ਪੰਜਾਬ ਵਿੱਚ ਦੋ ਲੱਖ ਏਕੜ ਫ਼ਸਲ ਦਾ ਨੁਕਸਾਨ

ਪੰਜਾਬ ਵਿੱਚ ਦੋ ਲੱਖ ਏਕੜ ਫ਼ਸਲ ਦਾ ਨੁਕਸਾਨ

ਸੂਬਾ ਸਰਕਾਰ ਨੇ ਕਿਸਾਨਾਂ ਦੀ ਨਹੀਂ ਲਈ ਸਾਰ; ਕਿਸਾਨਾਂ ’ਚ ਭਾਰੀ ਰੋਸ
ਚੰਡੀਗੜ੍ਹ – ਪੰਜਾਬ ਵਿੱਚ ਲੰਘੇ ਦਿਨੀਂ ਪਏ ਤੇਜ਼ ਮੀਂਹ ਨੇ ਕਰੀਬ ਦੋ ਲੱਖ ਏਕੜ ਰਕਬਾ ਡੋਬ ਦਿੱਤਾ ਹੈ। ਮਾਲਵਾ ਖ਼ਿੱਤੇ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਸਭ ਤੋਂ ਵੱਧ ਫ਼ਸਲਾਂ ਦਾ ਨੁਕਸਾਨ ਹੋਇਆ ਹੈ, ਜਦੋਂ ਕਿ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਵੀ ਫ਼ਸਲੀ ਨੁਕਸਾਨ ਜ਼ਿਆਦਾ ਹੈ। ਬੇਸ਼ੱਕ ਕਈ ਦਿਨ ਪਹਿਲਾਂ ਤੇਜ਼ ਬਰਸਾਤ ਹੋਈ ਸੀ ਪਰ ਹਲਕਾ ਮਲੋਟ ਤੇ ਹਲਕਾ ਲੰਬੀ ਦੇ ਖੇਤਾਂ ਵਿੱਚ ਹਾਲੇ ਵੀ ਪਾਣੀ ਖੜ੍ਹਾ ਹੈ। ਕਿਸਾਨ ਫ਼ਸਲਾਂ ਨੂੰ ਬਚਾਉਣ ਲਈ ਜੱਦੋ-ਜਹਿਦ ਕਰ ਰਹੇ ਹਨ। ਫ਼ਾਜ਼ਿਲਕਾ ਜ਼ਿਲ੍ਹੇ ਦੇ ਪੌਣੇ ਦੋ ਸੌ ਪਿੰਡ ਮੀਂਹ ਦੇ ਪਾਣੀ ਕਾਰਨ ਪ੍ਰਭਾਵਿਤ ਹੋਏ ਹਨ।

ਮਾਲ ਵਿਭਾਗ ਤਰਫ਼ੋਂ ਕੇਂਦਰ ਸਰਕਾਰ ਨੂੰ ਭੇਜੀ ਰਿਪੋਰਟ ਅਨੁਸਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ 1,27,585 ਏਕੜ ਫ਼ਸਲ ਮੀਂਹ ਨਾਲ ਪ੍ਰਭਾਵਿਤ ਹੋਈ ਹੈ, ਜਦੋਂ ਕਿ ਜ਼ਿਲ੍ਹਾ ਫ਼ਾਜ਼ਿਲਕਾ ਵਿਚ 71,657 ਏਕੜ ਫ਼ਸਲ ਨੂੰ ਨੁਕਸਾਨ ਪੁੱਜਿਆ ਹੈ। ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਲੰਘੇ 24 ਘੰਟਿਆਂ ਦੌਰਾਨ ਮੀਂਹ ਕਾਰਨ ਦੋ ਮਨੁੱਖੀ ਜਾਨਾਂ ਵੀ ਚਲੀਆਂ ਗਈਆਂ ਹਨ। ਦੋਵਾਂ ਜ਼ਿਲ੍ਹਿਆਂ ਵਿੱਚ ਸੌ ਤੋਂ ਵੱਧ ਮਕਾਨ ਡਿੱਗੇ ਹਨ। ਪੰਜਾਬ ਸਰਕਾਰ ਤਰਫ਼ੋਂ ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਵਿੱਚ 19 ਰਾਹਤ ਕੈਂਪ ਲਗਾਏ ਗਏ ਹਨ। ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਤਰਫ਼ੋਂ ਖੇਤੀ ਮੰਤਰੀ ਜਾਂ ਮਾਲ ਮੰਤਰੀ ਹਾਲੇ ਤੱਕ ਪ੍ਰਭਾਵਿਤ ਕਿਸਾਨਾਂ ਦੀ ਸਾਰ ਲੈਣ ਲਈ ਨਹੀਂ ਪੁੱਜੇ, ਇੱਥੋਂ ਤੱਕ ਕਿ ਖੇਤੀ ਮਹਿਕਮੇ ਦੇ ਉੱਚ ਅਧਿਕਾਰੀਆਂ ਨੇ ਵੀ ਇਨ੍ਹਾਂ ਦੋਵੇਂ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਪੈਰ ਨਹੀਂ ਪਾਇਆ ਹੈ। ਏਨਾ ਕੁ ਜ਼ਰੂਰ ਹੈ ਕਿ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਆਪਣੇ ਵਿਧਾਨ ਸਭਾ ਹਲਕੇ ਮਲੋਟ ਦੇ ਕੁੱਝ ਪਿੰਡਾਂ ਦਾ ਦੌਰਾ ਜ਼ਰੂਰ ਕੀਤਾ ਹੈ। ਪੰਜਾਬ ਸਰਕਾਰ ਨੇ ਪ੍ਰਭਾਵਿਤ ਖੇਤਰਾਂ ਵਿੱਚੋਂ ਕੋਈ ਰਿਪੋਰਟ ਵੀ ਨਹੀਂ ਲਈ ਹੈ ਅਤੇ ਨਾ ਹੀ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ ਕੀਤੇ ਹਨ। ਮਲੋਟ ਖੇਤਰ ਵਿੱਚ ਐਤਕੀਂ ਝੋਨੇ ਤੋਂ ਇਲਾਵਾ ਨਰਮੇ ਹੇਠ ਵੀ ਕਾਫ਼ੀ ਰਕਬਾ ਸੀ।

