ਪਟਿਆਲਾ ਜੇਲ੍ਹ ’ਚ ਮੁਣਸ਼ੀ ਬਣਿਆ ਦਲੇਰ ਮਹਿੰਦੀ

ਪਟਿਆਲਾ ਜੇਲ੍ਹ ’ਚ ਮੁਣਸ਼ੀ ਬਣਿਆ ਦਲੇਰ ਮਹਿੰਦੀ

ਪਟਿਆਲਾ – ਕਬੂਤਰਬਾਜ਼ੀ ਦੇ ਕੇਸ ’ਚ ਹੋਈ ਦੋ ਸਾਲਾਂ ਦੀ ਕੈਦ ਤਹਿਤ ਪਟਿਆਲਾ ਜੇਲ੍ਹ ਪਹੁੰਚੇ ਪੌਪ ਗਾਇਕ ਦਲੇਰ ਮਹਿੰਦੀ ਨੂੰ ਅੱਜ ਜੇਲ੍ਹ ਵਿੱਚ ਮੁਣਸ਼ੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਅੱਜ ਹਸਪਤਾਲ ਵਿਚ ਮੈਡੀਕਲ ਕਰਾਉਣ ਮਗਰੋਂ ਦਲੇਰ ਮਹਿੰਦੀ ਨੂੰ ਕੰਮ ਦੀ ਵੰਡ ਵੀ ਕਰ ਦਿੱਤੀ ਗਈ। ਮਿਲੇ ਅਧਿਕਾਰ ਤਹਿਤ ਕੰਮ ਦੀ ਵੰਡ ਕਰਦਿਆਂ, ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਦਲੇਰ ਤੋਂ ਕਲੈਰੀਕਲ ਕੰਮ ਲੈਣ ਦੇ ਆਦੇਸ਼ ਜਾਰੀ ਕੀਤੇ ਹਨ। ਉਂਜ ਸੁਰੱਖਿਆ ਕਾਰਨਾਂ ਕਰਕੇ ਉਹ ਬੈਰਕ ਵਿੱਚ ਰਹਿ ਕੇ ਹੀ ਆਪਣਾ ਕੰਮ ਕਰੇਗਾ। ਇਸ ਤਹਿਤ ਜੇਲ੍ਹ ਮੁਲਾਜ਼ਮ ਰੋਜ਼ਾਨਾ ਦਲੇਰ ਮਹਿੰਦੀ ਨੂੰ ਬੈਰਕ ਵਿੱਚ ਰਜਿਸਟਰ ਦੇ ਕੇ ਜਾਇਆ ਕਰੇਗਾ ਤੇ ਕੰਮ ਮੁਕੰਮਲ ਹੋਣ ਮਗਰੋਂ ਵਾਪਸ ਲੈ ਜਾਇਆ ਕਰੇਗਾ। ਯਾਦ ਰਹੇ ਕਿ ਨਵਜੋਤ ਸਿੱਧੂ ਤੋਂ ਵੀ ਕਲੈਰੀਕਲ ਕੰਮ ਲਿਆ ਜਾ ਰਿਹਾ ਹੈ ਤੇ ਸੁਰੱਖਿਆ ਕਾਰਨਾਂ ਕਰਕੇ ਸਿੱਧੂ ਨੂੰ ਵੀ ਬੈਰਕ ਵਿੱਚੋਂ ਬਾਹਰ ਨਹੀਂ ਕੱਢਿਆ ਜਾਂਦਾ। ਹੁਣ ਦੋਵੇਂ ਮੁਣਸ਼ੀ ਬੈਰਕ ’ਚ ਰਹਿ ਕੇ ਇਕੱਠਿਆਂ ਹੀ ਰਜਿਸਟਰਾਂ ’ਤੇ ਲਿਖਤ ਦਾ ਕੰਮ ਕਰਨਗੇ। ਜਾਣਕਾਰੀ ਅਨੁਸਾਰ ਦਲੇਰ ਮਹਿੰਦੀ ਨੂੰ ਵੀ ਸਿੱਧੂ ਵਾਲੀ ਬੈਰਕ ’ਚ ਰੱਖਿਆ ਗਿਆ ਹੈ, ਪਰ ਅੱਜ ਤੋਂ ਸਿੱਧੂ ਤਖ਼ਤਪੋਸ਼ ’ਤੇ ਹੋਣਗੇ ਜਦਕਿ ਮਹਿੰਦੀ ਫਰਸ਼ ’ਤੇ ਪਿਆ ਕਰੇਗਾ।