ਸਿੱਧੂ ਮੂਸੇਵਾਲਾ ਦੇ ਕਤਲ ਲਈ ਵਰਤੇ ਹਥਿਆਰ ਬਰਾਮਦ

ਸਿੱਧੂ ਮੂਸੇਵਾਲਾ ਦੇ ਕਤਲ ਲਈ ਵਰਤੇ ਹਥਿਆਰ ਬਰਾਮਦ

ਪੁਲੀਸ ਮੁਕਾਬਲੇ ’ਚ ਮਾਰੇ ਗਏ ਮੰਨੂ ਤੇ ਰੂਪਾ ਕੋਲੋਂ ਬਰਾਮਦ ਏਕੇ-47 ਤੇ 9 ਐੱਮਐੱਮ ਪਿਸਤੌਲ ਕਤਲ ਲਈ ਵਰਤੇ ਹੋਣ ਦਾ ਦਾਅਵਾ

ਮਾਨਸਾ – ਮਾਨਸਾ ਪੁਲੀਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਵਰਤੇ ਗਏ ਹਥਿਆਰ ਬਰਾਮਦ ਕਰ ਲੲੇ ਹਨ। ਪੁਲੀਸ ਮੁਤਾਬਕ ਇਹ ਉਹੀ ਹਥਿਆਰ ਹਨ, ਜੋ ਸ਼ਾਰਪ ਸ਼ੂਟਰ ਮਨਪ੍ਰੀਤ ਉਰਫ਼ ਮੰਨੂ ਕੁੱਸਾ ਅਤੇ ਜਗਰੂਪ ਰੂਪਾ ਦੇ ਪੁਲੀਸ ਮੁਕਾਬਲੇ ਵਿੱਚ ਮਾਰੇ ਜਾਣ ਮਗਰੋਂ ਮੌਕੇ ਤੋਂ ਬਰਾਮਦ ਕੀਤੇ ਗਏ ਸਨ। ਪੰਜਾਬ ਪੁਲੀਸ ਲਈ ਇਨ੍ਹਾਂ ਹਥਿਆਰਾਂ ਦੀ ਬਰਾਮਦਗੀ ਵੱਡੀ ਸਿਰਦਰਦੀ ਬਣੀ ਹੋਈ ਸੀ। ਮਾਨਸਾ ਪੁਲੀਸ ਤੋਂ ਪਹਿਲਾਂ ਦਿੱਲੀ ਪੁਲੀਸ ਨੇ ਵੀ ਇਨ੍ਹਾਂ ਹਥਿਆਰਾਂ ਦੀ ਬਰਾਮਦਗੀ ਬਾਰੇ ਪ੍ਰਿਆਵਰਤ ਫੌਜੀ, ਕਸ਼ਿਸ਼ ਉਰਫ਼ ਕੁਲਦੀਪ ਅਤੇ ਅੰਕਿਤ ਸੇਰਸਾ ਪਾਸੋਂ ਪੁੱਛਗਿੱਛ ਕੀਤੀ ਸੀ। ਮਾਨਸਾ ਪੁਲੀਸ ਨੇ ਤਾਂ ਇਨ੍ਹਾਂ ਦਾ ਦੋ ਵਾਰ ਅਦਾਲਤ ਤੋਂ ਪੁਲੀਸ ਰਿਮਾਂਡ ਵੀ ਹਾਸਲ ਕੀਤਾ ਸੀ। ਉਧਰ ਛੇਵਾਂ ਸ਼ਾਰਪ ਸ਼ੂਟਰ ਦੀਪਕ ਮੁੰਡੀ ਅਜੇ ਵੀ ਫਰਾਰ ਹੈ। ਐੱਸਐੱਸਪੀ ਗੌਰਵ ਤੂਰਾ ਨੇ ਕਿਹਾ ਕਿ ਦੀਪਕ ਮੁੰਡੀ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸ਼ਾਰਪ ਸ਼ੂਟਰ ਮਨਪ੍ਰੀਤ ਉਰਫ਼ ਮੰਨੂ ਕੁੱਸਾ ਅਤੇ ਜਗਰੂਪ ਰੂਪਾ ਕੋਲੋਂ ਮੁਕਾਬਲੇ ਮਗਰੋਂ, ਜਿਹੜੇ ਹਥਿਆਰ ਬਰਾਮਦ ਹੋਏ ਹਨ, ਇਹ ਉਹੀ ਹਥਿਆਰ ਹਨ, ਜਿਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਵੇਲੇ ਵਰਤਿਆ ਗਿਆ ਸੀ। ਪੁਲੀਸ ਅਧਿਕਾਰੀ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਵਿਚ ਹੋਏ ਇਕ ਮੁਕਾਬਲੇ ਦੌਰਾਨ ਜਦੋਂ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਨੇ ਖ਼ੁਦ ਨੂੰ ਪੁਲੀਸ ਹਵਾਲੇ ਨਾ ਕੀਤਾ ਤਾਂ ਦੁਵੱਲੀ ਫਾਇਰਿੰਗ ਦੌਰਾਨ ਉਹ ਦੋਵੇਂ ਜਣੇ ਮਾਰੇ ਗਏ ਅਤੇ ਉਨ੍ਹਾਂ ਦੋਵਾਂ ਪਾਸੋਂ ਏਕੇ-47 ਅਤੇ 9-ਐੱਮਐੱਮ ਪਿਸਤੌਲ ਬਰਾਮਦ ਹੋਏ ਸਨ। ਅਧਿਕਾਰੀ ਅਨੁਸਾਰ ਪੰਜਾਬੀ ਗਾਇਕ ਦੇ ਕਤਲ ਵਾਲੀ ਥਾਂ ਪਿੰਡ ਜਵਾਹਰਕੇ ਤੋਂ ਅਤੇ ਸ਼ਾਰਪ ਸ਼ੂਟਰਾਂ ਦੇ ਮੁਕਾਬਲੇ ਵਾਲੀ ਜਗ੍ਹਾ ਤੋਂ ਜੋ ਖੋਲ੍ਹ ਮਿਲੇ ਹਨ, ਇਹ ਆਪਸ ਵਿਚ ਮੇਲ ਖਾਂਦੇ ਹਨ। ਉਨ੍ਹਾਂ ਕਿਹਾ ਕਿ ਫੋਰੈਂਸਿਕ ਜਾਂਚ ਦੌਰਾਨ ਇਸ ਦੀ ਪੁਸ਼ਟੀ ਹੋਈ ਹੈ।

