ਮੂਸੇਵਾਲਾ ਕਤਲ: ਸ਼ੂਟਰਾਂ ਦੀ ਗਿਣਤੀ 8 ਹੋਣ ਦਾ ਖਦਸ਼ਾ

ਮੂਸੇਵਾਲਾ ਕਤਲ: ਸ਼ੂਟਰਾਂ ਦੀ ਗਿਣਤੀ 8 ਹੋਣ ਦਾ ਖਦਸ਼ਾ

ਮਾਨਸਾ – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਸ਼ਾਰਪ ਸ਼ੂਟਰਾਂ ਦੀ ਗਿਣਤੀ ਨੂੰ ਲੈ ਕੇ ਗੈਂਗਸਟਰ ਗੋਲਡੀ ਬਰਾੜ ਨੇ ਦਾਅਵਾ ਕੀਤਾ ਹੈ ਕਿ ਅੱਠ ਜਾਣਿਆਂ ਨੇ ਪੰਜਾਬੀ ਗਾਇਕ ਨੂੰ ਮਾਰਿਆ ਸੀ, ਜਦੋਂ ਕਿ ਇਸ ਦੇ ਉਲਟ ਪੰਜਾਬ ਪੁਲੀਸ ਵੱੱਲੋਂ ਸਿਰਫ਼ ਛੇ ਸ਼ਾਰਪ ਸ਼ੂਟਰ ਦੱਸੇ ਜਾ ਰਹੇ ਹਨ। ਸ਼ੁਰੂਆਤੀ ਜਾਂਚ ਦੌਰਾਨ ਦਿੱਲੀ ਪੁਲੀਸ ਨੇ ਵੀ ਅੱਠ ਸ਼ਾਰਪ ਸ਼ੂਟਰਾਂ ਦੀ ਪਛਾਣ ਕੀਤੀ ਸੀ, ਪਰ ਹੁਣ ਉਹ ਵੀ ਸ਼ੂਟਰਾਂ ਦੀ ਗਿਣਤੀ ਛੇ ਦੱਸਣ ਲੱਗੇ ਹਨ। ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਮੰਨੂ ਦੇ ਮਾਰੇ ਜਾਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇਕ ਪੋਸਟ ਪਾ ਕੇ ਇਹ ਦਾਅਵਾ ਕੀਤਾ ਹੈ। ਗੋਲਡੀ ਬਰਾੜ ਵੱਲੋਂ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਵਿੱਚ ਮੁਕਾਬਲੇ ਦੌਰਾਨ ਮਾਰੇ ਗਏ ਸ਼ਾਰਪ ਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਦੀ ਭਰਪੂਰ ਸ਼ਲਾਘਾ ਕੀਤੀ ਗਈ ਹੈ। ਪੋਸਟ ਵਿੱਚ ਗੋਲਡੀ ਨੇ ਕਿਹਾ ਕਿ ਲੋਕ ਕਹਿ ਰਹੇ ਹਨ ਕਿ ਇਕੱਲੇ ਮੂਸੇਵਾਲਾ ਨੂੰ ਅੱਠ ਲੋਕਾਂ ਨੇ ਘੇਰ ਕੇ ਮਾਰ ਦਿੱਤਾ ਸੀ। ਇਸ ਤੋਂ ਪਹਿਲਾਂ ਮੂਸੇਵਾਲਾ ਕਤਲ ਕਾਂਡ ਦੀ ਜਾਂਚ ’ਚ ਲੱਗੇ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਅੱਠ ਸ਼ੂਟਰਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ, ਜਿਸ ਵਿੱਚ ਜਗਰੂਪ ਰੂਪਾ, ਮਨਪ੍ਰੀਤ ਮੰਨੂ, ਪ੍ਰਿਆਵਰਤ ਫੌਜੀ ਤੋਂ ਇਲਾਵਾ ਮਨਪ੍ਰੀਤ ਭੋਲੂ, ਸੁਭਾਸ਼ ਬਨੋਂਦਾ, ਸੰਤੋਸ਼ ਜਾਧਵ, ਸੌਰਵ ਮਹਾਕਾਲ ਅਤੇ ਹਰਕਮਲ ਰਾਣੂ ਦੇ ਨਾਂ ਸ਼ਾਮਲ ਸਨ। ਉਧਰ ਸ਼ੂਟਰਾਂ ਦੀ ਗਿਣਤੀ ਸਬੰਧੀ ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਕਿਹਾ ਕਿ ਸ਼ਾਰਪ ਸ਼ੂਟਰਾਂ ਦੀ ਗਿਣਤੀ ਛੇ ਹੀ ਹੈ, ਉਨ੍ਹਾਂ ਕਿਹਾ ਕਿ ਗੋਲਡੀ ਬਰਾੜ ਮਾਮਲੇ ਨੂੰ ਉਲਝਾਉਣ ਲਈ ਅਜਿਹੇ ਬੇਤੁਕੇ ਬਿਆਨ ਦੇ ਰਿਹਾ ਹੈ।