ਮਾਨ ਦੀ ਕੋਠੀ ਅੱਗੇ ਬੇਰੁਜ਼ਗਾਰਾਂ ਤੇ ਪੁਲੀਸ ਵਿਚਾਲੇ ਝੜਪ

ਮਾਨ ਦੀ ਕੋਠੀ ਅੱਗੇ ਬੇਰੁਜ਼ਗਾਰਾਂ ਤੇ ਪੁਲੀਸ ਵਿਚਾਲੇ ਝੜਪ

ਤਿੰਨ ਬੇਰੁਜ਼ਗਾਰਾਂ ਵੱਲੋਂ ਖ਼ੁਦ ਨੂੰ ਅੱਗ ਲਾਉਣ ਦਾ ਯਤਨ; ਪੁਲੀਸ ਵੱਲੋਂ ਲਾਠੀਚਾਰਜ ਤੇ ਜਲ ਤੋਪਾਂ ਦੀ ਵਰਤੋਂ
ਸੰਗਰੂਰ – ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਨ ਲਈ ਅੱਜ ਇੱਥੇ ਪੁੱਜੇ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਨੂੰ ਅੱਗੇ ਵਧਣ ਤੋਂ ਰੋਕਣ ਦੌਰਾਨ ਪੁਲੀਸ ਮੁਲਾਜ਼ਮਾਂ ਤੇ ਧਰਨਾਕਾਰੀਆਂ ਵਿਚਾਲੇ ਝੜਪ ਹੋ ਗਈ। ਇਸ ਮੌਕੇ ਪੁਲੀਸ ਵੱਲੋਂ ਬੇਰੁਜ਼ਗਾਰ ਅਧਿਆਪਕਾਂ ’ਤੇ ਲਾਠੀਚਾਰਜ ਕੀਤਾ ਗਿਆ ਅਤੇ ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ ਗਈਆਂ। ਇਸ ਦੌਰਾਨ ਕਈ ਬੇਰੁਜ਼ਗਾਰ ਅਧਿਆਪਕ ਜ਼ਖ਼ਮੀ ਹੋ ਗਏ ਤੇ ਵੱਡੀ ਗਿਣਤੀ ਧਰਨਾਕਾਰੀਆਂ ਦੀਆਂ ਪੱਗਾਂ ਲੱਥ ਗਈਆਂ। ਦੋ ਲੜਕੀਆਂ ਸਣੇ ਤਿੰਨ ਬੇਰੁਜ਼ਗਾਰ ਅਧਿਆਪਕਾਂ ਨੂੰ ਸਿਵਲ ਹਸਪਤਾਲ ਲੈ ਕੇ ਜਾਣਾ ਗਿਆ। ਪੁਲੀਸ ਨਾਲ ਹੋਈ ਝੜਪ ਮਗਰੋਂ ਰੋਹ ਵਿੱਚ ਆਏ ਬੇਰੁਜ਼ਗਾਰ ਅਧਿਆਪਕਾਂ ’ਚੋਂ ਦੋ ਲੜਕੀਆਂ ਤੇ ਇੱਕ ਲੜਕੇ ਨੇ ਪੁਲੀਸ ਦੀ ਮੌਜੂਦਗੀ ਵਿੱਚ ਆਪਣੇ ਉੱਪਰ ਤੇਲ ਛਿੜਕਦਿਆਂ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ, ਪਰ ਪੁਲੀਸ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਲਿਆ। ਧਰਨਾਕਾਰੀਆਂ ਤੇ ਪੁਲੀਸ ਵਿਚਾਲੇ ਕਰੀਬ ਦੋ ਘੰਟਿਆਂ ਤੱਕ ਇਹ ਜੱਦੋ-ਜਹਿਦ ਜਾਰੀ ਰਹੀ।

