‘ਆਪ’ ਵਾਲਿਆਂ ਨੂੰ ਚੁਟਕਲੇ ਆਉਂਦੇ ਨੇ ਰਾਜ ਕਰਨਾ ਨਹੀਂ: ਮਾਨ

‘ਆਪ’ ਵਾਲਿਆਂ ਨੂੰ ਚੁਟਕਲੇ ਆਉਂਦੇ ਨੇ ਰਾਜ ਕਰਨਾ ਨਹੀਂ: ਮਾਨ

ਰਾਜਪੁਰਾ – ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦਾ ਅੱਜ ਰਾਜਪੁਰਾ ਪੁੱਜਣ ’ਤੇ ਪਾਰਟੀ ਵਰਕਰਾਂ ਵੱਲੋਂ ਸਰਕਲ ਪ੍ਰਧਾਨ ਜਗਜੀਤ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਭਰਵਾਂ ਸਵਾਗਤ ਕੀਤਾ ਗਿਆ। ਉਹ 18 ਜੁਲਾਈ ਨੂੰ ਹੋਣ ਜਾ ਰਹੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਵਾਇਆ ਰਾਜਪੁਰਾ ਤੋਂ ਦਿੱਲੀ ਜਾ ਰਹੇ ਸਨ। ਮੀਡੀਆ ਨਾਲ ਗੱਲ ਕਰਦਿਆਂ ਸ੍ਰੀ ਮਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਰਾਸ਼ਟਰਪਤੀ ਦੀ ਚੋਣ ਲਈ ਦੋਵੇਂ ਉਮੀਦਵਾਰਾਂ ਨੂੰ ਪੰਜਾਬ ਦੇ ਮਾਮਲਿਆਂ ’ਤੇ ਸਵਾਲ ਪੁੱਛੇ ਗਏ ਹਨ, ਪਰ ਹਾਲੇ ਤੱਕ ਕੋਈ ਜਵਾਬ ਨਹੀਂ ਆਇਆ। ਉਨ੍ਹਾਂ ਦੇ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ 16 ਜੁਲਾਈ ਨੂੰ ਦੋਵੇਂ ਉਮੀਦਵਾਰਾਂ ਨੂੰ ਮਿਲਣਗੇ ਅਤੇ ਆਪਣੇ ਸਵਾਲਾਂ ਦੇ ਜੁਆਬ ਮੰਗਣਗੇ। ਉਨ੍ਹਾਂ ਵੱਲੋਂ ਦਿੱਤੇ ਜਵਾਬ ਤੋਂ ਬਾਅਦ ਹੀ ਵੋਟ ਪਾਉਣ ਦਾ ਫ਼ੈਸਲਾ ਲਿਆ ਜਾਵੇਗਾ।

ਸੂਬਾ ਸਰਕਾਰ ਬਾਰੇ ਸਵਾਲ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਬੁੱਧੀਹੀਣ ਤੇ ਦਿਸ਼ਾਹੀਣ ਹੈ। ਉਨ੍ਹਾਂ ਕਿਹਾ ਕਿ ‘ਆਪ’ ਆਗੂ ਸਿਰਫ਼ ਚੁਟਕਲੇ ਸੁਣਾ ਕੇ ਲੋਕਾਂ ਨੂੰ ਹਸਾ ਸਕਦੇ ਹਨ, ਪਰ ਹਾਲੇ ਇਨ੍ਹਾਂ ਨੂੰ ਰਾਜ ਕਰਨਾ ਨਹੀਂ ਆਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਰੋਜ਼ ਪੁੱਠੇ-ਸਿੱਧੇ ਬਿਆਨ ਦੇ ਰਹੇ ਹਨ ਤੇ ਆਪ-ਮੁਹਾਰੇ ਹੀ ਚੰਡੀਗੜ੍ਹ ’ਤੇ ਆਪਣਾ ਹੱਕ ਛੱਡ ਰਹੇ ਹਨ। ਖ਼ਾਲਿਸਤਾਨ ਦੇ ਸਵਾਲ ’ਤੇ ਸ੍ਰੀ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਜਿੱਤ ਨਾਲ ਖਾਲਿਸਤਾਨ ਦੀ ਮੰਗ ਨੂੰ ਬਲ ਮਿਲਿਆ ਹੈ।

ਘੱਗਰ ਤੇ ਨਹਿਰੀ ਪਾਣੀ ਦਾ ਮੁੱਦਾ ਸੰਸਦ ’ਚ ਚੁੱਕਣ ਦਾ ਐਲਾਨ
ਖਨੌਰੀ : ਸੰਗਰੂਰ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅੱਜ ਆਪਣੇ ਸਮਰਥਕਾਂ ਤੇ ਸਥਾਨਕ ਵੋਟਰਾਂ ਦਾ ਧੰਨਵਾਦ ਕਰਨ ਲਈ ਇਥੇ ਸਾਬਕਾ ਕੌਂਸਲਰ ਅਰੁਣ ਕੁਮਾਰ ਦੇ ਦਫ਼ਤਰ ਪੁੱਜੇ। ਉਨ੍ਹਾਂ ਕਿਹਾ ਕਿ ਉਹ ਸਭ ਤੋਂ ਪਹਿਲਾਂ ਸੰਸਦ ਵਿੱਚ ਖੇਤੀ ਲਈ ਨਹਿਰੀ ਪਾਣੀ ਤੇ ਘੱਗਰ ਦਰਿਆ ਦੇ ਰੁਕੇ ਹੋਏ ਕੰਮ ਮੁੜ ਸ਼ੁਰੂ ਕਰਵਾਉਣ ਦਾ ਮੁੱਦਾ ਚੁੱਕਣਗੇ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਮੁੱਦੇ ’ਤੇ ਬੋਲਦਿਆਂ ਉਨ੍ਹਾਂ ਕੇਂਦਰ ਸਰਕਾਰ ’ਤੇ ਸਿੱਖ ਕੌਮ ਦੀ ਜਮਹੂਰੀਅਤ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਗਿਆਰਾਂ ਸਾਲਾਂ ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਹੋ ਰਹੀਆਂ ਤੇ ਹੁਣ ਉਸ ਵਿੱਚ ਮਸੰਦ ਪੈਦਾ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਸੰਸਦ ਵਿੱਚ ਵਪਾਰ ਲਈ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਖੋਲ੍ਹਣ ਦੀ ਵੀ ਮੰਗ ਰੱਖਣਗੇ।