ਮੂਸੇਵਾਲਾ ਦੇ ਪਿਤਾ ਤੇ ਦੋਸਤਾਂ ਵੱਲੋਂ ਗੈਂਗਸਟਰਾਂ ਦੀ ਪਛਾਣ

ਮੂਸੇਵਾਲਾ ਦੇ ਪਿਤਾ ਤੇ ਦੋਸਤਾਂ ਵੱਲੋਂ ਗੈਂਗਸਟਰਾਂ ਦੀ ਪਛਾਣ

ਡੀਸੀਪੀ ਵੱਲੋਂ ਗੈਂਗਸਟਰਾਂ ਦੀ ਪਛਾਣ ਹੋਣ ਦੀ ਪੁਸ਼ਟੀ

ਪੰਜਾਬ ’ਚੋਂ ਗੈਂਗਸਟਰ ਸੱਭਿਆਚਾਰ ਖ਼ਤਮ ਹੋਣ ’ਤੇ ਤਸੱਲੀ ਹੋਵੇਗੀ: ਬਲਕੌਰ ਸਿੰਘ

ਅੰਮ੍ਰਿਤਸਰ-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਉਸ ਦੇ ਦੋ ਦੋਸਤ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਮੁਕਾਬਲੇ ਦੌਰਾਨ ਮਾਰੇ ਗਏ ਗੈਂਗਸਟਰਾਂ ਦੀ ਸ਼ਨਾਖ਼ਤ ਲਈ ਇਥੇ ਪੁੱਜੇ ਅਤੇ ਉਨ੍ਹਾਂ ਨੇ ਗੈਂਗਸਟਰਾਂ ਦੀ ਪਛਾਣ ਕੀਤੀ। ਇਸ ਮੌਕੇ ਮਰਹੂਮ ਪੰਜਾਬੀ ਗਾਇਕ ਦੇ ਪਿਤਾ ਬਲਕੌਰ ਸਿੰਘ ਕਾਫੀ ਭਾਵੁਕ ਸਨ। ਸਿੱਧੂ ਮੂਸੇਵਾਲਾ ਦੇ ਦੋਸਤ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ 29 ਮਈ ਨੂੰ ਘਟਨਾ ਵੇਲੇ ਸਿੱਧੂ ਮੂਸੇਵਾਲਾ ਦੀ ਗੱਡੀ ਵਿੱਚ ਮੌਜੂਦ ਸਨ ਅਤੇ ਗੋਲੀਆਂ ਲੱਗਣ ਕਰਕੇ ਜ਼ਖ਼ਮੀ ਹੋ ਗਏ ਸਨ। ਇਨ੍ਹਾਂ ਦੋਵਾਂ ਨੇ ਵੀ ਮ੍ਰਿਤਕ ਗੈਂਗਸਟਰਾਂ ਦੀ ਪਛਾਣ ਕੀਤੀ ਹੈ। ਇਹ ਸਾਰੇ ਪੁਲੀਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਇੱਥੇ ਸਥਾਨਕ ਸਿਵਲ ਹਸਪਤਾਲ ਪੁੱਜੇ।
ਇਨ੍ਹਾਂ ਨੂੰ ਇੱਥੇ ਮੁਰਦਾ ਘਰ ਵਿੱਚ ਲਿਜਾਇਆ ਗਿਆ, ਜਿੱਥੇ ਮਾਰੇ ਗਏ ਗੈਂਗਸਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਕੁੱਸਾ ਦੀਆਂ ਲਾਸ਼ਾਂ ਰੱਖੀਆਂ ਗਈਆਂ ਸਨ। ਉਪਰੰਤ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਮੈਡੀਕਲ ਕਾਲਜ ਵਿੱਚ ਭੇਜ ਦਿੱਤਾ ਗਿਆ ਸੀ ਪਰ ਖ਼ਬਰ ਲਿਖੇ ਜਾਣ ਤੱਕ ਲਾਸ਼ਾਂ ਦਾ ਪੋਸਟਮਾਰਟਮ ਨਹੀਂ ਹੋਇਆ ਸੀ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਖਿਆ ਕਿ ਇਹ ਗੈਂਗਸਟਰਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਜੰਗ ਦੀ ਸ਼ੁਰੂਆਤ ਹੈ ਅਤੇ ਅਜੇ ਹੋਰ ਬਹੁਤ ਕੁਝ ਕਰਨ ਦੀ ਲੋੜ ਹੈ। ਉਨ੍ਹਾਂ ਪੁਲੀਸ ਵੱਲੋਂ ਕੀਤੀ ਗਈ ਕਾਰਵਾਈ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ,‘‘ਮੇਰੀ ਤਸੱਲੀ ਉਸ ਵੇਲੇ ਹੋਵੇਗੀ, ਜਦੋਂ ਪੰਜਾਬ ਵਿੱਚ ਇਹ ਗੈਂਗਸਟਰ ਸੱਭਿਆਚਾਰ ਖ਼ਤਮ ਹੋ ਜਾਵੇਗਾ।’’ ਇਸ ਦੌਰਾਨ ਪੁਲੀਸ ਵੱਲੋਂ ਮਾਰੇ ਗਏ ਦੋਵਾਂ ਗੈਂਗਸਟਰਾਂ ਦੇ ਵਾਰਸਾਂ ਅਤੇ ਹੋਰ ਜਾਣਕਾਰਾਂ ਨੂੰ ਵੀ ਇੱਥੇ ਸੱਦਿਆ ਗਿਆ ਸੀ, ਜਿਨ੍ਹਾਂ ਵਿੱਚ ਗੈਂਗਸਟਰ ਰੂਪਾ ਦੇ ਪਿਤਾ ਬਲਜਿੰਦਰ ਸਿੰਘ ਅਤੇ ਪਿੰਡ ਦਾ ਸਰਪੰਚ ਅਵਤਾਰ ਸਿੰਘ ਬਿੱਲਾ ਸ਼ਾਮਲ ਹਨ। ਸਰਪੰਚ ਅਵਤਾਰ ਸਿੰਘ ਬਿੱਲਾ ਨੇ ਦੱਸਿਆ ਕਿ ਸਾਰੀ ਕਾਰਵਾਈ ਤੋਂ ਬਾਅਦ ਉਨ੍ਹਾਂ ਨੂੰ ਲਾਸ਼ ਸੌਂਪੀ ਜਾਵੇਗੀ। ਇਸ ਦੌਰਾਨ ਗੈਂਗਸਟਰ ਮੰਨੂ ਕੁੱਸਾ ਦੇ ਵਾਰਿਸ ਵੀ ਇੱਥੇ ਪੁੱਜ ਗਏ ਹਨ ਅਤੇ ਲਾਸ਼ਾਂ ਦਾ ਪੋਸਟ ਮਾਰਟਮ ਕੀਤੇ ਜਾਣ ਦੀ ਉਡੀਕ ਕੀਤੀ ਜਾ ਰਹੀ ਹੈ। ਡੀਸੀਪੀ ਮੁੱਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਗਾਇਕ ਸਿੱਧੂ ਮੂਸੇਵਾਲਾ ਦੇ ਦੋਵਾਂ ਮਿੱਤਰਾਂ ਨੇ ਮਾਰੇ ਗਏ ਗੈਂਗਸਟਰਾਂ ਦੀ ਸ਼ਨਾਖਤ ਕੀਤੀ ਹੈ ਅਤੇ ਦੱਸਿਆ ਕਿ ਇਹ ਦੋਵੇਂ ਸ਼ੂਟਰ ਘਟਨਾ ਵੇਲੇ ਮੌਜੂਦ ਸਨ।

