ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮਿਲਣ ਲੱਗੀਆਂ ਧਮਕੀਆਂ

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮਿਲਣ ਲੱਗੀਆਂ ਧਮਕੀਆਂ

ਜ਼ਿਆਦਾਤਰ ਫੋਨ ਕਾਲਾਂ ਪਾਕਿਸਤਾਨ ਤੋਂ ਆਈਆਂ; ਪੁਲੀਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ
ਮਾਨਸਾ – ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਤੋਂ ਬਾਅਦ ਹੁਣ ਉਸ ਦੇ ਪਿਤਾ ਬਲਕੌਰ ਸਿੰਘ ਨੂੰ ਧਮਕੀਆਂ ਮਿਲ ਰਹੀਆਂ ਹਨ। ਪੀੜਤ ਪਰਿਵਾਰ ਨੇ ਇਸ ਦੀ ਸ਼ਿਕਾਇਤ ਮਾਨਸਾ ਪੁਲੀਸ ਨੂੰ ਕੀਤੀ ਹੈ। ਪੁਲੀਸ ਦੀ ਮੁੱਢਲੀ ਪੜਤਾਲ ਅਨੁਸਾਰ ਇਨ੍ਹਾਂ ਧਮਕੀਆਂ ਦੀਆਂ ਜ਼ਿਆਦਾਤਰ ਫੋਨ ਕਾਲਾਂ ਪਾਕਿਸਤਾਨ ਤੋਂ ਆ ਰਹੀਆਂ ਹਨ। ਮਾਨਸਾ ਪੁਲੀਸ ਨੇ ਇਸ ਦੀ ਗੰਭੀਰਤਾ ਨਾਲ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਪਰਿਵਾਰ ਨੂੰ ਕਿਸੇ ਤਰ੍ਹਾਂ ਦਾ ਡਰ-ਭੈਅ ਨਾ ਮੰਨਣ ਅਤੇ ਸੁਰੱਖਿਆ ਦੇਣ ਦਾ ਭਰੋਸਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਜੁੜੇ ਦੋ ਸ਼ਾਰਪ ਸ਼ੂਟਰ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਮੰਨੂ ਨੂੰ ਮਾਨਸਾ ਪੁਲੀਸ ਨੇ ਅੰਮ੍ਰਿਤਸਰ ਵਿੱਚ ਮੁਕਾਬਲੇ ਦੌਰਾਨ ਢੇਰ ਕਰ ਦਿੱਤਾ ਹੈ, ਜਿਨ੍ਹਾਂ ਦੀ ਸਨਾਖ਼ਤ ਲਈ ਅੱਜ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਅ੍ਰਮਿਤਸਰ ਵਿੱਚ ਸੱਦਿਆ ਗਿਆ ਸੀ, ਪਰ ਪਰਿਵਾਰ ਇਨ੍ਹਾਂ ਦੋ ਸ਼ਾਰਪ ਸ਼ੂਟਰਾਂ ਦੀ ਮੌਤ ਤੋਂ ਬਾਅਦ ਵੀ ਸੰਤੁਸ਼ਟ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੰਜਾਬ ਵਿੱਚ ਗੈਂਗਸਟਰ ਕਲਚਰ ਖ਼ਤਮ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਖੁਦ ਨੂੰ ਇਨਸਾਫ਼ ਮਿਲਣਾ ਅਤੇ ਮੂਸੇਵਾਲਾ ਦੀ ਆਤਮਾ ਨੂੰ ਸ਼ਾਤੀ ਮਿਲਣ ਦੀ ਆਸ ਨਹੀਂ ਕਰ ਸਕਦੇ।

ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਇੱਕ ਪ੍ਰਸ਼ੰਸਕ ਨੇ ਕਾਤਲਾਂ ਨੂੰ ਸਖ਼ਤ ਸਜ਼ਾ ਦਿਵਾਉਣ ਦੀ ਵਕਾਲਤ ਕਰਦਿਆਂ ਸ਼ੋਸਲ ਮੀਡੀਆ ’ਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਤੋਂ ਕੁਝ ਵਿਅਕਤੀਆਂ ਨੂੰ ਤਕਲੀਫ਼ ਹੋਈ ਹੈ। ਪ੍ਰਸ਼ੰਸਕ ਨੂੰ ਪੋਸਟ ਪਾਉਣ ਦੇ ਬਦਲੇ ਪਾਕਿਸਤਾਨ ਤੋਂ ਫੋਨ ਅਤੇ ਐੱਸਐੱਮਐੱਸ ਕਰ ਕੇ ਅਜਿਹੀਆਂ ਪੋਸਟਾਂ ਪਾਉਣ ਤੋਂ ਗੁਰੇਜ਼ ਕਰਨ ਤੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਹਮਦਰਦੀ ਜਤਾਉਣ ਦੀ ਤੋਂ ਵਰਜਿਆ ਗਿਆ ਹੈ। ਧਮਕੀ ਵਿੱਚ ਕਿਹਾ ਗਿਆ ਹੈ ਕਿ ਅਜਿਹਾ ਸਭ ਕੁਝ ਬੰਦ ਨਾ ਕੀਤਾ ਤਾਂ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੀ ਮਾੜਾ ਹਾਲ ਹੋਵੇਗਾ।

ਜਾਣਕਾਰੀ ਮੁਤਾਬਕ ਪੁਲੀਸ ਵੱਲੋਂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪਰਿਵਾਰ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਪਰਿਵਾਰਕ ਮੈਂਬਰਾਂ ਨੂੰ ਹਰ ਥਾਂ ਬੁਲੇਟ ਪਰੂਫ਼ ਫਾਰਚੂਨਰ ਰਾਹੀਂ ਹੀ ਜਾਣ ਦੀ ਸਲਾਹ ਦਿੱਤੀ ਹੋਈ ਹੈ। ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਧਮਕੀ ਦੇਣ ਵਾਲਿਆਂ ਨੂੰ ਸਾਫ਼ ਕਿਹਾ ਹੈ ਕਿ ਉਹ ਆਪਣੇ ਪੁੱਤ ਨੂੰ ਇਨਸਾਫ਼ ਅਤੇ ਕਾਤਲਾਂ ਨੂੰ ਸਜ਼ਾ ਦਿਵਾ ਕੇ ਰਹਿਣਗੇ, ਭਾਵੇਂ ਉਸ ਲਈ ਜੋ ਮਰਜ਼ੀ ਕੀਮਤ ਚੁਕਾਉਣੀ ਪਵੇ।