ਪ੍ਰਾਪਤ ਜਾਣਕਾਰੀ ਅਨੁਸਾਰ ਬੇਰੁਜ਼ਗਾਰ 646 ਪੀਟੀਆਈ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਲਾਭ ਸਿੰਘ ਭੋਲਾ ਦੀ ਅਗਵਾਈ ਹੇਠ ਅੱਜ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਪਹੁੰਚੇ ਬੇਰੁਜ਼ਗਾਰਾਂ ਨੇ ਜਿਉਂ ਹੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨਾਲ ਉਨ੍ਹਾਂ ਦੀ ਝੜਪ ਹੋ ਗਈ। ਪਾਣੀ ਦੀਆਂ ਬੁਛਾੜਾਂ ਵੱਜਣ ਕਾਰਨ ਸਿੱਪੀ ਸ਼ਰਮਾ ਅਤੇ ਨਿਸ਼ਾ ਫਾਜ਼ਿਲਕਾ ਨਾਂ ਦੀਆਂ ਲੜਕੀਆਂ ਬੇਹੋਸ਼ ਹੋ ਗਈਆਂ, ਜਿਨ੍ਹਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਇਸ ਦੌਰਾਨ ਮਨਜੀਤ ਸਿੰਘ ਮਲੋਟ, ਜਰਨੈਲ ਸਿੰਘ ਮੰਡਵੀ ਤੇ ਤਰਸੇਮ ਮੁੂਣਕ ਵੀ ਜ਼ਖ਼ਮੀ ਹੋ ਗਏ। ਦੋ ਲੜਕੀਆਂ ਸਣੇ ਇੱਕ ਹੋਰ ਲੜਕੇ ਲੱਕੀ ਸ਼ਾਹ ਨੇ ਜਦੋਂ ਖ਼ੁਦ ’ਤੇ ਤੇਲ ਪਾ ਕੇ ਅੱਗ ਲਾਉਣ ਦਾ ਯਤਨ ਕੀਤਾ ਤਾਂ ਪੁਲੀਸ ਵੱਲੋਂ ਵਰਤੀ ਗਈ ਅੱਗ ਬੁਝਾਉਣ ਵਾਲੀ ਗੈਸ ਉਸ ਦੀਆਂ ਅੱਖਾਂ ਵਿੱਚ ਪੈ ਗਈ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ। ਇਸ ਦੌਰਾਨ ਕੁਲਵਿੰਦਰ ਕੌਰ ਫਾਜ਼ਿਲਕਾ ਵੀ ਜ਼ਖ਼ਮੀ ਹੋਈ ਤੇ ਮਨਜੀਤ ਸਿੰਘ ਅਬੋਹਰ ਬੇਹੋਸ਼ ਹੋ ਗਿਆ।

ਡੀਐੱਸਪੀ ਨੇ ਇੱਕ ਪੱਤਰਕਾਰ ਦੀ ਲੱਤ ’ਤੇ ਡਾਂਗ ਮਾਰ ਦਿੱਤੀ, ਜਿਸ ਦਾ ਵਿਰੋਧ ਕਰਨ ’ਤੇ ਬਾਅਦ ਵਿੱਚ ਪੁਲੀਸ ਅਧਿਕਾਰੀ ਨੂੰ ਮੀਡੀਆ ਕੋਲੋਂ ਮੁਆਫ਼ੀ ਮੰਗਣੀ ਪਈ। ਸ਼ਾਮ ਕਰੀਬ 6 ਵਜੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 4 ਅਗਸਤ ਨੂੰ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਦਾ ਸਮਾਂ ਲੈ ਕੇ ਦਿੱਤੇ ਜਾਣ ਤੋਂ ਬਾਅਦ ਬੇਰੁਜ਼ਗਾਰ 646 ਪੀਟੀਆਈ ਅਧਿਆਪਕਾਂ ਵੱਲੋਂ ਧਰਨਾ ਸਮਾਪਤ ਕੀਤਾ ਗਿਆ।