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਈਨਾ ਖੇੜਾ, ਪੱਕੀ, ਝੋਰੜ, ਖ਼ਾਨੇ ਦੀ ਢਾਬ ਅਤੇ ਅਸਪਾਲ ਦੇ ਖੇਤਾਂ ਵਿੱਚ ਹਾਲੇ ਵੀ ਪਾਣੀ ਦੀ ਨਿਕਾਸੀ ਨਹੀਂ ਹੋਈ ਹੈ। ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਐਤਕੀਂ ਮੀਂਹ ਨੇ ਝੰਬ ਦਿੱਤਾ ਹੈ ਅਤੇ ਫ਼ਸਲੀ ਨੁਕਸਾਨ ਕਰਕੇ ਵੱਡਾ ਘਾਟਾ ਪਿਆ ਹੈ। ਦੋਦਾ ਨੇੜਲੇ ਪਿੰਡਾਂ ਵਿੱਚ ਵੀ ਕਾਫ਼ੀ ਮੀਂਹ ਪਿਆ ਸੀ ਪਰ ਇਸ ਪਾਸੇ ਕੋਈ ਬਹੁਤਾ ਨੁਕਸਾਨ ਨਹੀਂ ਹੈ।

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕੁੱਝ ਦਿਨ ਪਹਿਲਾਂ ਮੀਂਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਪ੍ਰਤੀ ਏਕੜ 35 ਹਜ਼ਾਰ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਸੀ। ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਨਰਮਾ ਖ਼ਿੱਤੇ ਦੇ ਕਿਸਾਨ ਤਾਂ ਪਹਿਲਾਂ ਹੀ ਚਿੱਟੇ ਮੱਛਰ ਦੀ ਮਾਰ ਹੇਠ ਆਏ ਹੋਏ ਸਨ ਅਤੇ ਹੁਣ ਬਾਰਸ਼ਾਂ ਨੇ ਫ਼ਸਲਾਂ ਤਬਾਹ ਕਰ ਦਿੱਤੀਆਂ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗਿਰਦਾਵਰੀ ਦੇ ਹੁਕਮ ਕਰਨੇ ਤਾਂ ਦੂਰ ਦੀ ਗੱਲ, ਕਿਸੇ ਮੰਤਰੀ ਜਾਂ ਅਧਿਕਾਰੀ ਨੇ ਪ੍ਰਭਾਵਿਤ ਕਿਸਾਨਾਂ ਨਾਲ ਦੁੱਖ ਵੀ ਸਾਂਝਾ ਤੱਕ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਫ਼ਰੀਦਕੋਟ ਜ਼ਿਲ੍ਹੇ ਵਿੱਚ ਵੀ ਬਾਰਸ਼ ਦਾ ਪਾਣੀ ਖੇਤਾਂ ਵਿੱਚ ਖੜ੍ਹ ਗਿਆ ਸੀ ਅਤੇ ਕਿਸਾਨਾਂ ਨੇ ਨਿਕਾਸੀ ਕਰਕੇ ਫ਼ਸਲਾਂ ਬਚਾਈਆਂ ਹਨ।

ਵਿਧਾਇਕ ਦੇ ਪੁੱਤ ’ਤੇ ਸੜਕ ਪੁੱਟ ਕੇ ਪਾਣੀ ਕੱਢਣ ਦਾ ਦੋਸ਼

ਲੰਬੀ (ਇਕਬਾਲ ਸਿੰਘ ਸ਼ਾਂਤ): ਸੜਕ ਪੁੱਟ ਕੇ ਆਲਮਵਾਲਾ ਦੇ ਖੇਤਾਂ ਦਾ ਪਾਣੀ ਹੋਰ ਪਿੰਡਾਂ ਵੱਲ ਕੱਢਣ ਦੇ ਦੋਸ਼ ਹੇਠ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਦੇ ਪੁੱਤਰ ਅਮੀਤ ਖੁੱਡੀਆਂ ਅੱਜ ਬੋਦੀਵਾਲਾ, ਮਿੱਡਾ, ਰੱਤਾਖੇੜਾ ਵਾਸੀਆਂ ਦੇ ਨਿਸ਼ਾਨੇ ’ਤੇ ਆ ਗਏ। ਸੜਕ ਪੁੱਟਣ ਨਾਲ ਪਾਣੀ ਦਾ ਪੱਧਰ ਵਧਣ ਕਾਰਨ ਬੋਦੀਵਾਲਾ ਸਮੇਤ ਚਾਰ ਪਿੰਡਾਂ ਦੇ ਦਰਜਨਾਂ ਲੋਕਾਂ ਨੇ ਵਿਧਾਇਕ ਦੇ ਪੁੱਤਰ ਖ਼ਿਲਾਫ਼ ਮਲੋਟ-ਫਾਜ਼ਿਲਕਾ ਸੜਕ ’ਤੇ ਧਰਨਾ ਲਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਦੋਸਤੀ ਪੁਗਾਉਣ ਖਾਤਰ ਵਿਧਾਇਕ ਦੇ ਪੁੱਤਰ ਨੇ ਮੀਂਹ ਦਾ ਪਾਣੀ ਅਗਾਂਹ ਪਿੰਡਾਂ ਨੂੰ ਕੱਢ ਦਿੱਤਾ। ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਬਲਾਕ ਪ੍ਰਧਾਨ ਬਲਜੀਤ ਸਿੰਘ ਬੋਦੀਵਾਲਾ ਨੇ ਦੱਸਿਆ ਕਿ ਬੀਤੇ ਦਿਨੀਂ ਏਡੀਸੀ ਰਾਜਦੀਪ ਕੌਰ ਸਰਾਵਾਂ ਜੈਲ ਵਿੱਚ ਸਥਿਤੀ ਦਾ ਜਾਇਜ਼ਾ ਲੈਣ ਲਈ ਆਏ ਸਨ, ਪਰ ਅਮੀਤ ਖੁੱਡੀਆਂ ਨੇ ਉਨ੍ਹਾਂ ਨੂੰ ਕਥਿਤ ਗੁਮਰਾਹ ਕਰ ਕੇ ਰੱਤਾਖੇੜਾ-ਆਲਮਵਾਲਾ ਲਿੰਕ ਸੜਕ ਪੁੱਟ ਦਿੱਤੀ। ਇਸ ਨਾਲ ਬੋਦੀਵਾਲਾ, ਸ਼ੇਰਗੜ੍ਹ, ਰੱਤਾਖੇੜਾ ਅਤੇ ਮਿੱਡਾ ਵਿੱਚ ਪਾਣੀ ਦਾ ਪੱਧਰ ਵਧ ਗਿਆ। ਨਾਇਬ ਤਹਿਸੀਲਦਾਰ ਜਸਵਿੰਦਰ ਕੌਰ ਨੇ ਕਿਹਾ ਕਿ ਨਵੀਂ ਪੁਲੀ ਬੰਦ ਕਰਵਾਈ ਜਾ ਰਹੀ ਹੈ। ਉਧਰ, ਅਮੀਤ ਖੁੱਡੀਆਂ ਨੇ ਸੜਕ ਪੁੱਟਣ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਕਿਸਾਨਾਂ ਨੇ ਸਮੱਸਿਆ ਦੱਸ ਕੇ ਨਵੀਂ ਪੁਲੀ ਬਣਾਉਣ ਦੀ ਮੰਗ ਕੀਤੀ ਸੀ। ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਕਿਹਾ ਕਿ ਮੀਂਹਾਂ ਦੇ ਪਾਣੀ ਦੀ ਡਰੇਨਾਂ ਵਿੱਚ ਨਿਕਾਸੀ ਲਈ ਪ੍ਰਸ਼ਾਸਨ ਵੱਲੋਂ ਹਰ ਸੰਭਵ ਪ੍ਰਬੰਧ ਕੀਤੇ ਗਏ ਹਨ। ਇਸੇ ਦੌਰਾਨ ਰਾਜਸਥਾਨ ਨਹਿਰ ਦੇ ਨਾਲ ਸਥਿਤ ਚੰਨੂ ਤੋਂ ਖੁੱਡੀਆਂ ਨੂੰ ਜਾਂਦੇ ਸੇਮ ਨਾਲੇ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਦੋ ਦਿਨਾਂ ਤੋਂ ਪਾੜ ਪਿਆ ਹੋਇਆ। ਪਿੰਡ ਚੰਨੂ ਦੀ 100 ਏਕੜ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਰਰੋਸ ਵਜੋਂ ਚੰਨੂ ਦੇ ਕਿਸਾਨਾਂ ਨੇ ਅੱਜ ਦੁਪਹਿਰ ਬਾਅਦ ਵਰ੍ਹਦੇ ਮੀਂਹ ਵਿੱਚ ਡੱਬਵਾਲੀ-ਮਲੋਟ ਜਰਨੈਲੀ ਸੜਕ ’ਤੇ ਜਾਮ ਲਗਾ ਦਿੱਤਾ।