ਸਕੂਲੀ ਬੱਚਿਆਂ ਨੂੰ ਦੇਸ਼ ਭਗਤ ਬਣਾ ਰਹੇ ਹਾਂ: ਕੇਜਰੀਵਾਲ

ਸਕੂਲੀ ਬੱਚਿਆਂ ਨੂੰ ਦੇਸ਼ ਭਗਤ ਬਣਾ ਰਹੇ ਹਾਂ: ਕੇਜਰੀਵਾਲ

ਦਿੱਲੀ ਸਰਕਾਰ ਦਾ ਸਕੂਲੀ ਬੱਚਿਆਂ ਲਈ ਹੈਪੀਨੈੱਸ ਉਤਸਵ ਸਮਾਪਤ; ਪੰਜਾਬ ਤੋਂ ਆਏ 170 ਅਧਿਆਪਕਾਂ ਤੇ ਅਧਿਕਾਰੀਆਂ ਨੇ ਭਾਗ ਲਿਆ

ਨਵੀਂ ਦਿੱਲੀ – ਦਿੱਲੀ ਸਰਕਾਰ ਦੇ ਹੈਪੀਨੈੱਸ ਪਾਠਕ੍ਰਮ ਦੇ ਚਾਰ ਸਾਲ ਪੂਰੇ ਹੋਣ ’ਤੇ ਤਿਆਗਰਾਜ ਸਟੇਡੀਅਮ ’ਚ ਕਰਵਾਏ ਗਏ ‘ਹੈਪੀਨੈੱਸ ਫੈਸਟੀਵਲ’ ਅੱਜ ਸਮਾਪਤ ਹੋ ਗਿਆ। ਇਸ ਦੌਰਾਨ ਰਾਜ ਯੋਗ ਮੈਡੀਟੇਸ਼ਨ ਦੀ ਅਧਿਆਪਕ ਬ੍ਰਹਮ ਕੁਮਾਰੀ ਸ਼ਿਵਾਨੀ ਨੇ ਸਾਰਿਆਂ ਨੂੰ ਖੁਸ਼ ਰਹਿਣ ਦੇ ਗੁਰ ਦੱਸੇ। ਇਸ ਸਮਾਗਮ ’ਚ ਪੰਜਾਬ ਤੋਂ ਆਏ 170 ਅਧਿਆਪਕਾਂ ਤੇ ਅਧਿਕਾਰੀਆਂ ਨੇ ਵੀ ਭਾਗ ਲਿਆ।

