ਅਧੀਰ ਰੰਜਨ ਦੀ ਟਿੱਪਣੀ ਤੋਂ ਸੰਸਦ ’ਚ ਹੰਗਾਮਾ

ਅਧੀਰ ਰੰਜਨ ਦੀ ਟਿੱਪਣੀ ਤੋਂ ਸੰਸਦ ’ਚ ਹੰਗਾਮਾ

ਭਾਜਪਾ ਨੇ ਕਾਂਗਰਸ ਉਤੇ ਰਾਸ਼ਟਰਪਤੀ ਦੇ ਅਪਮਾਨ ਦਾ ਲਾਇਆ ਦੋਸ਼

ਨਵੀਂ ਦਿੱਲੀ-ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਦੀ ‘ਰਾਸ਼ਟਰਪਤਨੀ’ ਟਿੱਪਣੀ ’ਤੇ ਅੱਜ ਵੱਡਾ ਸਿਆਸੀ ਹੰਗਾਮਾ ਹੋ ਗਿਆ। ਭਾਜਪਾ ਨੇ ਵਿਰੋਧੀ ਧਿਰ ’ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਅਪਮਾਨ ਦਾ ਦੋਸ਼ ਲਾਇਆ ਅਤੇ ਮੰਗ ਕੀਤੀ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇਸ਼ ਤੋਂ ਮੁਆਫ਼ੀ ਮੰਗਣ। ਸੰਸਦ ਦੇ ਅੰਦਰ ਅਤੇ ਬਾਹਰ ਹਮਲਾਵਰ ਰੁਖ਼ ਅਪਣਾਉਂਦਿਆਂ ਕੇਂਦਰੀ ਮੰਤਰੀਆਂ ਨਿਰਮਲਾ ਸੀਤਾਰਾਮਨ ਅਤੇ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਚੌਧਰੀ ਨੇ ਜਾਣ-ਬੁੱਝ ਕੇ ਅਜਿਹੇ ਸ਼ਬਦ ਦੀ ਵਰਤੋਂ ਕੀਤੀ ਹੈ ਜਿਸ ਨਾਲ ਮੁਰਮੂ ਤੇ ਉਨ੍ਹਾਂ ਦੇ ਅਹੁਦੇ ਦਾ ਅਪਮਾਨ ਹੋਵੇਗਾ ਅਤੇ ਇਹ ਦੇਸ਼ ਦੀਆਂ ਕਦਰਾਂ-ਕੀਮਤਾਂ ਖ਼ਿਲਾਫ਼ ਹੈ। ਭਾਜਪਾ ਮੈਂਬਰਾਂ ਵੱਲੋਂ ਪ੍ਰਦਰਸ਼ਨ ਕਾਰਨ ਸੰਸਦ ਦੇ ਦੋਵੇਂ ਸਦਨਾਂ ਦੀ ਕਾਰਵਾਈ ਵਾਰ-ਵਾਰ ਠੱਪ ਹੁੰਦੀ ਰਹੀ। ਇਸ ਦੌਰਾਨ ਸੋਨੀਆ ਅਤੇ ਸਮ੍ਰਿਤੀ ਇਰਾਨੀ ਵੀ ਲੋਕ ਸਭਾ ’ਚ ਆਹਮੋ-ਸਾਹਮਣੇ ਆ ਗਈਆਂ। ਸੋਨੀਆ ਉੱਠ ਕੇ ਹੁਕਮਰਾਨ ਧਿਰ ਵੱਲ ਗਈ ਅਤੇ ਭਾਜਪਾ ਮੈਂਬਰ ਰਮਾ ਦੇਵੀ ਤੋਂ ਪੁੱਛਿਆ ਕਿ ਉਸ ਨੂੰ ਇਸ ਮੁੱਦੇ ’ਚ ਕਿਉਂ ਘੜੀਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਹੈ ਕਿ ਚੌਧਰੀ ਨੇ ਪਹਿਲਾਂ ਹੀ ਮੁਆਫ਼ੀ ਮੰਗ ਲਈ ਹੈ। ਇਸ ਦੌਰਾਨ ਇਰਾਨੀ, ਸੋਨੀਆ ਵੱਲ ਇਸ਼ਾਰੇ ਕਰਦਿਆਂ ਪ੍ਰਦਰਸ਼ਨ ਕਰਦੀ ਦੇਖੀ ਗਈ। ਪਹਿਲਾਂ ਤਾਂ ਸੋਨੀਆ ਨੇ ਸਮ੍ਰਿਤੀ ਇਰਾਨੀ ਨੂੰ ਅਣਗੌਲਿਆ ਕਰਨ ਦੀ ਕੋਸ਼ਿਸ਼ ਕੀਤੀ ਪਰ ਛੇਤੀ ਹੀ ਉਹ ਗੁੱਸੇ ’ਚ ਮੰਤਰੀ ਵੱਲ ਦੇਖਦਿਆਂ ਬੋਲਦੀ ਸੁਣੀ ਗਈ। ਐੱਨਸੀਪੀ ਮੈਂਬਰ ਸੁਪ੍ਰਿਯਾ ਸੂਲੇ ਅਤੇ ਤ੍ਰਿਣਮੂਲ ਮੈਂਬਰ ਅਪਾਰੂਪਾ ਪੋਦਾਰ ਕਾਂਗਰਸ ਪ੍ਰਧਾਨ ਨੂੰ ਦੂਰ ਲਿਜਾਂਦੇ ਦਿਖੇ ਕਿਉਂਕਿ ਭਾਜਪਾ ਮੈਂਬਰਾਂ ਨੇ ਰਮਾ ਦੇਵੀ ਅਤੇ ਸੋਨੀਆ ਨੂੰ ਘੇਰਾ ਪਾ ਲਿਆ ਸੀ। ਸੀਤਾਰਾਮਨ ਨੇ ਸੋਨੀਆ ’ਤੇ ਦੋਸ਼ ਲਾਇਆ ਕਿ ਉਹ ਭਾਜਪਾ ਮੈਂਬਰਾਂ ਨੂੰ ਧਮਕੀਆਂ ਦੇ ਲਹਿਜੇ ’ਚ ਬੋਲ ਰਹੀ ਸੀ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਟਵਿੱਟਰ ’ਤੇ ਇਰਾਨੀ ਦੇ ਰਵੱਈਏ ਨੂੰ ਗਲਤ ਕਰਾਰ ਦਿੱਤਾ। ਸਾਬਕਾ ਮੰਤਰੀ ਮਿਲਿੰਦ ਦਿਓੜਾ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਸੋਨੀਆ ਗਾਂਧੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਸੀਤਾਰਾਮਨ ਨੇ ਕਾਂਗਰਸ ਪ੍ਰਧਾਨ ਤੋਂ ਮੁਆਫ਼ੀ ਦੀ ਮੰਗ ਕਰਦਿਆਂ ਕਿਹਾ ਕਿ ਸੋਨੀਆ ਗਾਂਧੀ ਨੇ ਅਧੀਰ ਰੰਜਨ ਚੌਧਰੀ ਨੂੰ ਲੋਕ ਸਭਾ ਦਾ ਆਗੂ ਨਿਯੁਕਤ ਕੀਤਾ ਹੈ ਅਤੇ ਉਸ ਨੇ ਰਾਸ਼ਟਰਪਤੀ ਦਾ ਅਪਮਾਨ ਕੀਤਾ ਹੈ। ਰਾਜ ਸਭਾ ’ਚ ਕੇਂਦਰੀ ਮੰਤਰੀ ਨੇ ਕਿਹਾ,‘‘ਚੌਧਰੀ ਦੀ ਟਿੱਪਣੀ ਜ਼ੁਬਾਨ ਫਿਸਲਣ ਦਾ ਨਤੀਜਾ ਨਹੀਂ ਹੈ। ਜਦੋਂ ਪੂਰਾ ਮੁਲਕ ਆਦਿਵਾਸੀ ਪਿਛੋਕੜ ਦੀ ਖੁਦਮੁਖਤਾਰ ਮਹਿਲਾ ਦੀ ਰਾਸ਼ਟਰਪਤੀ ਵਜੋਂ ਚੋਣ ਦੇ ਜਸ਼ਨ ਮਨਾ ਰਿਹਾ ਹੈ ਤਾਂ ਉਨ੍ਹਾਂ ਖ਼ਿਲਾਫ਼ ਇਹ ਟਿੱਪਣੀ ਠੀਕ ਨਹੀਂ ਹੈ।’’ ਸਮ੍ਰਿਤੀ ਇਰਾਨੀ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਮੁਰਮੂ ਖ਼ਿਲਾਫ਼ ਉਸ ਸਮੇਂ ਤੋਂ ਮੁਹਿੰਮ ਚਲਾਈ ਹੋਈ ਹੈ ਜਦੋਂ ਤੋਂ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਉਮੀਦਵਾਰ ਐਲਾਨਿਆ ਸੀ। ਇਰਾਨੀ ਮੁਤਾਬਕ ਮੁਰਮੂ ਨੂੰ ਕਾਂਗਰਸ ਦੇ ਆਗੂਆਂ ਵੱਲੋਂ ‘ਕਠਪੁਤਲੀ’ ਅਤੇ ‘ਬੁਰਾਈ ਦਾ ਪ੍ਰਤੀਕ’ ਤੱਕ ਸੱਦਿਆ ਸੀ। ਲੋਕ ਸਭਾ ’ਚ ਇਰਾਨੀ ਨੇ ਕਿਹਾ,‘‘ਕਾਂਗਰਸ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੀਬ ਆਦਿਵਾਸੀ ਮਹਿਲਾ ਨੂੰ ਰਾਸ਼ਟਰਪਤੀ ਉਮੀਦਵਾਰ ਬਣਾਇਆ ਹੈ।

ਅਧੀਰ ਰੰਜਨ ਚੌਧਰੀ ਦੀ ਟਿੱਪਣੀ ਆਦਿਵਾਸੀ, ਗਰੀਬ ਅਤੇ ਮਹਿਲਾ ਵਿਰੋਧੀ ਹੈ।’’ ਰਾਜ ਸਭਾ ’ਚ ਸਦਨ ਦੇ ਆਗੂ ਪਿਯੂਸ਼ ਗੋਇਲ ਨੇ ਦੋਸ਼ ਲਾਇਆ ਕਿ ਕਾਂਗਰਸ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਕੇ ਰਾਸ਼ਟਰਪਤੀ ਦਾ ਅਪਮਾਨ ਕਰ ਰਹੀ ਹੈ ਅਤੇ ਉਹ ਰਾਸ਼ਟਰਪਤੀ ਅਹੁਦੇ ਨੂੰ ਵੀ ਜਾਤ ਅਤੇ ਧਰਮ ਦੇ ਨਜ਼ਰੀਏ ਰਾਹੀਂ ਦੇਖਣਾ ਚਾਹੁੰਦੀ ਹੈ। ‘ਚੌਧਰੀ ਨੇ ਅੱਜ ਮੁੜ ਰਾਸ਼ਟਰਪਤੀ ਦਾ ਅਪਮਾਨ ਕੀਤਾ ਜਦੋਂ ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਬ੍ਰਾਹਮਣ ਜਾਂ ਆਦਿਵਾਸੀ ਹੋ ਸਕਦਾ ਹੈ।’ ਕੇਂਦਰੀ ਮੰਤਰੀਆਂ ਸਣੇ ਭਾਜਪਾ ਦੀਆਂ ਮਹਿਲਾ ਸੰਸਦ ਮੈਂਬਰਾਂ ਨੇ ਚੌਧਰੀ ਖ਼ਿਲਾਫ਼ ਸੰਸਦ ਭਵਨ ’ਚ ਵੀ ਪ੍ਰਦਰਸ਼ਨ ਕੀਤਾ। ਸੰਸਦ ਭਵਨ ਦੇ ਗੇਟ ਨੰਬਰ ਇਕ ’ਤੇ ਸੀਤਾਰਾਮਨ ਅਤੇ ਖੇਤੀ ਰਾਜ ਮੰਤਰੀ ਸ਼ੋਭਾ ਕਰਾਂਦਲਜੇ ਸਮੇਤ ਹੋਰ ਮਹਿਲਾ ਮੈਂਬਰਾਂ ਨੇ ਤਖ਼ਤੀਆਂ ਲੈ ਕੇ ਚੌਧਰੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਉਸ ਨੂੰ ਮੁਆਫ਼ੀ ਮੰਗਣ ਲਈ ਕਿਹਾ।