ਮੀਟਿੰਗ ’ਚ ਮੁੱਖ ਮੰਤਰੀ ਤੇ ਸਿਹਤ ਮੰਤਰੀ ਵਿਚਾਲੇ ਦੂਰੀਆਂ ਦਿਸੀਆਂ

ਮੀਟਿੰਗ ’ਚ ਮੁੱਖ ਮੰਤਰੀ ਤੇ ਸਿਹਤ ਮੰਤਰੀ ਵਿਚਾਲੇ ਦੂਰੀਆਂ ਦਿਸੀਆਂ

ਚੰਡੀਗੜ੍ਹ – ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਅਤੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵਿਚਕਾਰ ਛਿੜੇ ਵਿਵਾਦ ਤੋਂ ਬਾਅਦ ਅੱਜ ਪਹਿਲੀ ਵਾਰ ਮੁੱਖ ਮੰਤਰੀ ਭਗਵੰਤ ਮਾਨ ਨਾਲ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ’ਤੇ ਸਿਹਤ ਮੰਤਰੀ ਨੇ ਮੁਲਾਕਾਤ ਕੀਤੀ।

ਮੁੱਖ ਮੰਤਰੀ ਨੇ ਸੂਬੇ ਵਿੱਚ ਕਰੋਨਾ ਦੇ ਵਧਦੇ ਕੇਸਾਂ, ਡੇਂਗੂ ਅਤੇ ਮਲੇਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਕੀਤੇ ਪ੍ਰਬੰਧਾਂ ਦੀ ਸਮੀਖਿਆ ਕੀਤੀ। ਇਸ ਮੌਕੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਵਿੱਚ ਦੂਰੀਆਂ ਨਜ਼ਰ ਆਈਆਂ। ਮੁੱਖ ਮੰਤਰੀ ਨੇ ਮੀਟਿੰਗ ਵਿੱਚ ਵੀ ਸਿਹਤ ਮੰਤਰੀ ਦੀ ਥਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਵੱਧ ਰਾਬਤਾ ਰੱਖਿਆ। ਜ਼ਿਕਰਯੋਗ ਹੈ ਕਿ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਅਤੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵਿਚਕਾਰ ਹੋਏ ਵਿਵਾਦ ਤੋਂ ਬਾਅਦ ‘ਆਪ’ ਸਰਕਾਰ ਦੇ ਮੰਤਰੀਆਂ ਦੇ ਵਤੀਰੇ ਸਬੰਧੀ ਸੂਬੇ ਭਰ ’ਚ ਚਰਚਾਵਾਂ ਚੱਲ ਰਹੀਆਂ ਹਨ। ਉਸ ਦੇ ਬਾਵਜੂਦ ਮੁੱਖ ਮੰਤਰੀ ਨੇ ਸਿਹਤ ਮੰਤਰੀ ਨੂੰ ਇਕੱਲੇ ਵਿੱਚ ਕੋਈ ਸਮਾਂ ਨਹੀਂ ਦਿੱਤਾ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਦੁਪਹਿਰ ਸਮੇਂ ਮੀਟਿੰਗ ਰੱਖੀ। ਇਹ ਮੀਟਿੰਗ ਇਕ ਘੰਟੇ ਦੇ ਕਰੀਬ ਚੱਲੀ। ਉਸੇ ਸਮੇਂ ਹੀ ਸਿਹਤ ਮੰਤਰੀ ਚੇਤਨ ਜੌੜੇਮਾਜਰਾ ਵੀ ਹਾਜ਼ਰ ਰਹੇ ਹਨ। ਇਸ ਸਬੰਧੀ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨਾਲ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ। ਗੌਰਤਲਬ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨਾਲ ਸੰਪਰਕ ਕਰਕੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਸਿਹਤ ਮੰਤਰੀ ਇਸ ਮੁੱਦੇ ’ਤੇ ਕੁਝ ਬੋਲਣ ਲਈ ਤਿਆਰ ਨਹੀਂ ਹਨ। ਦੂਜੇ ਪਾਸੇ ਪਾਰਟੀ ਦਾ ਆਈਟੀ ਵਿੰਗ ਵੀ ਸਿਹਤ ਮੰਤਰੀ ਦਾ ਬਚਾਅ ਕਰਦਾ ਦਿਖਾਈ ਦੇ ਰਿਹਾ ਹੈ। ਇਸੇ ਦੌਰਾਨ ਸੂਬੇ ਵਿੱਚ ਵੱਧ ਰਹੇ ਵਿਵਾਦ ਨੂੰ ਵੇਖਦੇ ਹੋਏ ਸਿਹਤ ਮੰਤਰੀ ਦਾ ਵਿਭਾਗ ਬਦਲਣ ਦੀਆਂ ਚਰਚਾਵਾਂ ਵੀ ਜ਼ੋਰਾਂ ’ਤੇ ਚੱਲ ਰਹੀਆਂ ਹਨ। ਅੱਜ ਦਿਨ ਭਰ ‘ਆਪ’ ਪਾਰਟੀ ਦੇ ਆਗੂਆਂ ਵਿੱਚ ਵੀ ਵਿਭਾਗ ਬਦਲਣ ਸਬੰਧੀ ਚਰਚਾਵਾਂ ਚਲਦੀਆਂ ਰਹੀਆਂ। ਪਾਰਟੀ ਆਗੂਆਂ ਦਾ ਵੀ ਮੰਨਣਾ ਹੈ ਕਿ ਮੁੱਖ ਮੰਤਰੀ ਵੱਲੋਂ ਸਿਹਤ ਮੰਤਰੀ ਦਾ ਵਿਭਾਗ ਬਦਲਿਆ ਜਾ ਸਕਦਾ ਹੈ।