ਸਮਰਥਨ ਮੁੱਲ ਦੀ ਗਾਰੰਟੀ ਸਬੰਧੀ ਕਮੇਟੀ ਕਿਸਾਨਾਂ ਨਾਲ ਕੋਝਾ ਮਜ਼ਾਕ: ਸੰਯੁਕਤ ਮੋਰਚਾ

ਸਮਰਥਨ ਮੁੱਲ ਦੀ ਗਾਰੰਟੀ ਸਬੰਧੀ ਕਮੇਟੀ ਕਿਸਾਨਾਂ ਨਾਲ ਕੋਝਾ ਮਜ਼ਾਕ: ਸੰਯੁਕਤ ਮੋਰਚਾ

31 ਨੂੰ ਪੰਜਾਬ ਵਿੱਚ ਰੇਲਾਂ ਰੋਕਣ ਦਾ ਅਹਿਦ ਦੁਹਰਾਇਆ; ਕੇਂਦਰ ਸਰਕਾਰ ’ਤੇ ਅੰਨਦਾਤੇ ਨਾਲ ਵਾਅਦਾ-ਖ਼ਿਲਾਫ਼ੀ ਕਰਨ ਦਾ ਦੋਸ਼ ਲਾਇਆ
ਪਟਿਆਲਾ – ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਇਥੇ ਅਨਾਜ ਮੰਡੀ ਵਿੱਚ ਕੀਤੀ ਗਈ ਪਟਿਆਲਾ ਜ਼ਿਲ੍ਹੇ ਦੀ ਕਨਵੈਨਸ਼ਨ ’ਚ ਪੁੱਜੇ ਹਜ਼ਾਰਾਂ ਕਿਸਾਨਾਂ ਨੇ ਕੇਂਦਰੀ ਹਕੂਮਤ ਵੱਲੋਂ ਐੱਮਐੱਸਪੀ ਦੇ ਨਾਂ ’ਤੇ ਬਣਾਈ ਕਮੇਟੀ ਨੂੰ ਕਿਸਾਨਾਂ ਨਾਲ ਕੋਝਾ ਮਜ਼ਾਕ ਕਰਾਰ ਦਿੰਦਿਆਂ ਇਸ ਕਮੇਟੀ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਹੈ। ਕਿਸਾਨਾਂ ਨੇ ਐਮਐੱਸਪੀ ਦੀ ਕਾਨੂੰਨੀ ਗਾਰੰਟੀ ਦਾ ਹੱਕ ਲੈਣ ਸਮੇਤ ਹੋਰਨਾਂ ਬਾਕੀ ਰਹਿੰਦੀਆਂ ਮੰਗਾਂ ਲਈ 31 ਜੁਲਾਈ ਨੂੰ ਪੰਜਾਬ ਭਰ ਵਿੱਚ ਲਗਾਤਾਰ ਚਾਰ ਘੰਟੇ ਲਈ ਰੇਲਾਂ ਦਾ ਚੱਕਾ ਜਾਮ ਕਰਨ ਦਾ ਅਹਿਦ ਵੀ ਲਿਆ।

