ਕਿਸਾਨਾਂ ਦੀਆਂ ਮੰਗਾਂ ਪ੍ਰਤੀ ਇਮਾਨਦਾਰ ਨਹੀਂ ਕੇਂਦਰ: ਮਲਿਕ

ਕਿਸਾਨਾਂ ਦੀਆਂ ਮੰਗਾਂ ਪ੍ਰਤੀ ਇਮਾਨਦਾਰ ਨਹੀਂ ਕੇਂਦਰ: ਮਲਿਕ

ਕਿਸਾਨਾਂ ਨੂੰ ਸੰਘਰਸ਼ ਦਾ ਦਿੱਤਾ ਸੱਦਾ; ਕਿਸਾਨੀ ਮੰਗਾਂ ਲਈ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨ ਦਾ ਕੀਤਾ ਵਾਅਦਾ
ਭੋਗਪੁਰ – ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਕਿਹਾ ਹੈ ਕਿ ਮੋਦੀ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਸਬੰਧੀ ਬਿਲਕੁਲ ਵੀ ਇਮਾਨਦਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਕੇਂਦਰ ਸਰਕਾਰ ਵਿਰੁੱਧ ਮੁੜ ਲੜਾਈ ਆਰੰਭਣੀ ਪਵੇਗੀ। ਸ੍ਰੀ ਮਲਿਕ ਨੇ ਕਿਹਾ ਕਿ ਉਹ ਵੀ ਆਪਣੀ ਸੰਵਿਧਾਨਕ ਸੇਵਾਮੁਕਤੀ ਤੋਂ ਬਾਅਦ ਪ੍ਰਤੱਖ ਰੂਪ ਵਿੱਚ ਕਿਸਾਨਾਂ ਦੇ ਸੰਘਰਸ਼ ਵਿੱਚ ਸ਼ਾਮਲ ਹੋਣਗੇ। ਰਾਜਪਾਲ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਾਲ ਕਿਸਾਨਾਂ ਦੀਆਂ ਮੰਗਾਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਗੱਲਬਾਤ ਕਰਨਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਦਿਵਾਉਣ ਤਾਂ ਜੋ ਉਹ ਨਸ਼ਿਆਂ ਦੇ ਜਾਲ ਵਿੱਚ ਨਾ ਫਸਣ। ਦੋਆਬਾ ਕਿਸਾਨ-ਮਜ਼ਦੂਰ ਕਮੇਟੀ ਕਿਸ਼ਨਗੜ੍ਹ ਪੰਜਾਬ ਦੇ ਪ੍ਰਧਾਨ ਹਰਸੁਰਿੰਦਰ ਸਿੰਘ ਤੇ ਨੌਜਵਾਨ ਕਿਸਾਨ ਮਜ਼ਦੂਰ ਯੂਨੀਅਨ (ਸ਼ਹੀਦਾਂ) ਦੇ ਪ੍ਰਧਾਨ ਗੁਰਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਦੋਆਬਾ ਕਿਸਾਨ-ਮਜ਼ਦੂਰ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ਸਨਮਾਨ ਸਮਾਗਮ ’ਚ ਸ਼ਿਰਕਤ ਕਰਦਿਆਂ ਸੱਤਿਆ ਪਾਲ ਮਲਿਕ ਨੂੰ ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਕਿਸਾਨਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਨ ਲਈ ਮਲਿਕ ਦਾ ਕੀਤਾ ਧੰਨਵਾਦ

ਕਿਸਾਨ ਆਗੂਆਂ ਨੇ ਆਪਣੀਆਂ ਮੰਗਾਂ ਲਈ ਕੇਂਦਰ ਖ਼ਿਲਾਫ਼ ਜੰਗ ਲੜ ਰਹੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ’ਤੇ ਸੱਤਿਆਪਾਲ ਮਲਿਕ ਦਾ ਧੰਨਵਾਦ ਵੀ ਕੀਤਾ। ਰਾਜਪਾਲ ਨੇ ਆਖਿਆ ਕਿ ਉਹ ਸਿੱਖ ਇਤਿਹਾਸ ਤੋਂ ਜਾਣੂ ਹਨ ਅਤੇ ਸਿੱਖ ਗੁਰੂਆਂ ਦੇ ਫਲਸਫੇ ਨੇ ਦੇਸ਼ ਨੂੰ ਜਾਗਰੂਕ ਕੀਤਾ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਅਤੇ ਹਰੀ ਸਿੰਘ ਨਲੂਆ ਵਰਗੇ ਸੂਰਮਿਆਂ ਨੇ ਜ਼ੁਲਮ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਸੀ ਅਤੇ ਹੁਣ ਪੰਜਾਬੀ ਵੀ ਉਸੇ ਨਕਸ਼ੇ ਕਦਮ ’ਤੇ ਚੱਲ ਰਹੇ ਹਨ। ਰਾਜਪਾਲ ਨੇ ਕਿਸਾਨ ਮੋਰਚੇ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਲੋਈ ਅਤੇ ਸਨਮਾਨ ਚਿੰਨ੍ਹ ਵੀ ਭੇਟ ਕੀਤੇ।