ਗੈਂਗਸਟਰ ਨਤੀਜੇ ਭੁਗਤਣ ਲਈ ਤਿਆਰ ਰਹਿਣ: ਭਗਵੰਤ ਮਾਨ

ਗੈਂਗਸਟਰ ਨਤੀਜੇ ਭੁਗਤਣ ਲਈ ਤਿਆਰ ਰਹਿਣ: ਭਗਵੰਤ ਮਾਨ

ਮੁੱਖ ਮੰਤਰੀ ਵੱਲੋਂ ਸ਼ਹੀਦ ਕੁਲਦੀਪ ਸਿੰਘ ਦੇ ਪਰਿਵਾਰ ਨੂੰ 95 ਲੱਖ ਦਾ ਚੈੱਕ ਭੇਟ

ਜ਼ੀਰਾ – ਮੁੱਖ ਮੰਤਰੀ ਭਗਵੰਤ ਮਾਨ ਨੇ ਸਰਹੱਦ ’ਤੇ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਸ਼ਹੀਦ ਹੋਏ ਪਿੰਡ ਲਹੁਕੇ ਕਲਾਂ ਦੇ ਜਵਾਨ ਕੁਲਦੀਪ ਸਿੰਘ ਦੇ ਪਰਿਵਾਰ ਨਾਲ ਅੱਜ ਦੁੱਖ ਸਾਂਝਾ ਕੀਤਾ ਹੈ। ਇਸ ਮੌਕੇ ਮੁੱਖ ਮੰਤਰੀ ਨੇ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੂੰ 95 ਲੱਖ ਦਾ ਚੈੱਕ ਵੀ ਭੇਟ ਕੀਤਾ। ਉਨ੍ਹਾਂ ਨੇ ਸ਼ਹੀਦ ਦੀ ਪਤਨੀ ਨੂੰ ਨੌਕਰੀ ਦਿਵਾਉਣ ਦਾ ਵਾਅਦਾ ਕੀਤਾ ਅਤੇ ਪਿੰਡ ਵਿੱਚ ਸ਼ਹੀਦ ਦੇ ਨਾਮ ’ਤੇ ਸਟੇਡੀਅਮ ਬਣਵਾਉਣ ਦਾ ਭਰੋਸਾ ਦਿੱਤਾ। ਦੱਸਣਯੋਗ ਹੈ ਕਿ ਪਰਿਵਾਰ ਨੂੰ ਸ਼ਹੀਦ ਦੀ ਅੰਤਿਮ ਅਰਦਾਸ ਮੌਕੇ ਸੈਨਿਕ ਭਲਾਈ ਵਿਭਾਗ ਵੱਲੋਂ 5 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ ਸੀ। ਪੱਤਰਕਾਰਾਂ ਵੱਲੋਂ ਗੈਂਗਸਟਰਾਂ ਬਾਰੇ ਸਵਾਲ ਦੇ ਜਵਾਬ ਵਿੱਚ ਸ੍ਰੀ ਮਾਨ ਕਿਹਾ ਕਿ ਗੈਂਗਸਟਰ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ ਅਤੇ ਖ਼ੁਦ ਨੂੰ ਸੁਧਾਰਨ ਲਈ ਸਮਰਪਣ ਕਰ ਦੇਣ ਨਹੀਂ ਤਾਂ ਉਨ੍ਹਾਂ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਉੁਨ੍ਹ੍ਵਾਂ ਦੱਸਿਆ ਕਿ ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਵੇਖਦੇ ਹੋਏ 15 ਅਗਸਤ ਤੋਂ ਮਹੱਲਾ ਕਲੀਨਿਕ ਸ਼ੁਰੂ ਕਰ ਦਿੱਤੇ ਜਾਣਗੇ। ਪੰਜਾਬ ਵਿੱਚ ਨਵੇਂ 16 ਮੈਡੀਕਲ ਕਾਲਜ ਜਲਦ ਚਾਲੂ ਕਰ ਦਿੱਤੇ ਜਾਣਗੇ, ਜਦਕਿ ਸੂਬੇ ਵਿੱਚ 9 ਮੈਡੀਕਲ ਕਾਲਜ ਪਹਿਲਾਂ ਹੀ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਨਵੇਂ 16 ਮੈਡੀਕਲ ਕਾਲਜ ਚਾਲੂ ਹੋਣ ਨਾਲ ਸੂਬੇ ਵਿੱਚ ਮੈਡੀਕਲ ਕਾਲਜਾਂ ਦੀ ਗਿਣਤੀ 25 ਹੋ ਜਾਵੇਗੀ ਅਤੇ ਇਹ ਮੈਡੀਕਲ ਕਾਲਜ ਲੋਕਾਂ ਨੂੰ ਹਸਪਤਾਲ ਦੀਆਂ ਸੇਵਾਵਾਂ ਵੀ ਦੇਣਗੇ। ਇਸ ਸਮੇਂ ਪੱਤਰਕਾਰਾਂ ਨੇ ਮੁਫ਼ਤ ਟੌਲ ਪਲਾਜ਼ੇ ਸਬੰਧੀ ਗੱਲ ਕੀਤੀ ਗਈ ਤਾਂ ਉਹ ਟਾਲ ਮਟੋਲ ਕਰ ਗਏ ।