ਉਨ੍ਹਾਂ ਦਾ ਸਵਾਗਤ ਕਰਦਿਆਂ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ, ‘ਕੱਲ੍ਹ ਮੈਂ ਪੰਜਾਬ ਤੋਂ ਆਏ ਅਧਿਆਪਕਾਂ ਨਾਲ ਗੱਲਬਾਤ ਕੀਤੀ ਸੀ। ਅੱਜ ਸਾਡੇ ਕੋਲ ਇਸ ਸਮਾਗਮ ’ਚ ਇੱਕ ਵਿਸ਼ੇਸ਼ ਮਹਿਮਾਨ ਹੈ। ਮੈਂ ਉਨ੍ਹਾਂ ਦਾ ਦਿਲੋਂ ਸੁਆਗਤ ਕਰਦਾ ਹਾਂ।’ ਸਮਾਗਮ ਦੇ ਮੁੱਖ ਮਹਿਮਾਨ ਅਰਵਿੰਦ ਕੇਜਰੀਵਾਲ ਨੇ ਕਿਹਾ, ‘ਅਸੀਂ ਸਕੂਲਾਂ ਵਿੱਚ ਬੱਚਿਆਂ ਨੂੰ ਦੇਸ਼ ਭਗਤ ਬਣਾ ਰਹੇ ਹਾਂ, ਜੋ ਆਉਣ ਵਾਲੇ ਸਮੇਂ ਵਿੱਚ ਦੇਸ਼ ਵਿੱਚ ਨਫ਼ਰਤ ਦਾ ਨਹੀਂ, ਪਿਆਰ ਦਾ ਸੰਦੇਸ਼ ਦੇਣਗੇ। ਅਸੀਂ ਆਪਣੇ ਸਕੂਲਾਂ ਵਿੱਚ ਬੱਚਿਆਂ ਨੂੰ ਚੰਗੇ ਇਨਸਾਨ, ਕੱਟੜ ਦੇਸ਼ ਭਗਤ ਅਤੇ ਘੱਟੋ-ਘੱਟ ਆਪਣਾ ਢਿੱਡ ਭਰਨ ਦੇ ਕਾਬਲ ਬਣਨਾ ਸਿਖਾ ਰਹੇ ਹਾਂ। ਸਕੂਲਾਂ ਵਿੱਚ ਪੜ੍ਹਦੇ ਸਾਡੇ ਬੱਚੇ ਦੇਸ਼ ਦਾ ਭਵਿੱਖ ਹਨ। ਭਵਿੱਖ ’ਚ ਦੇਸ਼ ਦੇ ਪ੍ਰਧਾਨ ਮੰਤਰੀ, ਮੁੱਖ ਮੰਤਰੀ, ਮੰਤਰੀ, ਡਾਕਟਰ ਤੇ ਇੰਜਨੀਅਰ ਇਨ੍ਹਾਂ ਬੱਚਿਆਂ ਵਿੱਚੋਂ ਹੀ ਨਿਕਲਣਗੇ। ਸਾਡੇ ਸਕੂਲਾਂ ਵਿੱਚੋਂ ਨਿਕਲਣ ਵਾਲੇ ਬੱਚਿਆਂ ਨੂੰ ਦੇਸ਼ ਨੂੰ ਚੰਗਾ ਮਾਹੌਲ ਦੇਣਾ ਚਾਹੀਦਾ ਹੈ ਤਾਂ ਜੋ ਸਾਡਾ ਦੇਸ਼ ਦੁਨੀਆਂ ਦਾ ਨੰਬਰ ਇੱਕ ਦੇਸ਼ ਬਣ ਸਕੇ।’ ਮਨੀਸ਼ ਸਿਸੋਦੀਆ ਨੇ ਕਿਹਾ ਕਿ ਉਨ੍ਹਾਂ ਸਕੂਲੀ ਬੱਚਿਆਂ ਨੂੰ ਖੁਸ਼ਹਾਲ ਤੇ ਚੰਗੇ ਇਨਸਾਨ ਬਣਾਉਣ ਦੀ ਜ਼ਿੰਮੇਵਾਰੀ ਲਈ ਹੈ ਅਤੇ ਇਸ ਲਈ ਹੈਪੀਨੈੱਸ ਪਾਠਕ੍ਰਮ ਨੂੰ ਆਧਾਰ ਬਣਾਇਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ’ਚ 18 ਲੱਖ ਬੱਚੇ ਹਰ ਰੋਜ਼ ਇੱਕੋ ਸਮੇਂ ਹੈਪੀਨੈੱਸ ਕਲਾਸਾਂ ’ਚ ਸ਼ਾਮਲ ਹੁੰਦੇ ਹਨ ਤੇ ਇਸ ਦਾ ਉਨ੍ਹਾਂ ’ਤੇ ਜ਼ਰੂਰ ਕੁਝ ਚੰਗਾ ਅਸਰ ਪਵੇਗਾ। ਇਸ ਦੌਰਾਨ ਮੈਡੀਟੇਸ਼ਨ ਦਾ ਸੈਸ਼ਨ ਵੀ ਹੋਇਆ। ਰਾਜਯੋਗ ਮੈਡੀਟੇਸ਼ਨ ਦੀ ਅਧਿਆਪਕਾ ਸਿਸਟਰ ਬ੍ਰਹਮ ਕੁਮਾਰੀ ਸ਼ਿਵਾਨੀ ਨੇ ਸਾਰਿਆਂ ਨੂੰ ਧਿਆਨ ਲਾਉਣਾ ਸਿਖਾਇਆ ਅਤੇ ਖੁਸ਼ ਰਹਿਣ ਦੇ ਗੁਰ ਦੱਸੇ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਪਹਿਲੀ ਵਾਰ ਦਿੱਲੀ ਸਰਕਾਰ ਅਜਿਹਾ ਪ੍ਰੋਗਰਾਮ ਕਰ ਰਹੀ ਹੈ ਅਤੇ ਬੱਚਿਆਂ ਦੇ ਮਾਨਸਿਕ ਵਿਕਾਸ ਲਈ ਸੋਚ ਰਹੀ ਹੈ।

ਸਿੰਗਾਪੁਰ ਨਾ ਜਾ ਸਕਣ ਲਈ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਉਂਦਾ: ਕੇਜਰੀਵਾਲ

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੌਮੀ ਰਾਜਧਾਨੀ ਦੇ ਲੈਫਟੀਨੈਂਟ ਗਵਰਨਰ ਵੀਕੇ ਸਕਸੈਨਾ ਵੱਲੋਂ ਯਾਤਰਾ ਸਬੰਧੀ ਉਨ੍ਹਾਂ ਦੀ ਮੰਗ ਠੁਕਰਾਏ ਜਾਣ ਤੋਂ ਬਾਅਦ ਵਿਸ਼ਵ ਸ਼ਹਿਰ ਸੰਮੇਲਨ ਲਈ ਸਿੰਗਾਪੁਰ ਨਾ ਜਾ ਸਕਣ ਲਈ ਉਹ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਉਂਦੇ। ਕੇਜਰੀਵਾਲ ਨੇ ਕਿਹਾ, ‘ਇਹ ਚੰਗਾ ਹੁੰਦਾ ਜੇ ਮੈਂ ਜਾ ਕੇ ਆਪਣੀ ਗੱਲ ਰੱਖ ਸਕਦਾ ਤੇ ਭਾਰਤ ਵਿੱਚ ਕੀਤੇ ਜਾ ਰਹੇ ਕੰਮ ਨੂੰ ਦੁਨੀਆ ਨਾਲ ਸਾਂਝਾ ਕਰ ਸਕਦਾ। ਮੈਂ ਇਸ ਲਈ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ ਰਿਹਾ ਹਾਂ।’ ਉਨ੍ਹਾਂ ਦੀ ਇਹ ਟਿੱਪਣੀ ਤੋਂ ਇੱਕ ਦਿਨ ਪਹਿਲਾਂ ਦਿੱਲੀ ਸਰਕਾਰ ਨੇ ਕੇਂਦਰ ’ਤੇ ਮੁੱਖ ਮੰਤਰੀ ਨੂੰ ਸਿੰਗਾਪੁਰ ਜਾਣ ਦੀ ਇਜਾਜ਼ਤ ਨਾ ਦੇਣ ਦਾ ਦੋਸ਼ ਲਾਉਂਦਿਆਂ ਕਿਹਾ ਸੀ ਕਿ ਇਸ ਨਾਲ ਦੇਸ਼ ਤੇ ਸ਼ਹਿਰ ਦਾ ‘ਅਪਮਾਨ’ ਹੋਇਆ ਹੈ। ਦਿੱਲੀ ਸਰਕਾਰ ਨੇ ਕਿਹਾ ਕਿ ਉਦੋਂ ਤੱਕ ਨਾ ਸਿਰਫ ਬਹੁਤ ਜ਼ਿਆਦਾ ਦੇਰੀ ਹੋਈ ਸੀ ਬਲਕਿ ਯਾਤਰਾ ਦੀਆਂ ਰਸਮਾਂ ਪੂਰੀਆਂ ਕਰਨ ਲਈ 20 ਜੁਲਾਈ ਦੀ ਆਖਰੀ ਮਿਤੀ ਵੀ ਲੰਘ ਗਈ ਸੀ।