ਦਰੋਪਦੀ ਮੁਰਮੂ ਦੀ 15ਵੇਂ ਰਾਸ਼ਟਰਪਤੀ ਵਜੋਂ ਚੋਣ

ਦਰੋਪਦੀ ਮੁਰਮੂ ਦੀ 15ਵੇਂ ਰਾਸ਼ਟਰਪਤੀ ਵਜੋਂ ਚੋਣ

ਐੱਨਡੀਏ ਉਮੀਦਵਾਰ ਨੇ ਵਿਰੋਧੀ ਧਿਰ ਦੇ ਯਸ਼ਵੰਤ ਸਿਨਹਾ ਨੂੰ ਵੱਡੇ ਫਰਕ ਨਾਲ ਹਰਾਇਆ

ਨਵੀਂ ਦਿੱਲੀ – ਐੱਨਡੀਏ ਉਮੀਦਵਾਰ ਦਰੋਪਦੀ ਮੁਰਮੂ ਰਾਸ਼ਟਰਪਤੀ ਅਹੁਦੇ ਦੀ ਚੋਣ ’ਚ ਅੱਜ ਜੇਤੂ ਰਹੇ ਹਨ। ਵੋਟਾਂ ਦੀ ਗਿਣਤੀ ਦੌਰਾਨ ਉਨ੍ਹਾਂ ਤੀਜੇ ਗੇੜ ਮਗਰੋਂ ਆਪਣੇ ਵਿਰੋਧੀ ਉਮੀਦਵਾਰ ਯਸ਼ਵੰਤ ਸਿਨਹਾ ਦੇ ਮੁਕਾਬਲੇ ’ਚ ਜਿੱਤ ਲਈ 50 ਫ਼ੀਸਦੀ ਤੋਂ ਵੱਧ ਵੋਟਾਂ ਦੇ ਅੰਕੜੇ ਨੂੰ ਪਾਰ ਕਰ ਲਿਆ। ਸਰਕਾਰੀ ਤੌਰ ’ਤੇ ਉਨ੍ਹਾਂ ਦੀ ਜਿੱਤ ਦਾ ਐਲਾਨ ਸਾਰੀਆਂ ਵੋਟਾਂ ਦੀ ਗਿਣਤੀ ਮਗਰੋਂ ਕੀਤੇ ਜਾਣ ਦੀ ਸੰਭਾਵਨਾ ਹੈ। ਉਹ ਦੇਸ਼ ਦੀ ਪਹਿਲੀ ਆਦਿਵਾਸੀ ਅਤੇ ਦੂਜੀ ਮਹਿਲਾ ਰਾਸ਼ਟਰਪਤੀ ਚੁਣੇ ਗਏ ਹਨ। ਮੁਰਮੂ ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ਰਾਸ਼ਟਰਪਤੀ ਹੋਵੇਗੀ ਜਿਨ੍ਹਾਂ ਦਾ ਜਨਮ ਆਜ਼ਾਦੀ ਤੋਂ ਬਾਅਦ ਹੋਇਆ ਹੈ। ਉਹ 15ਵੇਂ ਰਾਸ਼ਟਰਪਤੀ ਵਜੋਂ 25 ਜੁਲਾਈ ਨੂੰ ਹਲਫ਼ ਲੈਣਗੇ।
ਰਿਟਰਨਿੰਗ ਅਫ਼ਸਰ ਪੀ ਸੀ ਮੋਦੀ ਨੇ ਐਲਾਨ ਕੀਤਾ ਕਿ ਮੁਰਮੂ ਨੂੰ ਕੁੱਲ 4701 ਸੰਸਦ ਮੈਂਬਰਾਂ ਅਤੇ ਵਿਧਾਇਕਾਂ ’ਚੋਂ 2824 ਦੇ ਵੋਟ ਮਿਲੇ ਜਦਕਿ ਸਿਨਹਾ ਨੂੰ 1877 ਨੇ ਵੋਟਾਂ ਪਾਈਆਂ। ਉਨ੍ਹਾਂ ਕਿਹਾ ਕਿ ਮੁਰਮੂ ਨੂੰ 540 ਸੰਸਦ ਮੈਂਬਰਾਂ ਦੇ ਵੋਟ ਮਿਲੇ ਜਿਨ੍ਹਾਂ ਦੀ ਕੀਮਤ 523600 ਵੋਟਾਂ ਬਣਦੀ ਹੈ। ਇਸੇ ਤਰ੍ਹਾਂ ਯਸ਼ਵੰਤ ਸਿਨਹਾ ਨੂੰ 208 ਸੰਸਦ ਮੈਂਬਰਾਂ ਦੇ 1,45,600 ਵੋਟ ਹੀ ਮਿਲੇ। ਮੁਰਮੂ ਨੂੰ 6,76,803 ਵੋਟਾਂ (64 ਫੀਸਦੀ) ਮਿਲੀਆਂ ਜਦਕਿ ਸਿਨਹਾ ਨੂੰ 3,80,177 ਵੋਟਾਂ ਪਈਆਂ। ਸੂਤਰਾਂ ਮੁਤਾਬਕ ਵਿਰੋਧੀ ਧਿਰ ਦੇ 17 ਸੰਸਦ ਮੈਂਬਰਾਂ ਨੇ ਮੁਰਮੂ ਦੇ ਹੱਕ ’ਚ ਵੋਟ ਭੁਗਤਾਈ। ਆਂਧਰਾ ਪ੍ਰਦੇਸ਼ ਦੇ ਸਾਰੇ ਵਿਧਾਇਕਾਂ ਨੇ ਮੁਰਮੂ ਦੇ ਹੱਕ ’ਚ ਵੋਟ ਪਾਏ ਜਦਕਿ ਅਰੁਣਾਚਲ ਪ੍ਰਦੇਸ਼ ’ਚ ਚਾਰ ਨੂੰ ਛੱਡ ਕੇ ਬਾਕੀ ਸਾਰੇ ਵਿਧਾਇਕਾਂ ਨੇ ਉਨ੍ਹਾਂ ਨੂੰ ਵੋਟ ਦਿੱਤੇ। ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੇ ਹਾਰ ਸਵੀਕਾਰ ਕਰਦਿਆਂ ਮੁਰਮੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਰੇਕ ਭਾਰਤੀ ਨੂੰ ਆਸ ਹੈ ਕਿ 15ਵੀਂ ਰਾਸ਼ਟਰਪਤੀ ਬਿਨਾਂ ਕਿਸੇ ਡਰ ਜਾਂ ਲਿਹਾਜ਼ ਤੋਂ ‘ਸੰਵਿਧਾਨ ਦੇ ਰਾਖੇ’ ਵਜੋਂ ਕੰਮ ਕਰੇਗੀ। ਆਪਣੇ ਬਿਆਨ ’ਚ ਸਿਨਹਾ ਨੇ ਵਿਰੋਧੀ ਪਾਰਟੀਆਂ ਦੇ ਆਗੂਆਂ ਦਾ ਵੀ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ,‘‘ਮੈਂ ਉਨ੍ਹਾਂ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਮੈਨੂੰ ਵੋਟ ਪਾਈ। ਮੈਂ ਭਗਵਾਨ ਕ੍ਰਿਸ਼ਨ ਵੱਲੋਂ ਭਗਵਦ ਗੀਤਾ ’ਚ ਦਿਖਾਏ ਮਾਰਗ ‘ਕਰਮ ਕਰੋ, ਫਲ ਦੀ ਇੱਛਾ ਨਾ ਰੱਖੋ’ ਦੇ ਫਲਸਫੇ ’ਤੇ ਚੱਲਦੇ ਹੋਏ ਵਿਰੋਧੀ ਧਿਰ ਦੀ ਪੇਸ਼ਕਸ਼ ਨੂੰ ਸਵੀਕਾਰਿਆ ਸੀ।’’ ਚੋਣ ਕਮਿਸ਼ਨ ਵੱਲੋਂ ਜੇਤੂ ਉਮੀਦਵਾਰ ਨੂੰ ਸ਼ੁੱਕਰਵਾਰ ਨੂੰ ਜਿੱਤ ਦਾ ਸਰਟੀਫਿਕੇਟ ਦਿੱਤੇ ਜਾਣ ਦੀ ਸੰਭਾਵਨਾ ਹੈ।

