ਖ਼ੈਰਾਤਾਂ ਵੰਡ ਕੇ ਵੋਟਾਂ ਲੈਣ ਦਾ ਸੱਭਿਆਚਾਰ ਮੁਲਕ ਲਈ ਬਹੁਤ ਖ਼ਤਰਨਾਕ: ਮੋਦੀ

ਖ਼ੈਰਾਤਾਂ ਵੰਡ ਕੇ ਵੋਟਾਂ ਲੈਣ ਦਾ ਸੱਭਿਆਚਾਰ ਮੁਲਕ ਲਈ ਬਹੁਤ ਖ਼ਤਰਨਾਕ: ਮੋਦੀ

ਜਾਲੌਨ (ਯੂਪੀ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਤੋਂ ਵੋਟਾਂ ਲੈਣ ਲਈ ਮੁਫ਼ਤ ਚੀਜ਼ਾਂ ਵੰਡਣ ਦੇ ਸੱਭਿਆਚਾਰ ਪ੍ਰਤੀ ਸੁਚੇਤ ਕਰਦਿਆਂ ਕਿਹਾ ਕਿ ਇਹ ‘ਰਿਉੜੀ ਸੱਭਿਆਚਾਰ’ ਮੁਲਕ ਦੇ ਵਿਕਾਸ ਲਈ ਕਾਫ਼ੀ ਖਤਰਨਾਕ ਹੈ। ਉਨ੍ਹਾਂ ਵੱਖ-ਵੱਖ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਮੁਫ਼ਤ ਸਹੂਲਤਾਂ ਦੇਣ ਸਬੰਧੀ ਕੀਤੇ ਜਾਂਦੇ ਵਾਅਦਿਆਂ ਲਈ ‘ਰਿਉੜੀ’ ਸ਼ਬਦ ਦੀ ਇੱਕ ਪ੍ਰਤੀਕ ਵਜੋਂ ਵਰਤੋਂ ਕੀਤੀ। ਇੱਥੇ ਲਗਪਗ 14,850 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ 296 ਕਿਲੋਮੀਟਰ ਲੰਮੇ ਬੁੰਦੇਲਖੰਡ ਐਕਸਪ੍ਰੈੱਸਵੇਅ ਦਾ ਉਦਘਾਟਨ ਕਰਨ ਮਗਰੋਂ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਹ ਐਕਸਪ੍ਰੈੱਸਵੇਅ ਨਾ ਸਿਰਫ਼ ਵਾਹਨਾਂ ਨੂੰ ਤੇਜ਼ ਗਤੀ ਦੇਵੇਗਾ ਬਲਕਿ ਸਮੁੱਚੇ ਬੁੰਦੇਲਖੰਡ ਦੇ ਸਨਅਤੀ ਵਿਕਾਸ ਨੂੰ ਵੀ ਤੇਜ਼ ਕਰੇਗਾ। ਉਨ੍ਹਾਂ ਕਿਹਾ ਕਿ ਬੁੰਦੇਲਖੰਡ ਐਕਸਪ੍ਰੈਸਵੇਅ ਰਾਹੀਂ ਚਿੱਤਰਕੂਟ ਤੋਂ ਦਿੱਲੀ ਤੱਕ ਦੀ ਦੂਰੀ ਘਟ ਕੇ ਤਿੰਨ ਤੋਂ ਚਾਰ ਘੰਟੇ ਰਹਿ ਗਈ ਹੈ ਪਰ ਇਸ ਦਾ ਫ਼ਾਇਦਾ ਇਸ ਤੋਂ ਵੀ ਕਿਤੇ ਵੱਧ ਹੋਵੇਗਾ। ਉਨ੍ਹਾਂ ਯੂਪੀ ਵਿੱਚ ਸੰਚਾਰ ਸਾਧਨਾਂ ਲਈ ਪਿਛਲੀਆਂ ਸਰਕਾਰਾਂ ਸਮੇਂ ਹੋਏ ਕੰਮਾਂ ’ਤੇ ਵੀ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ ਕਿ ਹਰ ਫ਼ੈਸਲੇ ਤੇ ਨੀਤੀ ਪਿੱਛੇ ਇਹੀ ਸੋਚ ਹੋਣੀ ਚਾਹੀਦੀ ਹੈ ਕਿ ਇਸ ਨਾਲ ਮੁਲਕ ਦਾ ਵਿਕਾਸ ਤੇਜ਼ ਹੋਵੇ।