ਫਰੀਦਕੋਟ ਦੇ ਰਾਜਾ ਹਰਿੰਦਰ ਸਿੰਘ ਦੀ ਵਸੀਅਤ ਬਾਰੇ ਸੁਪਰੀਮ ਕੋਰਟ ਵਿੱਚ ਸੁਣਵਾਈ ਮੁਕੰਮਲ

ਫਰੀਦਕੋਟ ਦੇ ਰਾਜਾ ਹਰਿੰਦਰ ਸਿੰਘ ਦੀ ਵਸੀਅਤ ਬਾਰੇ ਸੁਪਰੀਮ ਕੋਰਟ ਵਿੱਚ ਸੁਣਵਾਈ ਮੁਕੰਮਲ

ਫ਼ਰੀਦਕੋਟ – ਫ਼ਰੀਦਕੋਟ ਰਿਆਸਤ ਦੇ ਆਖ਼ਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਵਸੀਅਤ ਸਹੀ ਜਾਂ ਗਲਤ ਹੋਣ ਬਾਰੇ ਅੰਤਮ ਫੈਸਲੇ ਲਈ ਸੁਪਰੀਮ ਕੋਰਟ ਵਿੱਚ ਸੁਣਵਾਈ ਮੁਕੰਮਲ ਹੋ ਗਈ ਹੈ। ਸਾਰੀਆਂ ਧਿਰਾਂ ਦੀ ਬਹਿਸ ਮੁਕੰਮਲ ਹੋਣ ਤੋਂ ਬਾਅਦ ਸੁਪਰੀਮ ਕੋਰਟ ਦੇ ਜੱਜ ਜਸਟਿਸ ਯੂਯੂ ਲਲਿਤ ਨੇ ਇਸ ਕੇਸ ਦਾ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਫ਼ਰੀਦਕੋਟ ਰਿਆਸਤ ਦੇ ਆਖ਼ਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਨੇ ਆਪਣੀ ਮੌਤ ਤੋਂ ਪਹਿਲਾਂ ਇਕ ਵਸੀਅਤ ਕਰਕੇ ਆਪਣੀ ਲੜਕੀ ਅੰਮ੍ਰਿਤਪਾਲ ਕੌਰ ਨੂੰ ਸ਼ਾਹੀ ਜਾਇਦਾਦ ’ਚੋਂ ਬੇਦਖਲ ਕਰ ਦਿੱਤਾ ਸੀ ਅਤੇ ਜਾਇਦਾਦ ਦੀ ਸੰਭਾਲ ਬਾਰੇ ਮਹਾਂਰਾਵਲ ਖੇਵਾ ਜੀ ਟਰੱਸਟ ਦੀ ਸਥਾਪਨਾ ਕੀਤੀ ਸੀ, ਜੋ ਹੁਣ ਦੇਸ਼ ਭਰ ਵਿੱਚ 20 ਹਜ਼ਾਰ ਕਰੋੜ ਤੋਂ ਵੱਧ ਦੀ ਜਾਇਦਾਦ ਦੀ ਸੰਭਾਲ ਕਰ ਰਿਹਾ ਹੈ। ਰਾਜ ਕੁਮਾਰੀ ਅੰਮ੍ਰਿਤ ਕੌਰ ਨੇ ਅਦਾਲਤ ਵਿੱਚ ਕੇਸ ਕਰ ਕੇ ਦਾਅਵਾ ਕੀਤਾ ਸੀ ਕਿ ਰਾਜਾ ਹਰਿੰਦਰ ਸਿੰਘ ਦੀ ਵਸੀਅਤ ਫਰਜ਼ੀ ਹੈ ਅਤੇ ਉਸ ਦੇ ਪਿਤਾ ਨੇ ਉਸ ਨੂੰ ਕਦੇ ਵੀ ਜਾਇਦਾਦ ’ਚੋਂ ਬੇਦਖ਼ਲ ਨਹੀਂ ਕੀਤਾ। ਹੁਣ ਤਕ ਤਿੰਨ ਅਦਾਲਤਾਂ ਰਾਜਾ ਹਰਿੰਦਰ ਸਿੰਘ ਦੀ ਵਸੀਅਤ ਨੂੰ ਰੱਦ ਕਰਨ ਦਾ ਹੁਕਮ ਦੇ ਚੁੱਕੀਆਂ ਹਨ, ਜਿਨ੍ਹਾਂ ਖ਼ਿਲਾਫ਼ ਅਪੀਲ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਸੀ। ਅੱਜ ਸੁਪਰੀਮ ਕੋਰਟ ਵਿੱਚ ਇਸ ਅਪੀਲ ਦੀ ਸੁਣਵਾਈ ਮੁਕੰਮਲ ਹੋ ਗਈ ਹੈ ਅਤੇ ਅਗਲੇ ਦੋ ਦਿਨਾਂ ਵਿੱਚ ਇਸ ਬਾਰੇ ਕੋਈ ਅੰਤਮ ਫੈਸਲਾ ਆਉਣ ਦੀ ਸੰਭਾਵਨਾ ਹੈ।