ਯੂਨੀਵਰਸਿਟੀ ਮੁਲਾਜ਼ਮ ਵੀਸੀ ਦਾ ਅਸਤੀਫ਼ਾ ਪ੍ਰਵਾਨ ਕਰਵਾਉਣ ਲਈ ਬਜ਼ਿੱਦ

ਯੂਨੀਵਰਸਿਟੀ ਮੁਲਾਜ਼ਮ ਵੀਸੀ ਦਾ ਅਸਤੀਫ਼ਾ ਪ੍ਰਵਾਨ ਕਰਵਾਉਣ ਲਈ ਬਜ਼ਿੱਦ

ਫ਼ਰੀਦਕੋਟ – ਬਾਬਾ ਫ਼ਰੀਦ ਯੂਨੀਵਰਿਸਟੀ ਆਫ਼ ਹੈੱਲਥ ਸਾਇੰਸਜ਼ ਫ਼ਰੀਦਕੋਟ ਦੇ ਉਪ ਕੁਲਪਤੀ ਡਾ. ਰਾਜ ਬਹਾਦਰ ਵੱਲੋਂ ਦਿੱਤੇ ਗਏ ਅਸਤੀਫ਼ੇ ਨੂੰ ਮਨਜ਼ੂਰ ਕਰਵਾਉਣ ਲਈ ਯੂਨੀਵਰਸਿਟੀ ਦੇ ਮੁਲਾਜ਼ਮ ਬਜ਼ਿੱਦ ਹਨ। ਇਸ ਮੰਗ ਨੂੰ ਲੈ ਕੇ ਅੱਜ ਮੁਲਾਜ਼ਮਾਂ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੀ ਓਪੀਡੀ ਮੂਹਰੇ ਬਾਬਾ ਫ਼ਰੀਦ ਯੂਨੀਵਰਸਿਟੀ ਯੂਨਾਈਟਿਡ ਐਂਪਲਾਈਜ਼ ਯੂਨੀਅਨ ਦੀ ਅਗਵਾਈ ਹੇਠ ਵਾਈਸ ਚਾਂਸਲਰ ਖਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤਾ।

ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਵਾਈਸ ਚਾਂਸਲਰ ਦਾ ਅਸਤੀਫ਼ਾ ਮਨਜ਼ੂਰ ਕਰ ਕੇ ਤੁਰੰਤ ਯੂਨੀਵਰਸਿਟੀ ਵਿੱਚ ਨਵਾਂ ਵਾਈਸ ਚਾਂਸਲਰ ਤਾਇਨਾਤ ਕਰੇ, ਤਾਂ ਜੋ ਯੂਨੀਵਰਸਿਟੀ ਤੇ ਇਸ ਅਧੀਨ ਆਉਂਦੀਆਂ ਸਾਰੀਆਂ ਸੰਸਥਾਵਾਂ ਦਾ ਪ੍ਰਬੰਧ ਸੁਧਾਰਿਆ ਜਾ ਸਕੇ। ਯੂਨੀਅਨ ਦੇ ਆਗੂ ਯਸ਼ਪਾਲ ਸਾਂਬਰੀਆਂ, ਵਿਕਾਸ ਅਰੋੜਾ, ਆਸ਼ਾ ਰਾਣੀ, ਹਰਜਿੰਦਰ ਸਿੰਘ ਤੇ ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਤੋਂ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਇਕ ਰੋਸ ਮਾਰਚ ਕੱਢਿਆ ਜਾਣਾ ਸੀ ਪਰ ਬਾਰਿਸ਼ ਹੋਣ ਕਾਰਨ ਹੁਣ ਇਹ ਮਾਰਚ ਸੋਮਵਾਰ ਨੂੰ ਕੱਢਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਾਈਸ ਚਾਂਸਲਰ ਦਾ ਅਸਤੀਫ਼ਾ ਮਨਜ਼ੂਰ ਹੋਣ ਅਤੇ ਹਸਪਤਾਲ ਤੇ ਯੂਨੀਵਰਸਿਟੀ ਦੇ ਪ੍ਰਬੰਧ ਦਰੁਸਤ ਹੋਣ ਤੱਕ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਰੋਸ ਪ੍ਰਦਰਸ਼ਨ ਨੂੰ ਸਤਨਾਮ ਸਿੰਘ, ਕਸ਼ਮੀਰ ਸਿੰਘ, ਵਿਸਾਲ ਮੌਗਾ, ਵਿੱਕੀ ਕੁਮਾਰ, ਲਖਬੀਰ ਸਿੰਘ, ਸੁਖਜਿੰਦਰ ਸਿੰਘ, ਰਮੇਸ਼ ਕੁਮਾਰ, ਰਣਜੀਤ ਸਿੰਘ, ਪਰਮਿੰਦਰ ਸਿੰਘ ਤੇ ਅਸ਼ਵਨੀ ਬਾਂਸਲ ਨੇ ਵੀ ਸੰਬੋਧਨ ਕੀਤਾ।