ਸਿਮਰਨਜੀਤ ਸਿੰਘ ਮਾਨ ਨੇ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਸਿਮਰਨਜੀਤ ਸਿੰਘ ਮਾਨ ਨੇ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਦੇ ਪ੍ਰਧਾਨ ਤੇ ਸੰਗਰੂਰ ਤੋਂ ਲੋਕ ਸਭਾ ਲਈ ਚੁਣੇ ਗਏ ਸਿਮਰਨਜੀਤ ਸਿੰਘ ਮਾਨ ਨੇ ਸਪੀਕਰ ਓਮ ਬਿਰਲਾ ਦੇ ਚੈਂਬਰ ਵਿਚ ਸੰਸਦ ਮੈਂਬਰ ਵਜੋਂ ਹਲਫ ਲਿਆ। ਉਨ੍ਹਾਂ ਸੰਵਿਧਾਨ ਦੇ ਨਾਂ ਉਤੇ ਸਹੁੰ ਚੁੱਕਦਿਆਂ ਦੇਸ਼ ਦੀ ਅਖੰਡਤਾ ਪ੍ਰਤੀ ਵੀ ਵਚਨਬੱਧਤਾ ਪ੍ਰਗਟ ਕੀਤੀ। ਮਾਨ ਨੇ ਅੱਜ ਨਾਲ ਹੀ ਇਹ ਵੀ ਕਿਹਾ ਕਿ, ‘ਸਿੱਖਾਂ ਲਈ ਵੱਖਰਾ ਮੁਲਕ ਹੋਣਾ ਚਾਹੀਦਾ ਹੈ।’ ਪੰਜਾਬ ਦੇ ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਸਪੀਕਰ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਵਿਦੇਸ਼ ਮਾਮਲਿਆਂ ਤੇ ਰੱਖਿਆ ਬਾਰੇ ਸੰਸਦੀ ਕਮੇਟੀ ਦਾ ਮੈਂਬਰ ਬਣਾਇਆ ਜਾਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ, ‘ਭਗਤ ਸਿੰਘ ਨੇ ਇਕ ਨੌਜਵਾਨ, ਅੰਗਰੇਜ਼ ਅਧਿਕਾਰੀ ਦੀ ਹੱਤਿਆ ਕਰ ਦਿੱਤੀ ਸੀ। ਉਸ ਨੇ ਇਕ ਅੰਮਿ੍ਰਤਧਾਰੀ ਸਿੱਖ ਕਾਂਸਟੇਬਲ ਨੂੰ ਵੀ ਮਾਰ ਦਿੱਤਾ। ਅਸੈਂਬਲੀ ਵਿਚ ਬੰਬ ਸੁੱਟਣ ਵਾਲੇ ਨੂੰ ਤੁਸੀਂ ਕੀ ਕਹੋਗੇ?’ ਉਨ੍ਹਾਂ ਨਾਲ ਹੀ ਕਿਹਾ ਕਿ ਉਹ ‘ਖਾਲਿਸਤਾਨ ਦੇ ਮੁੱਦੇ ਦਾ ਸਮਰਥਨ ਜਾਰੀ ਰੱਖਣਗੇ, ਸਿੱਖਾਂ ਲਈ ਵੱਖਰਾ ਮੁਲਕ ਹੋਣਾ ਚਾਹੀਦਾ ਹੈ ਤੇ ਖਾਲਿਸਤਾਨ ਭਾਰਤ ਅਤੇ ਪਾਕਿਸਤਾਨ ਜਿਹੇ ਦੋ ਪ੍ਰਮਾਣੂ ਤਾਕਤ ਨਾਲ ਲੈਸ ਮੁਲਕਾਂ ਦਰਮਿਆਨ ‘ਬਫਰ ਸਟੇਟ’ ਦਾ ਕੰਮ ਕਰੇਗਾ ਜੋ ਕਿ ਖੇਤਰੀ ਟਕਰਾਅ ਨੂੰ ਰੋਕਣ ਵਿਚ ਸਹਾਈ ਹੋਵੇਗਾ।’