ਹਰਭਜਨ ਸਿੰਘ ਨੇ ਅਫ਼ਗ਼ਾਨ ਸਿੱਖਾਂ ਤੇ ਗੁਰਦੁਆਰਿਆਂ ਉੱਤੇ ਹਮਲਿਆਂ ਦਾ ਮੁੱਦਾ ਸੰਸਦ ’ਚ ਚੁੱਕਿਆ

ਹਰਭਜਨ ਸਿੰਘ ਨੇ ਅਫ਼ਗ਼ਾਨ ਸਿੱਖਾਂ ਤੇ ਗੁਰਦੁਆਰਿਆਂ ਉੱਤੇ ਹਮਲਿਆਂ ਦਾ ਮੁੱਦਾ ਸੰਸਦ ’ਚ ਚੁੱਕਿਆ

ਅਫ਼ਗ਼ਾਨ ਸਿੱਖਾਂ ਦੀ ਤੇਜ਼ੀ ਨਾਲ ਘਟਦੀ ਆਬਾਦੀ ’ਤੇ ਫ਼ਿਕਰ ਜਤਾਇਆ

ਨਵੀਂ ਦਿੱਲੀ – ਸਾਬਕਾ ਕ੍ਰਿਕਟਰ ਤੇ ‘ਆਪ’ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਅੱਜ ਸੰਸਦ ਵਿੱਚ ਅਫ਼ਗ਼ਾਨਿਸਤਾਨ ਵਿੱਚ ਪਿਛਲੇ ਦਿਨੀਂ ਗੁਰਦੁਆਰਿਆਂ ਤੇ ਸਿੱਖਾਂ ’ਤੇ ਹਮਲਿਆਂ ਦਾ ਮੁੱਦਾ ਚੁੱਕਿਆ। ਉਨ੍ਹਾਂ ਅਫ਼ਗ਼ਾਨ ਸਿੱਖਾਂ ਦੀ ਤੇਜ਼ੀ ਨਾਲ ਘਟਦੀ ਆਬਾਦੀ ’ਤੇ ਫ਼ਿਕਰ ਜ਼ਾਹਿਰ ਕੀਤਾ। ਉਪਰਲੇ ਸਦਨ ਵਿੱਚ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਚੁੱਕਦਿਆਂ ਹਰਭਜਨ ਨੇ ਹੈਰਾਨੀ ਜਤਾਈ ਕਿ ਸਿਰਫ਼ ਸਿੱਖਾਂ ’ਤੇ ਹੀ ਹਮਲੇ ਕਿਉਂ ਹੋ ਰਹੇ ਹਨ। ਸਾਬਕਾ ਕ੍ਰਿਕਟਰ ਨੇ ਕਿਹਾ, ‘‘ਮੈਂ ਅਫ਼ਗ਼ਾਨਿਸਤਾਨ ਵਿੱਚ ਸਿੱਖਾਂ ਤੇ ਗੁੁਰਦੁਆਰਿਆਂ ’ਤੇ ਹਮਲਿਆਂ ਬਾਰੇ ਬੋਲਣ ਲਈ ਖੜ੍ਹਾ ਹੋਇਆ ਹਾਂ। ਇਹ ਕੋਈ ਅਜਿਹਾ ਮਸਲਾ ਨਹੀਂ, ਜਿਸ ਨਾਲ ਸਿਰਫ਼ ਕੁੱਲ ਆਲਮ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ, ਬਲਕਿ ਇਹ ਇਕ ਸਿੱਖ ਹੋਣ ਦੀ ਪਛਾਣ ’ਤੇ ਹਮਲਾ ਹੈ…ਅਜਿਹੇ ਹਮਲੇ ਸਿਰਫ਼ ਸਾਡੇ ’ਤੇ ਹੀ ਕਿਉਂ ਹੁੰਦੇ ਹਨ।’’ ਸਿੰਘ ਨੇ ਕਿਹਾ, ‘‘…ਸਾਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹੈ।’’ ‘ਆਪ’ ਮੈਂਬਰ ਨੇ ਕਿਹਾ ਕਿ ਪਿਛਲੇ ਕੁਝ ਦਹਾਕਿਆਂ ਵਿੱਚ ਅਫ਼ਗ਼ਾਨਿਸਤਾਨ ਵਿੱਚ ਸਿੱਖਾਂ ਤੇ ਹਿੰਦੂਆਂ ਦੀ ਆਬਾਦੀ ਤੇਜ਼ੀ ਨਾਲ ਘਟੀ ਹੈ। ਹਰਭਜਨ ਸਿੰਘ ਨੇ ਕੋਵਿਡ-19 ਮਹਾਮਾਰੀ ਦਰਮਿਆਨ ਗੁਰਦੁਆਰਿਆਂ ਵੱਲੋਂ ਖੁਰਾਕ ਤੇ ਆਕਸੀਜਨ ਮੁਹੱਈਆ ਕਰਵਾਉਣ ਵਿੱਚ ਨਿਭਾਈ ਭੂਮਿਕਾ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਆਜ਼ਾਦੀ ਲਈ ਕੀਤੇ ਸੰਘਰਸ਼ ਵਿੱਚ ਸਿੱਖਾਂ ਦਾ ਯੋਗਦਾਨ ਕਿਸੇ ਤੋਂ ਲੁਕਿਆ ਨਹੀਂ ਹੈ। ਦੇਸ਼ ਦੀ ਜੀਡੀਪੀ ਨੂੰ ਉਪਰ ਚੁੱਕਣ ਤੇ ਰੁਜ਼ਗਾਰ ਸਿਰਜਣਾ ਵਿੱਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਹੈ। ਹਰਭਜਨ ਸਿੰਘ ਨੇ ਜ਼ੋਰ ਦੇ ਕੇ ਆਖਿਆ ਕਿ ਸਿੱਖ ਭਾਈਚਾਰੇ ਦੀ ਭਾਰਤ ਤੇ ਹੋਰਨਾਂ ਮੁਲਕਾਂ ਦਰਮਿਆਨ ਰਿਸ਼ਤਿਆਂ ਵਿੱਚ ਮਜ਼ਬੂਤ ਸਾਂਝ ਰਹੀ ਹੈ।