ਰਾਘਵ ਚੱਢਾ ਵੱਲੋਂ ਪੰਜਾਬ ਬਾਰੇ ਸੁਝਾਅ ਲੈਣ ਲਈ ਨੰਬਰ ਜਾਰੀ

ਰਾਘਵ ਚੱਢਾ ਵੱਲੋਂ ਪੰਜਾਬ ਬਾਰੇ ਸੁਝਾਅ ਲੈਣ ਲਈ ਨੰਬਰ ਜਾਰੀ

ਲੋਕ ਫੋਨ ਜਾਂ ਵਟਸਐਪ ’ਤੇ ਵੀਡੀਓ ਅਤੇ ਦਸਤਾਵੇਜ਼ ਕਰ ਸਕਣਗੇ ਸਾਂਝੇ

ਚੰਡੀਗੜ੍ਹ – ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਪੰਜਾਬ ਦੇ ਲੋਕਾਂ ਤੋਂ ਸੂਬੇ ਦੇ ਵੱਖ-ਵੱਖ ਮੁੱਦਿਆਂ ਬਾਰੇ ਸੁਝਾਅ ਲੈਣ ਲਈ ਮੋਬਾਈਲ ਨੰਬਰ 99109-44444 ਜਾਰੀ ਕੀਤਾ ਹੈ। ਇਸ ’ਤੇ ਲੋਕ ਫੋਨ ਕਰ ਕੇ ਆਪਣੇ ਸੁਝਾਅ ਦੇ ਸਕਦੇ ਹਨ। ਰਾਘਵ ਚੱਢਾ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਹ ਲੋਕਾਂ ਦੇ ਸੁਝਾਵਾਂ ਨੂੰ ਸੰਸਦ ’ਚ ਚੁੱਕਣਗੇ। ਸ੍ਰੀ ਚੱਢਾ ਨੇ ਕਿਹਾ ਕਿ ਉਹ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਜਾਂਦੇ ਲੋਕ ਭਲਾਈ ਦੇ ਕੰਮਾਂ ਤੋਂ ਪ੍ਰੇਰਿਤ ਹਨ।

ਰਾਜ ਸਭਾ ਮੈਂਬਰ ਨੇ ਕਿਹਾ ਕਿ ਪੰਜਾਬ ਦੇ ਤਿੰਨ ਕਰੋੜ ਲੋਕ ਉਨ੍ਹਾਂ ਰਾਹੀਂ ਰਾਜ ਸਭਾ ਵਿੱਚ ਆਪਣੇ ਮੁੱਦੇ ਚੁੱਕ ਸਕਦੇ ਹਨ। ਇਸ ਲਈ ਮੋਬਾਈਲ ਨੰਬਰ ’ਤੇ ਵਟਸਐਪ ਰਾਹੀਂ ਵੀਡੀਓ ਜਾਂ ਦਸਤਾਵੇਜ਼ ਸਾਂਝੇ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਇਸ ਨੰਬਰ ਰਾਹੀਂ ਸੰਸਦ ਵਿੱਚ ਉਠਾਏ ਜਾਣ ਵਾਲੇ ਮੁੱਦਿਆਂ ਬਾਰੇ ਆਪਣੇ ਸੁਝਾਅ ਅਤੇ ਪ੍ਰਤੀਕਿਰਿਆ ਭੇਜ ਸਕਦੇ ਹਨ।

ਦੱਸਣਯੋਗ ਹੈ ਕਿ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ ਵਿੱਚ ਦੇਸ਼ ਅੰਦਰ ਵਧ ਰਹੀਆਂ ਤੇਲ ਕੀਮਤਾਂ, ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ, ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਅਤੇ ਪੰਜਾਬ ਦੀ ਭਲਾਈ ਲਈ ਕਈ ਹੋਰ ਮੁੱਦਿਆਂ ਨੂੰ ਚੁੱਕਿਆ ਹੈ। ‘ਆਪ’ ਤੋਂ ਰਾਜ ਸਭਾ ਮੈਂਬਰ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੇ ਮੁੱਦੇ ਉਠਾਉਂਦੇ ਰਹਿਣਗੇ।