਨ ਦਿੱਤੀ। ਸ਼ੂਟ ਆਊਟ ’ਚ ਭਾਰਤੀ ਕਪਤਾਨ ਤੇ ਗੋਲਕੀਪਰ ਸਵਿਤਾ ਨੇ ਨਿਊਜ਼ੀਲੈਂਡ ਦੀਆਂ ਤਿੰਨ ਕੋਸ਼ਿਸ਼ਾਂ ਨਾਕਾਮ ਕਰਕੇ ਟੀਮ ਲਈ ਤਗ਼ਮਾ ਪੱਕਾ ਕੀਤਾ।