ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੀ ਰਹੇਗੀ: ਸਾਹਨੀ

ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੀ ਰਹੇਗੀ: ਸਾਹਨੀ

ਨਵੀਂ ਦਿੱਲੀ – ਪੰਜਾਬ ਤੋਂ ‘ਆਪ’ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਸੰਸਦ ਵਿੱਚ ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਰਕਾਬ ਗੰਜ ਸਾਹਿਬ ਵਿੱਚ ਸ਼ੁਕਰਾਨੇ ਵਜੋਂ ਅਦਰਾਸ ਕਰਵਾਈ ਗਈ ਤੇ ਪਰਮਾਤਮਾ ਅੱਗੇ ਕੌਮ ਦੀ ਬਿਹਤਰੀ ਲਈ ਹੋਰ ਕੰਮ ਕਰਨ ਦੀ ਪ੍ਰੇਰਨਾ ਲਈ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੀ ਰਹੇਗੀ, ਇਸ ਲਈ ਸੰਘਰਸ਼ ਕੀਤਾ ਜਾਵੇਗਾ। ਪੰਜਾਬ ਦੇ ਮਸਲੇ ਜ਼ੋਰ ਨਾਲ ਉਠਾਏ ਜਾਣਗੇ, ਹੱਕਾਂ ਲਈ ਲੜਾਈ ਲੜੀ ਜਾਵੇਗੀ, ਕਿਸਾਨਾਂ ਦੇ ਮਸਲੇ ਤੇ ਉਨ੍ਹਾਂ ਦੀ ਵਿੱਤੀ ਹਾਲਤ ਸੁਧਾਰਨ ਲਈ ਕੇਂਦਰ ਸਰਕਾਰ ਕੋਲ ਮੁੱਦੇ ਉਠਾਏ ਜਾਣਗੇ। ਸ੍ਰੀ ਸਾਹਨੀ ਨੇ ਕਿਹਾ ਕਿ ਹਰ ਪੰਜਾਬੀ ਹੀ ਚੁਣਿਆ ਗਿਆ ਸਮਝੇ ਤੇ ਪੰਜਾਬ ਦੇ ਹੱਕਾਂ ਦੀ ਲੜਾਈ ਮਿਲ ਕੇ ਲੜੀ ਜਾਵੇਗੀ। ਉਨ੍ਹਾਂ ਕਿਹਾ ਸਾਥੀ ਸੰਸਦ ਮੈਂਬਰਾਂ ਨਾਲ ਮਿਲ ਕੇ ਅੱਜ ਪਹਿਲੇ ਦਿਨ ਤੋਂ ਹੀ ਮੁੱਦਿਆਂ ਦੀ ਗੱਲ ਸ਼ੁਰੂ ਕੀਤੀ ਹੈ। ਨਵੰਬਰ 1984 ਦੇ ਸਿੱਖਾਂ ਨਾਲ ਇਨਸਾਫ਼ ਲਈ ਆਵਾਜ਼ ਬੁਲੰਦ ਕੀਤੀ ਜਾਵੇਗੀ ਤੇ ਪੰਜਾਬ ਵਿੱਚ ਸਿੱਖਿਆ ਦੇ ਖੇਤਰ ਵਿੱਚ ਕਾਰਜ ਕੀਤੇ ਜਾਣਗੇ।
ਇਸ ਮੌਕੇ ਰਾਜ ਸਭਾ ਵਿੱਚ ਪਹਿਲੀ ਵਾਰ ਜਾਣ ਵਾਲੇ ਬਲਬੀਰ ਸਿੰਘ ਸੀਚੇਵਾਲ, ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ, ਰਾਜੌਰੀ ਗਾਰਡਨ ਸਿੰਘ ਦੇ ਪ੍ਰਧਾਨ ਹਰਮਨਜੀਤ ਸਿੰਘ, ਗੁਰੂ ਨਾਨਕ ਪਬਲਿਕ ਸਕੂਲ ਦੇ ਮੁਖੀ ਤਰਲੋਚਨ ਸਿੰਘ, ਡਾ. ਰਵੇਲ ਸਿੰਘ, ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਸਨਅਤਕਾਰ ਰਾਜੂ ਚੱਢਾ, ਜਗਜੀਤ ਸਿੰਘ ਸੂਰੀ ਤੇ ਪੰਜਾਬੀ ਅਕਾਦਮੀ ਦਿੱਲੀ ਦੇ ਮੀਤ ਚੇਅਰਮੈਨ ਹਰਸ਼ਰਨ ਸਿੰਘ ਬੱਲੀ ਤੇ ਹੋਰ ਸਿੱਖ ਸ਼ਖ਼ਸੀਅਤਾਂ ਹਾਜ਼ਰ ਸਨ।

ਪੰਜਾਬ ਦੇ ਪਾਣੀਆਂ ਦਾ ਮੁੱਦਾ ਚੁੱਕਾਂਗੇ: ਸੀਚੇਵਾਲ
ਵਾਤਾਵਰਨ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਉਹ ਇਸ ਸੈਸ਼ਨ ਦੌਰਾਨ ਪੰਜਾਨ ਵਿੱਚੋਂ ਧਰਤੀ ਹੇਠਲਾ ਪਾਣੀ ਦਿਨੋ-ਦਿਨ ਹੇਠਾਂ ਜਾਣ ਤੇ ਪ੍ਰਦੂਸ਼ਣ ਤੇ ਵਾਤਾਵਰਣ ਨਾਲ ਜੁੜੇ ਹੋਰ ਮੁੱਦੇ ਉਠਾਉਣਗੇ। ਉਨ੍ਹਾਂ ਕਿਹਾ ਕਿ ਅੱਜ ਸੈਸ਼ਨ ਸ਼ੁਰੂ ਹੋਣ ਦੌਰਾਨ ਮਹਿੰਗਾਈ ਦੇ ਮੁੱਦੇ ’ਤੇ ਸਦਨ ਵਿੱਚ ਸ਼ੋਰ ਪੈਣ ਕਰ ਕੇ ਸਦਨ ਚੁੱਕ ਦਿੱਤਾ ਗਿਆ ਜਿਸ ਕਰ ਕੇ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਭਾਰਤ ਦੀ ਰਾਜ ਸਭਾ ਵਿੱਚ ਅੱਜ ਪਹਿਲਾ ਦਿਨ ਸੀ ਤੇ ਆਪਣੇ ਸਾਥੀਆਂ ਨਾਲ ਦਿੱਲੀ ਪਹੁੰਚੇ ਹੋਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦਾ ਜ਼ਮੀਨਦੋਜ਼ ਪਾਣੀ ਸਿਰਫ਼ 17 ਸਾਲਾਂ ਦਾ ਹੀ ਰਹਿਣ, ਵਰਤੇ ਗਏ ਪਾਣੀ ਦੀ ਮੁੜ ਵਰਤੋਂ ਤੇ ਜ਼ਮੀਨਦੋਜ਼ ਪਾਣੀ ਦਾ ਪੱਧਰ ਉਪਰ ਚੁੱਕਣ ਬਾਰੇ ਉਹ ਸੈਸ਼ਨ ਦੌਰਾਨ ਜ਼ਰੂਰ ਗੱਲ ਕਰਨਗੇ।

ਸਾਹਨੀ ਵੱਲੋਂ ਤਨਖ਼ਾਹ ਸਿੱਖਿਆ ਫੰਡ ’ਚ ਦੇਣ ਦਾ ਐਲਾਨ
ਨਵੀਂ ਦਿੱਲੀ: ਵਿਕਰਮਜੀਤ ਸਿੰਘ ਸਾਹਨੀ ਨੇ ਸੰਸਦ ਮੈਂਬਰ ਰਾਜ ਸਭਾ ਵਜੋਂ ਸਹੁੰ ਚੁੱਕੀ। ਅਹੁਦਾ ਸੰਭਾਲਦਿਆਂ ਸ੍ਰੀ ਸਾਹਨੀ ਨੇ ਕਿਹਾ, ‘‘ਸਭ ਤੋਂ ਵੱਡੇ ਲੋਕਤੰਤਰ ਦੇ ਸੁਪਰੀਮ ਹਾਊਸ ਦਾ ਹਿੱਸਾ ਬਣਨਾ ਜੀਵਨ ਭਰ ਦੀ ਪ੍ਰਾਪਤੀ ਹੈ।’’ ਉਨ੍ਹਾਂ ਪੰਜਾਬੀ ਵਿੱਚ ਸਹੁੰ ਚੁੱਕੀ। ਸ੍ਰੀ ਸਾਹਨੀ ਨੇ ਕਿਹਾ, ‘‘ਮੇਰੀ ਮੁੱਢਲੀ ਜ਼ਿੰਮੇਵਾਰੀ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੀ ਸੇਵਾ ਤੇ ਸੂਬੇ ਨੂੰ ਇਸ ਦੀ ਸ਼ਾਨ ਵਿੱਚ ਵਾਪਸ ਲਿਆਉਣਾ ਰਹੀ ਹੈ, ਮੈਨੂੰ ਇਸ ’ਤੇ ਬਹੁਤ ਮਾਣ ਹੈ।’’ ਉਨ੍ਹਾਂ ਕਿਹਾ ਕਿ ਬਤੌਰ ਐਮਪੀ ਆਪਣੀ ਪੂਰੀ ਤਨਖ਼ਾਹ 2 ਕਰੋੜ ਰੁਪਏ ਨਵੇਂ ਬਣੇ ਪੰਜਾਬ ਐਜੂਕੇਸ਼ਨਲ ਵੈੱਲਫੇਅਰ ਫੰਡ ਵਿੱਚ ਦਾਨ ਕਰਨਗੇ।