ਭਾਰਤ ਨੇ ਇਤਿਹਾਸ ਸਿਰਜਿਆ: ਮੋਦੀ

ਨਵੀਂ ਦਿੱਲੀ:
ਰਾਸ਼ਟਰਪਤੀ ਦੇ ਅਹੁਦੇ ਲਈ ਹੋਈਆਂ ਚੋਣਾਂ ਵਿੱਚ ਸੱਤਾਧਾਰੀ ਐੱਨਡੀਏ ਦੀ ਉਮੀਦਵਾਰ ਦਰੋਪਦੀ ਮੁਰਮੂ ਦੇ ਜਿੱਤਣ ਤੋਂ ਬਾਅਦ ਅੱਜ ਦੇਰ ਸ਼ਾਮ ਪ੍ਰਧਾਨ ਨਰਿੰਦਰ ਮੋਦੀ ਉਨ੍ਹਾਂ ਦੀ ਰਿਹਾਇਸ਼ ਵਿਖੇ ਪਹੁੰਚੇ ਅਤੇ ਵਧਾਈ ਦਿੱਤੀ। ਇਸ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ਕਬਾਇਲੀ ਭਾਈਚਾਰੇ ਨਾਲ ਸਬੰਧਤ ਇਕ ਧੀ ਨੂੰ ਰਾਸ਼ਟਰਪਤੀ ਚੁਣ ਕੇ ਭਾਰਤ ਨੇ ਇਤਿਹਾਸ ਸਿਰਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਰੋਪਦੀ ਮੁਰਮੂ ਦਾ ਜੀਵਨ, ਉਨ੍ਹਾਂ ਦੀ ਸਫ਼ਲਤਾ ਹਰੇਕ ਭਾਰਤੀ ਨੂੰ ਉਤਸ਼ਾਹਿਤ ਕਰਦੀ ਹੈ। ਉਹ ਭਾਰਤ ਦੇ ਨਾਗਰਿਕਾਂ ਲਈ ਇਕ ਆਸ ਦੀ ਕਿਰਨ ਵਜੋਂ ਉੱਭਰੀ ਹੈ। ਉਨ੍ਹਾਂ ਕਿਹਾ, ‘‘ਮੈਂ ਦ੍ਰਿੜ੍ਹਤਾ ਨਾਲ ਕਹਿੰਦਾ ਹਾਂ ਕਿ ਮੁਰਮੂ ਇਕ ਸ਼ਾਨਦਾਰ ਰਾਸ਼ਟਰਪਤੀ ਬਣੇਗੀ ਜੋ ਕਿ ਭਾਰਤ ਦੇ ਵਿਕਾਸ ਦੇ ਸਫ਼ਰ ਨੂੰ ਮਜ਼ਬੂਤੀ ਦੇਵੇਗੀ।’’ ਉਨ੍ਹਾਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਮੁਰਮੂ ਨੂੰ ਸਮਰਥਨ ਦੇਣ ਵਾਲੇ ਸਾਰੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ, ‘‘ਮੁਰਮੂ ਦੀ ਰਿਕਾਰਡ ਜਿੱਤ ਸਾਡੇ ਲੋਕਤੰਤਰ ਲਈ ਚੰਗੀ ਹੈ।’’ ਇਸ ਮੌਕੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਵੀ ਸ੍ਰੀ ਮੋਦੀ ਦੇ ਨਾਲ ਹਾਜ਼ਰ ਸਨ। ਸ੍ਰੀ ਨੱਢਾ ਨੇ ਵੀ ਦਰੋਪਦੀ ਮੁਰਮੂ ਨੂੰ ਗੁਲਦਸਤਾ ਭੇਟ ਕਰ ਕੇ ਵਧਾਈ ਦਿੱਤੀ। ਇਸੇ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ, ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਵੀ ਮੁਰਮੂ ਨੂੰ ਵਧਾਈ ਦਿੱਤੀ। ਉੱਧਰ, ਮੁਰਮੂ ਵੱਲੋਂ ਬਹੁਮਤ ਲਈ ਲੋੜੀਂਦੀਆਂ ਵੋਟਾਂ ਦਾ ਟੀਚਾ ਹਾਸਲ ਕੀਤੇ ਜਾਣ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਸਾਂਝੇ ਉਮੀਦਵਾਰ ਯਸ਼ਵੰਤ ਸਿਨਹਾ ਨੇ ਵੀ ਮੁਰਮੂ ਨੂੰ ਵਧਾਈ ਦਿੱਤੀ।

ਕੌਂਸਲਰ ਤੋਂ ਰਾਸ਼ਟਰਪਤੀ ਅਹੁਦੇ ਤੱਕ ਦਾ ਸਫ਼ਰ

ਨਵੀਂ ਦਿੱਲੀ:
ਉੜੀਸਾ ਦੀ ਦਰੋਪਦੀ ਮੁਰਮੂ ਦਾ ਜੀਵਨ ਔਕੜਾਂ ਭਰਪੂਰ ਰਿਹਾ ਹੈ ਪਰ ਉਨ੍ਹਾਂ ਆਪਣੇ ਹੌਸਲੇ ਅਤੇ ਮਿਹਨਤ ਨਾਲ ਕੌਂਸਲਰ ਤੋਂ ਰਾਸ਼ਟਰਪਤੀ ਬਣਨ ਤੱਕ ਦਾ ਸਫ਼ਰ ਤੈਅ ਕੀਤਾ ਹੈ। ਸਾਲ 2009 ਤੋਂ 2015 ਵਿਚਕਾਰ ਪਤੀ, ਦੋ ਬੇਟਿਆਂ, ਮਾਂ ਅਤੇ ਭਰਾ ਨੂੰ ਗੁਆਉਣ ਵਾਲੀ ਮੁਰਮੂ ਨੇ ਬ੍ਰਹਮ ਕੁਮਾਰੀਆਂ ਨਾਲ ਜੁੜ ਕੇ ਅਧਿਆਤਮ ਦਾ ਰਾਹ ਅਪਣਾ ਲਿਆ ਸੀ। ਭਾਜਪਾ ਆਗੂ ਅਤੇ ਕਾਲਾਹਾਂਡੀ ਤੋਂ ਲੋਕ ਸਭਾ ਮੈਂਬਰ ਬਸੰਤ ਕੁਮਾਰ ਪਾਂਡਾ ਨੇ ਕਿਹਾ,‘‘ਉਹ ਰੂਹਾਨੀਅਤ ਨਾਲ ਜੁੜੇ ਨਰਮ ਸੁਭਾਅ ਦੀ ਮਹਿਲਾ ਹਨ।’’ ਉਹ 1997 ’ਚ ਰਾਏਰੰਗਪੁਰ ਨੋਟੀਫਾਈਡ ਏਰੀਆ ਕਾਊਂਸਲ ’ਚ ਭਾਜਪਾ ਦੀ ਕੌਂਸਲਰ ਚੁਣੀ ਗਈ ਸੀ। ਇਸ ਮਗਰੋਂ ਉਹ ਉੜੀਸਾ ’ਚ 2000 ਤੋਂ 2004 ਤੱਕ ਬੀਜੇਡੀ-ਭਾਜਪਾ ਗੱਠਜੋੜ ਸਰਕਾਰ ’ਚ ਮੰਤਰੀ ਬਣੀ। ਉਨ੍ਹਾਂ ਨੂੰ 2015 ’ਚ ਝਾਰਖੰਡ ਦਾ ਰਾਜਪਾਲ ਬਣਾਇਆ ਗਿਆ ਅਤੇ ਉਹ 2021 ਤੱਕ ਅਹੁਦੇ ’ਤੇ ਰਹੀ। ਉੜੀਸਾ ਭਾਜਪਾ ਦੇ ਸਾਬਕਾ ਪ੍ਰਧਾਨ ਮਨਮੋਹਨ ਸਮਲ ਨੇ ਕਿਹਾ ਕਿ ਮੁਰਮੂ ਸੰਥਾਲ ਪਰਿਵਾਰ ’ਚ ਜਨਮੀ ਅਤੇ ਉਸ ਨੂੰ ਸੰਥਾਲੀ ਤੇ ਉੜੀਆ ਭਾਸ਼ਾਵਾਂ ਚੰਗੀ ਤਰ੍ਹਾਂ ਨਾਲ ਆਉਂਦੀਆਂ ਹਨ। ਉਨ੍ਹਾਂ 2014 ’ਚ ਰਾਏਰੰਗਪੁਰ ਤੋਂ ਵਿਧਾਨ ਸਭਾ ਚੋਣ ਵੀ ਲੜੀ ਸੀ ਪਰ ਉਹ ਬੀਜੇਡੀ ਉਮੀਦਵਾਰ ਤੋਂ ਹਾਰ ਗਏ ਸਨ। ਉਨ੍ਹਾਂ ਭਾਜਪਾ ਦੇ ਵੱਖ ਵੱਖ ਅਹੁਦਿਆਂ ’ਤੇ ਵੀ ਕੰਮ ਕੀਤਾ ਹੈ। ਉਨ੍ਹਾਂ ਸ੍ਰੀ ਅਰਬਿੰਦੋ ਇੰਟੈਗ੍ਰਲ ਐਜੂਕੇਸ਼ਨ ਸੈਂਟਰ ’ਚ ਸਹਾਇਕ ਅਧਿਆਪਕ ਵਜੋਂ ਵੀ ਸੇਵਾਵਾਂ ਨਿਭਾਈਆਂ। ਮੁਰਮੂ ਨੂੰ 2007 ’ਚ ਬਿਹਤਰੀਨ ਵਿਧਾਇਕ ਵਜੋਂ ਨੀਲਕਾਂਤ ਐਵਾਰਡ ਨਾਲ ਸਨਮਾਨਿਆ ਗਿਆ। ਮੁਰਮੂ ਦੀ ਇਕ ਧੀ ਇਤੀਸ੍ਰੀ ਉੜੀਸਾ ਦੇ ਬੈਂਕ ’ਚ ਕੰਮ ਕਰਦੀ ਹੈ।