ਉਦੈਪੁਰ ਕਤਲ ਕਾਂਡ: ਤਿੰਨ ਮੁਲਜ਼ਮ ਪੁਲੀਸ ਤੇ ਚਾਰ ਨਿਆਂਇਕ ਹਿਰਾਸਤ ’ਚ ਭੇਜੇ

ਉਦੈਪੁਰ ਕਤਲ ਕਾਂਡ: ਤਿੰਨ ਮੁਲਜ਼ਮ ਪੁਲੀਸ ਤੇ ਚਾਰ ਨਿਆਂਇਕ ਹਿਰਾਸਤ ’ਚ ਭੇਜੇ

ਜੈਪੁਰ – ਐੱਨਆਈੲੇ ਕੋਰਟ ਨੇ ਉਦੈਪੁਰ ਵਿੱਚ ਦਰਜੀ ਕਨ੍ਹੱਈਆ ਲਾਲ ਕਤਲ ਕੇਸ ਦੇ ਤਿੰਨ ਮੁਲਜ਼ਮਾਂ ਨੂੰ 16 ਜੁਲਾਈ ਤੱਕ ਪੁਲੀਸ ਹਿਰਾਸਤ ਜਦੋਂਕਿ ਚਾਰ ਹੋਰਨਾਂ ਨੂੰ ਪਹਿਲੀ ਅਗਸਤ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਨ੍ਹਾਂ ਸਾਰਿਆਂ ਨੂੰ ਐੱਨਆਈਏ ਹਿਰਾਸਤ ਦੀ ਅੱਜ ਮਿਆਦ ਪੁੱਗਣ ਮਗਰੋਂ ਵੱਖੋ-ਵੱਖਰੇ ਸਮੇਂ ’ਤੇ ਕੋਰਟ ਵਿੱਚ ਪੇਸ਼ ਕੀਤਾ ਗਿਆ। ਵਿਸ਼ੇਸ਼ ਸਰਕਾਰੀ ਵਕੀਲ ਟੀ.ਪੀ.ਸ਼ਰਮਾ ਨੇ ਕਿਹਾ ਕਿ ਕੋਰਟ ਨੇ ਇਸ ਤੋਂ ਪਹਿਲਾਂ ਸਾਰੇ ਮੁਲਜ਼ਮਾਂ ਨੂੰ 12 ਜੁਲਾਈ ਤੱਕ ਕੌਮੀ ਜਾਂਚ ਏਜੰਸੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਸੀ। ਸ਼ਰਮਾ ਨੇ ਕਿਹਾ ਕਿ ਕੋਰਟ ਨੇ ਤਿੰਨ ਮੁਲਜ਼ਮਾਂ- ਰਿਆਜ਼ ਅਖਤਾਰੀ, ਗੌਸ ਮੁਹੰਮਦ ਤੇ ਫ਼ਰਹਾਦ ਮੁਹੰਮਦ ਸ਼ੇਖ਼ ਨੂੰ 16 ਜੁਲਾਈ ਤੱਕ ਪੁਲੀਸ ਹਿਰਾਸਤ ਵਿੱਚ ਭੇਜਿਆ ਹੈ। ਚਾਰ ਹੋਰਨਾਂ, ਜਿਨ੍ਹਾਂ ਦੀ ਪਛਾਣ ਮੁਹੰਮਦ ਮੋਹਸਿਨ, ਵਸੀਮ ਅਲੀ, ਆਸਿਫ਼ ਤੇ ਮੋਹਸਿਨ ਨੂੰ ਪਹਿਲੀ ਅਗਸਤ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਰਿਆਜ਼ ਅਖ਼ਤਾਰੀ ਤੇ ਗੌਸ ਮੁਹੰਮਦ ਨੇ 28 ਜੂਨ ਨੂੰ ਦਰਜੀ ਕਨ੍ਹੱਈਆ ਲਾਲ ਦੀ ਸੋਸ਼ਲ ਮੀਡੀਆ ’ਤੇ ਪਾਈ ਵਿਵਾਦਿਤ ਪੋਸਟ ਨੂੰ ਲੈ ਕੇ ਹੱਤਿਆ ਕਰ ਦਿੱਤੀ ਸੀ। ਮੁਲਜ਼ਮਾਂ ਨੇ ਮਗਰੋਂ ਇਸ ਅਪਰਾਧ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ। ਅਖ਼ਤਾਰੀ ਤੇ ਮੁਹੰਮਦ ਨੂੰ ਅਪਰਾਧ ਕਰਨ ਦੇ ਕੁਝ ਘੰਟਿਆਂ ਅੰਦਰ ਰਾਜਸਾਮੰਦ ਤੋਂ ਕਾਬੂ ਕੀਤਾ ਗਿਆ ਸੀ। ਦੋ ਦਿਨ ਮਗਰੋਂ ਮੋਹਸਿਨ ਤੇ ਆਸਿਫ਼ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ।