ਕੁਸ਼ਤੀ: ਬਜਰੰਗ, ਦੀਪਕ ਤੇ ਸਾਕਸ਼ੀ ਨੇ ਜਿੱਤਿਆ ਸੋਨਾ

ਕੁਸ਼ਤੀ: ਬਜਰੰਗ, ਦੀਪਕ ਤੇ ਸਾਕਸ਼ੀ ਨੇ ਜਿੱਤਿਆ ਸੋਨਾ

ਨਾਇਜੀਰੀਆ ਦੀ ਖਿਡਾਰਨ ਤੋਂ ਹਾਰ ਕੇ ਅੰਸ਼ੂ ਮਲਿਕ ਨੂੰ ਚਾਂਦੀ ਦਾ ਤਗ਼ਮਾ

ਬਰਮਿੰਘਮ – ਭਾਰਤੀ ਪਹਿਲਵਾਨ ਬਜਰੰਗ ਪੂਨੀਆ, ਦੀਪਕ ਪੂਨੀਆ ਅਤੇ ਸਾਕਸ਼ੀ ਮਲਿਕ ਨੇ ਅੱਜ ਇੱਥੇ ਰਾਸ਼ਟਰਮੰਡਲ ਖੇਡਾਂ ਦੇ ਕੁਸ਼ਤੀ ਮੁਕਾਬਲਿਆਂ ’ਚ ਭਾਰਤ ਨੂੰ ਤਿੰਨ ਸੋਨ ਤਗ਼ਮੇ ਦਿਵਾਏ। ਉਸ ਤੋਂ ਪਹਿਲਾਂ ਅੰਸ਼ੂ ਮਲਿਕ ਨੇ ਚਾਂਦੀ ਦਾ ਤਗ਼ਮਾ ਜਿੱਤਿਆ।
ਬਜਰੰਗ ਪੂਨੀਆ ਨੇ 65 ਕਿਲੋਗ੍ਰਾਮ ਭਾਰ ਵਰਗ ਵਿੱਚ ਕੈਨੇਡਾ ਦੇ ਪਹਿਲਵਾਨ ਲਾਚਲੈਨ ਮੈੱਕਗਿਲ ਨੂੰ ਹਰਾ ਕੇ ਸੋਨੇ ਦਾ ਤਗ਼ਮਾ ਆਪਣੇ ਨਾਂ ਕੀਤਾ ਜਦਕਿ ਸਾਕਸ਼ੀ ਮਲਿਕ ਨੇ ਕੈਨੇਡਾ ਦੀ ਐਨਾ ਗੌਂਡਨਿਜ ਗੌਂਜ਼ਾਲਵਿਸ ਨੂੰ ਚਿੱਤ ਕਰਕੇ ਸੋਨ ਤਗ਼ਮਾ ਜਿੱਤਿਆ।
ਦੀਪਕ ਪੂਨੀਆ ਨੇ ਪਾਕਿਸਤਾਨ ਦੇ ਮੁਹੰਮਦ ਇਨਾਮ ਨੂੰ ਫਾਈਨਲ ’ਚ 3-0 ਨਾਲ ਹਰਾ ਕੇ ਸੋਨ ਤਗ਼ਮਾ ਭਾਰਤ ਦੀ ਝੋਲੀ ’ਚ ਪਾਇਆ। ਇਸ ਤੋਂ ਪਹਿਲਾਂ ਅੰਸ਼ੂ ਮਲਿਕ ਨੇ 57 ਕਿਲੋ ਫਰੀ ਸਟਾਈਲ ਮੁਕਾਬਲੇ ’ਚ ਚਾਂਦੀ ਦਾ ਤਗ਼ਮਾ ਜਿੱਤ ਕੇ ਦੇਸ਼ ਦਾ ਕੁਸ਼ਤੀ ਵਿੱਚ ਖਾਤਾ ਖੋਲ੍ਹਿਆ। ਇਸ ਤੋਂ ਪਹਿਲਾਂ ਦਿਨੇ ਬਜਰੰਗ ਪੂਨੀਆ ਤੇ ਦੀਪਕ ਪੂਨੀਆ ਨੇ ਪੁਰਸ਼ ਵਰਗ ਦੇ ਫਾਈਨਲ ’ਚ ਪਹੁੰਚ ਕੇ ਤਗ਼ਮੇ ਪੱਕੇ ਕੀਤੇ ਸਨ।