ਪੁਲੀਸ ਨੂੰ ਮਿਲੇ ਵੇਰਵਿਆਂ ਮੁਤਾਬਕ ਮੂਸੇਵਾਲਾ ਦੇ ਕਤਲ ਲਈ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਸਾਰਿਆਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਜਿਨ੍ਹਾਂ ਹਥਿਆਰਾਂ ਨਾਲ ਮੂਸੇਵਾਲਾ ਨੂੰ ਮਾਰਿਆ ਗਿਆ, ਉਹ ਪ੍ਰਿਆਵਰਤ ਫ਼ੌਜੀ, ਅੰਕਿਤ ਸੇਰਸਾ ਅਤੇ ਕਸ਼ਿਸ਼ ਤੋਂ ਵਾਪਸ ਲੈ ਲਏ ਗਏ ਸਨ ਅਤੇ ਇਨ੍ਹਾਂ ਨੂੰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਲੈ ਗਏ ਸਨ। ਪੁਲੀਸ ਅਨੁਸਾਰ ਮੰਨੂ ਨੇ ਏ.ਕੇ-47 ਤੋਂ ਫਾਇਰਿੰਗ ਕੀਤੀ ਸੀ ਅਤੇ ਉਹ ਕਰੋਲਾ ਗੱਡੀ ਵਿੱਚ ਸਨ, ਜਦੋਂ ਕਿ ਕਸ਼ਿਸ਼, ਪ੍ਰਿਆਵਰਤ ਫੌਜੀ ਅਤੇ ਅੰਕਿਤ ਸੇਰਸਾ ਹਮਲੇ ਵੇਲੇ ਬੋਲੇਰੋ ਗੱਡੀ ਵਿੱਚ ਸਨ। ਉਹ ਵਾਰਦਾਤ ਤੋਂ ਬਾਅਦ ਵੱਖੋ-ਵੱਖਰੇ ਰਾਹਾਂ ਉਪਰ ਚਲੇ ਗਏ ਸਨ। ਪ੍ਰਿਆਵਰਤ ਫੌਜੀ ਤੇ ਹੋਰ ਹਰਿਆਣਾ ਨੂੰ ਨਿਕਲ ਗਏ ਸਨ ਜਦੋਂਕਿ ਮੰਨੂ ਅਤੇ ਰੂਪਾ ਆਲਟੋ ਗੱਡੀ ਖੋਹ ਕੇ ਮੋਗਾ ਵਾਲੇ ਪਾਸੇ ਭੱਜ ਗਏ ਸਨ। ਪੁਲੀਸ ਇਸ ਗੱਲ ਦੀ ਪਹਿਲਾਂ ਹੀ ਪੁਸ਼ਟੀ ਕਰ ਚੁੱਕੀ ਹੈ ਕਿ ਪ੍ਰਿਆਵਰਤ ਫੌਜੀ ਹੋਰਾਂ ਦੇ ਹਥਿਆਰ ਹਿਸਾਰ ਨੇੜਿਓ ਇੱਕ ਪਿੰਡ ’ਚ ਦਿੱਲੀ ਪੁਲੀਸ ਵੱਲੋਂ ਬਰਾਮਦ ਕੀਤੇ ਗਏ ਸਨ।

ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਕੁੱਲ 6 ਸ਼ਾਰਪ ਸ਼ੂਟਰ ਸ਼ਾਮਲ ਸਨ। ਇਨ੍ਹਾਂ ਵਿੱਚ ਪ੍ਰਿਆਵਰਤ ਫੌਜੀ, ਕਸ਼ਿਸ਼ ਇਸੇ ਵੇਲੇ ਮਾਨਸਾ ਦੇ ਸੀਆਈਏ ਪੁਲੀਸ ਸਟੇਸ਼ਨ ਵਿੱਚ ਪੁੱਛਗਿੱਛ ਲਈ ਰਿਮਾਂਡ ’ਤੇ ਹਨ। ਅੰਕਿਤ ਸੇਰਸਾ ਮਾਨਸਾ ਅਦਾਲਤ ਦੇ ਆਦੇਸ਼ਾਂ ਤੋਂ ਬਾਅਦ ਗੋਇੰਦਵਾਲ ਜੇਲ੍ਹ ਵਿੱਚ ਹੈ ਜਦੋਂਕਿ ਅੰਮ੍ਰਿਤਸਰ ਦੇ ਅਟਾਰੀ ਨੇੜੇ ਪਿੰਡ ਭਕਨਾ ਚੀਚਾ ਵਿਖੇ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਪੁਲੀਸ ਮੁਕਾਬਲੇ ਦੌਰਾਨ ਮਾਰੇ ਗਏ ਸਨ। ਦੀਪਕ ਮੁੰਡੀ, ਇਕੋ ਇਕ ਸ਼ੂਟਰ ਹੈ, ਜੋ ਇਸ ਵੇਲੇ ਫ਼ਰਾਰ ਹੈ।