ਗੈਂਗਸਟਰਾਂ ਦੇ ਕਬਜ਼ੇ ਵਾਲੀ ਇਮਾਰਤ ਦੀ ਜਾਂਚ ਜਾਰੀ
ਅੰਮ੍ਰਿਤਸਰ :ਪੁਲੀਸ ਵੱਲੋਂ ਪਿੰਡ ਭਕਨਾ ਖੁਰਦ ਨੇੜੇ ਮਕਾਨ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਜਿੱਥੇ ਬੀਤੇ ਕੱਲ੍ਹ ਗੈਂਗਸਟਰਾਂ ਨਾਲ ਪੁਲੀਸ ਦਾ ਮੁਕਾਬਲਾ ਹੋਇਆ ਸੀ। ਜਾਣਕਾਰੀ ਅਨੁਸਾਰ ਪੁਲੀਸ ਨੂੰ ਉਕਤ ਘਰ ਵਿੱਚੋਂ ਹੋਰ ਅਸਲਾ ਤੇ ਸਾਮਾਨ ਬਰਾਮਦ ਹੋਇਆ ਹੈ। ਇਸ ਆਧਾਰ ’ਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਜਾਂਚ ਹਾਲੇ ਕੁਝ ਦਿਨ ਹੋਰ ਚੱਲੇਗੀ। ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਇਥੇ ਪੁਲੀਸ ਨਾਲ ਹੋਏ ਮੁਕਾਬਲੇ ਵਿੱਚ ਗੈਂਗਸਟਰ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਸਿੰਘ ਮੰਨੂ ਕੁੱਸਾ ਮਾਰੇ ਗਏ ਸਨ। ਇਹ ਦੋਵੇਂ ਗੈਂਗਸਟਰ ਪੁਲੀਸ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਲੋੜੀਂਦੇ ਸਨ। ਅੱਜ ਇੱਥੇ ਫੋਰੈਂਸਿਕ ਵਿਭਾਗ ਦੀ ਟੀਮ ਸਮੇਤ ਸ਼ਹਿਰੀ ਤੇ ਦਿਹਾਤੀ ਪੁਲੀਸ ਨੇ ਸਮੁੱਚੇ ਖੇਤਰ ਨੂੰ ਘੇਰ ਕੇ ਜਾਂਚ ਕੀਤੀ ਹੈ, ਜਿਸ ਦੌਰਾਨ ਪੁਲੀਸ ਨੂੰ ਹੋਰ ਅਸਲਾ ਬਰਾਮਦ ਹੋਇਆ ਹੈ। ਸਥਾਨਕ ਡਿਪਟੀ ਕਮਿਸ਼ਨਰ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਜਾਂਚ ਦੌਰਾਨ ਅੱਜ ਇਥੋਂ ਏਕੇ-47 ਰਾਈਫਲ ਦੇ 32 ਰੌਂਦ, ਇੱਕ ਪਿਸਤੌਲ ਤੇ ਇੱਕ ਹੈਂਡ ਗ੍ਰਨੇਡ ਬਰਾਮਦ ਹੋਏ ਹਨ। ਇਸ ਤਰ੍ਹਾਂ ਹੁਣ ਤੱਕ ਇੱਥੋਂ ਬਰਾਮਦ ਹੋਣ ਵਾਲੇ ਅਸਲੇ ਵਿੱਚ ਇੱਕ ਏਕੇ-47, 32 ਰੌਂਦ, ਦੋ ਪਿਸਤੌਲ (.45 ਬੋਰ ਅਤੇ 9 ਐੱਮਐੱਮ ਕੈਲੀਬਰ), ਇੱਕ ਹੈਂਡ ਗ੍ਰਨੇਡ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਪਿਸਤੌਲਾਂ ਵਿੱਚੋਂ ਇੱਕ ਯੂਐੱਸਏ ਦਾ ਬਣਿਆ ਹੋਇਆ ਹੈ। ਫੋਰੈਂਸਿਕ ਵਿਭਾਗ ਦੀ ਟੀਮ ਵੱਲੋਂ ਏਕੇ-47 ਰਾਈਫ਼ਲ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਸਿੱਧੂ ਮੂਸੇਵਾਲ ਦੇ ਕਤਲ ਵੇਲੇ ਇਸ ਰਾਈਫ਼ਲ ਦੀ ਵਰਤੋਂ ਹੋਈ ਸੀ ਜਾਂ ਨਹੀਂ। ਜਾਂਚ ਦੌਰਾਨ ਪੁਲੀਸ ਨੂੰ ਪਤਾ ਲੱਗਿਆ ਹੈ ਕਿ ਬੀਤੇ ਕੱਲ੍ਹ ਮੁਕਾਬਲੇ ਵਿੱਚ ਮਾਰੇ ਗਏ ਦੋਵੇਂ ਗੈਂਗਸਟਰਾਂ ਨੂੰ ਇੱਥੇ ਇਕ ਕਾਰ ਵਿੱਚ ਲਿਆਂਦਾ ਗਿਆ ਸੀ। ਪੁਲੀਸ ਵੱਲੋਂ ਉਕਤ ਕਾਰ ਤੇ ਉਸ ਦੇ ਚਾਲਕ ਦਾ ਪਤਾ ਲਗਾਇਆ ਜਾ ਰਿਹਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਮਿਲੇ ਬੈਗ ਵਿੱਚੋਂ ਕੁਝ ਅਸਲਾ ਅਤੇ ਗੈਂਗਸਟਰਾਂ ਦੇ ਕੱਪੜੇ ਤੇ ਹੋਰ ਸਾਮਾਨ ਮਿਲਿਆ ਹੈ, ਜਿਸ ਬਾਰੇ ਹਾਲੇ ਹੋਰ ਜਾਣਕਾਰੀ ਦੇਣ ਤੋਂ ਉਨ੍ਹਾਂ ਇਨਕਾਰ ਕਰ ਦਿੱਤਾ ਹੈ। ਬਰਾਮਦ ਹੋਇਆ ਮੋਬਾਈਲ ਟੁੱਟਿਆ ਹੋਇਆ ਹੈ ਤੇ ਫੋਰੈਂਸਿਕ ਵਿਭਾਗ ਦੀ ਟੀਮ ਵੱਲੋਂ ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲੇ ਲਗਪਗ ਦੋ ਦਿਨ ਹੋਰ ਇਸ ਇਲਾਕੇ ਦੀ ਜਾਂਚ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਜਿਸ ਇਮਾਰਤ ਵਿੱਚ ਗੈਂਗਸਟਰ ਲੁਕੇ ਹੋਏ ਸਨ, ਇਹ ਬਲਵਿੰਦਰ ਸਿੰਘ ਬਿੱਲਾ ਨਾਂ ਦੇ ਵਿਅਕਤੀ ਦੀ ਹੈ। ਉਸ ਦੇ ਰਿਸ਼ਤੇਦਾਰਾਂ ਨੇ ਆਖਿਆ ਕਿ ਗੈਂਗਸਟਰਾਂ ਦੇ ਇਥੇ ਹੋਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਇਹ ਇਮਾਰਤ ਖਾਲੀ ਸੀ ਤੇ ਇਸ ਨੂੰ ਡੰਗਰਾਂ ਦਾ ਚਾਰਾ ਰੱਖਣ ਲਈ ਵਰਤਿਆ ਜਾ ਰਿਹਾ ਸੀ।