ਅੱਜ ਦੀ ਇਸ ਕਨਵੈਨਸ਼ਨ ਵਿੱਚ ਜੁੜੇ ਵਿਸ਼ਾਲ ਇਕੱਠ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਕਈ ਸੂਬਾਈ ਆਗੂਆਂ ਨੇ ਵੀ ਸੰਬੋਧਨ ਕੀਤਾ। ਇਨ੍ਹਾਂ ’ਚ ਡਾ. ਦਰਸ਼ਨਪਾਲ, ਬੂਟਾ ਸਿੰਘ ਬੁਰਜਗਿੱਲ, ਸਤਨਾਮ ਬਹਿਰੂ, ਰਾਮਿੰਦਰ ਪਟਿਆਲਾ, ਬਲਦੇਵ ਨਿਹਾਲਗੜ੍ਹ, ਕੁਲਵੰਤ ਮੌਲਵੀਵਾਲਾ, ਮੇਜਰ ਪੂੰਨਾਵਾਲ ਤੇ ਧਰਮਪਾਲ ਸੀਲ ਨੇ ਆਦਿ ਦੇ ਨਾਮ ਸ਼ਾਮਲ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਦੀ ਕਿਸਾਨਾਂ ਨੇ ਖੇਤੀ ਵਿਰੋਧੀ ਤਿੰਨ ਕਾਨੂੰਨਾਂ ਵਿਰੁੱਧ ਇਤਿਹਾਸਕ ਅੰਦੋਲਨ ਲੜਿਆ ਅਤੇ ਜਿੱਤਿਆ। ਹੁਣ ਅੰਦੋਲਨ ਦਾ ਘੇਰਾ ਮੋਕਲਾ ਕਰਦਿਆਂ ਦੇਸ਼ ਦੀ ਹਕੂਮਤ ਵੱਲੋਂ ਜਾਰੀ ਰੱਖੀਆਂ ਜਾ ਰਹੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਮੁੜ ਤੋਂ ਜੇਹਾਦ ਵਿੱਢਿਆ ਜਾਵੇਗਾ। ਦੇਸ਼ ਭਰ ਵਿੱਚ ਹੋ ਰਹੀਆਂ ਕਨਵੈਨਸ਼ਨਾਂ ਨੂੰ ਦੂਸਰੇ ਦੌਰ ਦੇ ਕਿਸਾਨ ਅੰਦੋਲਨ ਦੀ ਤਿਆਰੀ ਦਾ ਮੁੱਢਲਾ ਪੜਾਅ ਦੱਸਦਿਆਂ ਉਨ੍ਹਾਂ ਕਿਹਾ ਕਿ ਸਾਰੀਆਂ ਫ਼ਸਲਾਂ ਦੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਕਿਸਾਨਾਂ ਦਾ ਹੱਕ ਹੈ ਜਿਸ ਨੂੰ ਕਿਸਾਨ ਹਾਸਲ ਕਰਕੇ ਹੀ ਰਹਿਣਗੇ। ਇਸ ਮੰਤਵ ਲਈ ਸੰਯੁਕਤ ਕਿਸਾਨ ਮੋਰਚਾ ਸੰਘਰਸ਼ ਨੂੰ ਅੱਗੇ ਵਧਾਏਗਾ।ਇਸੇ ਤਰਾਂ ਗੁਰਮੀਤ ਦਿੱਤੂਪੁਰ, ਰਣਜੀਤ ਆਕੜ, ਗੁਰਮੀਤ ਭੱਟੀਵਾਲ, ਅਵਤਾਰ ਭੇਡਪੁਰੀ, ਹਰਬੰਸ ਦਦਹੇੜਾ ਅਤੇ ਦਲਜੀਤ ਚੱਕ ਨੇ ਕਿਹਾ ਕਿ ਕੇਂਦਰ ਨੇ ਕਿਸਾਨਾਂ ਨਾਲ ਵਾਅਦਾ-ਖ਼ਿਲਾਫ਼ੀ ਕੀਤੀ ਹੈ। ਉਨ੍ਹਾਂ ਐਲਾਨ ਕੀਤਾ ਕਿ ਜਿਥੇ 31 ਜੁਲਾਈ ਨੂੰ ਰੇਲਾਂ ਦਾ ਚੱਕਾ ਜਾਮ ਹੋਵੇਗਾ, ਉਥੇ 18 ਤੋਂ 20 ਅਗਸਤ ਤੱਕ ਲਖੀਮਪੁਰ ਖੀਰੀ ਵਿੱਚ ਲੱਗਣ ਵਾਲੇ ਤਿੰਨ ਦਿਨਾਂ ਦੇ ਮੋਰਚੇ ਵਿੱਚ ਪੰਜਾਬ ਵਿੱਚੋਂ ਹਜ਼ਾਰਾਂ ਕਿਸਾਨ ਸ਼ਾਮਲ ਹੋਣਗੇ।

ਕਿਸਾਨ ਏਕਤਾ ਨੂੰ ਢਾਹ ਵਾਲਿਆਂ ਖ਼ਿਲਾਫ਼ ਸੁਚੇਤ ਰਹਿਣ ਦਾ ਹੋਕਾ

ਇਕੱਠ ਨੂੰ ਸੰਬੋਧਨ ਕਰਦਿਆਂ ਅਵਤਾਰ ਕੌਰਜੀਵਾਲਾ, ਦਵਿੰਦਰ ਪੂਨੀਆ, ਗੁਰਮੇਲ ਢਕੜੱਬਾ, ਪੂਰਨ ਚੰਦ ਨਨਹੇੜਾ, ਸੰਦੀਪ ਕੌਰ ਸਿੱਧੂਵਾਲ ਤੇ ਸੁਖਵਿੰਦਰ ਤੁੱਲੇਵਾਲ ਨੇ ਕਿਹਾ ਕਿ ਕਿਸਾਨ ਲਹਿਰ ਦੀ ਏਕਤਾ ਨੂੰ ਤੋੜਣ ਅਤੇ ਖਿੰਡਾਉਣ ਲਈ ਸਰਕਾਰਾਂ ਅਤੇ ਉਨ੍ਹਾਂ ਦੇ ਹੱਥਠੋਕਿਆਂ ਵੱਲੋਂ ਕਈ ਕਿਸਮ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ ਜਿਨ੍ਹਾਂ ਤੋਂ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਅਖੀਰ 31 ਜੁਲਾਈ ਨੂੰ ਰਾਜਪੁਰਾ ਵਿੱਚ ਦਿੱਲੀ-ਅੰਮ੍ਰਿਤਸਰ ਰੇਲ ਮਾਰਗ ਨੂੰ ਜਾਮ ਕਰਦਿਆਂ ਉਥੇ ਹੀ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਫੈਸਲਾ ਲਿਆ ਗਿਆ।