ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾ ਕਰਵਾਉਣ ’ਤੇ ਰੋਸ

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾ ਕਰਵਾਉਣ ’ਤੇ ਰੋਸ

ਚੇਤਨਪੁਰਾ – ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਈਮਾਨ ਸਿੰਘ ਮਾਨ ਵੱਲੋਂ ਵਿਧਾਨ ਸਭਾ ਹਲਕਾ ਮਜੀਠਾ ਦੇ ਇੰਚਾਰਜ ਭਾਈ ਕੁਲਵੰਤ ਸਿੰਘ ਕੋਟਲਾ ਗੁੱਜਰਾਂ ਤੇ ਜ਼ਿਲ੍ਹਾ ਪ੍ਰਧਾਨ ਭਾਈ ਅਮਰੀਕ ਸਿੰਘ ਨੰਗਲ ਦੀ ਅਗਵਾਈ ਹੇਠ ਪਿੰਡ ਕੋਟਲਾ ਗੁੱਜਰਾਂ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਰਐੱਸਐੱਸ ਦੀ ਸੋਚ ’ਤੇ ਚੱਲਦਿਆਂ ਪਿਛਲੇ 11 ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਾ ਕਰਵਾ ਕੇ ਅਸਿੱਧੇ ਰੂਪ ਵਿੱਚ ਗੁਰੂਘਰਾਂ ਅਤੇ ਸਿੱਖ ਸੰਸਥਾਵਾਂ ’ਤੇ ਬਾਦਲਾਂ ਦੀ ਮਦਦ ਨਾਲ ਕਬਜ਼ਾ ਕੀਤਾ ਹੋਇਆ ਹੈ, ਜਿਸ ਨੂੰ ਛੁਡਵਾਉਣ ਲਈ ਸਿੱਖਾਂ ਨੂੰ ਇਕੱਠੇ ਹੋ ਕੇ ਵੱਡੀ ਜੱਦੋ ਜਹਿਦ ਕਰਨੀ ਪਵੇਗੀ। ਉਨ੍ਹਾਂ ਅੱਗੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੇ ਸਹੀ ਚੋਣ ਹੋਈ ਹੁੰਦੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਨਾ ਤਾਂ ਬੇਅਦਬੀ ਹੋਣੀ ਸੀ ਅਤੇ ਨਾ ਹੀ 328 ਸਰੂਪ ਗਾਇਬ ਹੋਣੇ ਸਨ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਵੱਖ ਵੱਖ ਸਿੱਖ ਆਗੂਆਂ ਤੇ ਧਾਰਮਿਕ ਸਿੱਖੀ ਸੰਸਥਾਵਾਂ ਦੀ ਮਦਦ ਨਾਲ ਸਿੱਖ ਜੁਡੀਸ਼ੀਅਲ ਕੋਰਟ ਵਿੱਚ 328 ਸਰੂਪਾਂ ਦੇ ਗਾਇਬ ਹੋ ਜਾਣ ਦਾ ਕੇਸ ਕੀਤਾ ਹੋਇਆ ਹੈ ਤੇ ਉਹ ਕੋਰਟ ਵਿੱਚ ਉਸ ਕੇਸ ਦੀ ਤਾਰੀਕ ਭੁਗਤਣ ਲਈ ਹੀ ਇੱਥੇ ਆਏ ਹੋਏ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਪਿਛਲੇ ਤਿੰਨ ਮਹੀਨਿਆਂ ਵਿੱਚ ਬੁਰੀ ਤਰ੍ਹਾਂ ਨਾਲ ਫੇਲ ਸਾਬਤ ਹੋਈ ਹੈ, ਕਿਉਂਕਿ ਇਹ ਸਰਕਾਰ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਅਤੇ ਪੰਜਾਬ ਦੀ ਜਨਤਾ ਨੂੰ ਸੁਖ ਸਹੂਲਤਾਂ ਦੇਣ ਵਿਚ ਬੁਰੀ ਤਰ੍ਹਾਂ ਨਾਲ ਨਾਕਾਮਯਾਬ ਸਾਬਤ ਹੋਈ ਹੈ। ਉਨ੍ਹਾਂ ਪਾਰਟੀ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਅਗਾਮੀ ਲੋਕ ਸਭਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਬਿਲਕੁਲ ਤਿਆਰ-ਬਰ ਤਿਆਰ ਰਹਿਣ ਤਾਂ ਕਿ ਪੰਥ ਅਤੇ ਸਿੱਖ ਦੋਖੀਆਂ ਨੂੰ ਪੰਜਾਬ ਵਿੱਚੋਂ ਭਾਂਜ ਦਿੱਤੀ ਜਾ ਸਕੇ। ਇਸ ਮੌਕੇ ਭਾਈ ਕੁਲਵੰਤ ਸਿੰਘ ਮਝੈਲ, ਰਾਜਪ੍ਰੀਤ ਸਿੰਘ ਭੁੱਲਰ, ਦਵਿੰਦਰ ਸਿੰਘ ਸ਼ਹਿਰੀ ਪ੍ਰਧਾਨ, ਬੀਬੀ ਦਲਜੀਤ ਕੌਰ ਕਾਦੀਆਂ, ਹਰਵੰਤ ਸਿੰਘ ਨੰਗਲ, ਬਲਬੀਰ ਸਿੰਘ ਭਾਗੀ ਨੰਗਲ, ਅਮਰਜੀਤ ਸਿੰਘ, ਦਲਜੀਤ ਸਿੰਘ ਧਰਮੀ ਫ਼ੌਜੀ, ਸੁਖ ਮਹੱਦੀਪੁਰ, ਕਸ਼ਮੀਰ ਸਿੰਘ ਫੌਜੀ, ਬਲਵਿੰਦਰ ਸਿੰਘ, ਡਾ: ਬਿਕਰਮਜੀਤ ਸਿੰਘ, ਗੁਰਮੇਜ ਸਿੰਘ ਮੱਤੇਨੰਗਲ ਹਾਜ਼ਰ ਸਨ