ਰਿਪੁਦਮਨ ਮਲਿਕ ਦੀ ਹੱਤਿਆ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ

ਰਿਪੁਦਮਨ ਮਲਿਕ ਦੀ ਹੱਤਿਆ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ

ਸਰੀ ਦੀ ਅਦਾਲਤ ਨੇ 10 ਅਗਸਤ ਤੱਕ ਦਾ ਦਿੱਤਾ ਰਿਮਾਂਡ

ਵੈਨਕੂਵਰ – ਉੱਘੇ ਸਿੱਖ ਕਾਰੋਬਾਰੀ ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਦੇ ਦੋਸ਼ ਹੇਠ ਕੈਨੇਡਾ ਪੁਲੀਸ ਨੇ ਦੋ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ’ਚੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਟੈਨਰ ਫੌਕਸ (21) ਵਾਸੀ ਐਬਟਸਫੋਰਡ ਅਤੇ ਜੋਸ ਲੋਪੇਜ਼ (23) ਵਾਸੀ ਨਿਊ ਵੈਸਟਮਿੰਸਟਰ ਉਤੇ ਪਹਿਲਾ ਦਰਜਾ ਕਤਲ (ਮਿੱਥ ਕੇ ਜਾਨੋਂ ਮਾਰਨਾ) ਕਰਨ ਦੇ ਦੋਸ਼ ਲਗਾਏ ਹਨ। ਦੋਹਾਂ ਨੂੰ ਸਰੀ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਜਿਥੋਂ ਉਨ੍ਹਾਂ ਨੂੰ 10 ਅਗਸਤ ਤੱਕ ਲਈ ਰਿਮਾਂਡ ’ਤੇ ਭੇਜ ਦਿੱਤਾ ਗਿਆ।

ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ ਨੇ ਸਰੀ ’ਚ ਨਿਊਜ਼ ਕਾਨਫਰੰਸ ਕਰਕੇ ਮਲਿਕ ਦੀ ਹੱਤਿਆ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਖ਼ੁਲਾਸਾ ਕੀਤਾ। ਕਤਲਾਂ ਬਾਰੇ ਬਣੀ ਸੰਯੁਕਤ ਜਾਂਚ ਟੀਮ ਦੇ ਸੁਪਰਡੈਂਟ ਮਨਦੀਪ ਮੂਕਰ ਨੇ ਸੰਖੇਪ ਵਿਚ ਗ੍ਰਿਫ਼ਤਾਰੀਆਂ ਬਾਰੇ ਦੱਸਿਆ ਕਿ ਦੋਹਾਂ ਨੂੰ ਉਨ੍ਹਾਂ ਦੇ ਘਰੋਂ ਫੜਿਆ ਗਿਆ ਹੈ। ਮਲਿਕ ’ਤੇ ਹਮਲੇ ’ਚ ਵਰਤੇ ਗੲੇ ਹਥਿਆਰਾਂ ਬਾਰੇ ਪੁੱਛੇ ਗਏ ਸਵਾਲ ਨੂੰ ਉਨ੍ਹਾਂ ਕੇਸ ਅਦਾਲਤ ਵਿਚ ਹੋਣ ਕਾਰਨ ਟਾਲ ਦਿੱਤਾ। ਉਨ੍ਹਾਂ ਇਹ ਵੀ ਨਹੀਂ ਦੱਸਿਆ ਕਿ ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਪਿੱਛੇ ਮਕਸਦ ਕੀ ਸੀ ਜਾਂ ਕੀ ਇਸ ਸਾਜ਼ਿਸ਼ ਵਿਚ ਹੋਰ ਲੋਕ ਵੀ ਸ਼ਾਮਲ ਹਨ ਜਾਂ ਨਹੀਂ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਤਲ ਲਈ ਵਰਤੀ ਗਈ ਕਾਰ ਦੀ ਪਹਿਚਾਣ ਨਾਲ ਉਹ ਕਾਤਲਾਂ ਤੱਕ ਪਹੁੰਚਣ ਵਿਚ ਕਾਮਯਾਬ ਰਹੇ। ਉਨ੍ਹਾਂ ਕੇਸ ਸੁਲਝਾਉਣ ਲਈ ਪੁਲੀਸ ਦੀਆਂ ਵੱਖ ਵੱਖ ਟੀਮਾਂ ਦੀ ਪ੍ਰਸ਼ੰਸਾ ਵੀ ਕੀਤੀ। ਉਧਰ ਮਲਿਕ ਦੇ ਪੁੱਤਰ ਜਸਪ੍ਰੀਤ ਸਿੰਘ ਮਲਿਕ ਨੇ ਕਿਹਾ ਕਿ ਹੁਣ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਜਾਂਚ ਕਿਧਰ ਜਾ ਰਹੀ ਹੈ ਕਿਉਂਕਿ ਉਨ੍ਹਾਂ ਆਪਣੇ ਪਿਤਾ ਨੂੰ ਗੁਆ ਲਿਆ ਹੈ। ਉਂਜ ਉਨ੍ਹਾਂ ਕਿਹਾ ਕਿ ਉਹ ਨਿਆਂ ਪ੍ਰਣਾਲੀ ’ਤੇ ਵਿਸ਼ਵਾਸ ਕਰਦੇ ਹਨ ਅਤੇ ਦੋਸ਼ੀਆਂ ਖ਼ਿਲਾਫ਼ ਢੁੱਕਵੀਂ ਕਾਰਵਾਈ ਹੋਵੇਗੀ। ਜਸਪ੍ਰੀਤ ਨੇ ਕਿਹਾ ਕਿ ਪੁਲੀਸ ਨੇ ਅਜੇ ਇਹ ਨਹੀਂ ਦੱਸਿਆ ਹੈ ਕਿ ਉਨ੍ਹਾਂ ਦੇ ਪਿਤਾ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ।