ਅੰਮ੍ਰਿਤਸਰ ਵਿੱਚ ਸਥਾਪਤ ਕੀਤਾ ਜਾਵੇ ਟੈਕਸਟਾਈਲ ਪਾਰਕ: ਔਜਲਾ

ਅੰਮ੍ਰਿਤਸਰ ਵਿੱਚ ਸਥਾਪਤ ਕੀਤਾ ਜਾਵੇ ਟੈਕਸਟਾਈਲ ਪਾਰਕ: ਔਜਲਾ

ਅੰਮ੍ਰਿਤਸਰ – ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਦੇ ਕੱਪੜਾ ਸਨਅਤਕਾਰਾਂ ਦੇ ਹਵਾਲੇ ਨਾਲ ਪੰਜਾਬ ਸਰਕਾਰ ਅੱਗੇ ਮੰਗ ਰੱਖੀ ਹੈ ਕਿ ਕੱਪੜਾ ਸਨਅਤ ਨੂੰ ਸਰਜੀਤ ਕਰਨ ਲਈ ਟੈਕਸਟਾਈਲ ਪਾਰਕ ਅੰਮ੍ਰਿਤਸਰ ਵਿੱਚ ਸਥਾਪਤ ਕੀਤਾ ਜਾਵੇ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਮੱਤੇਵਾੜਾ ਜੰਗਲ ਨੇੜੇ ਬਣਨ ਵਾਲਾ ਟੈਕਸਟਾਈਲ ਪਾਰਕ ਜੋ ਰੱਦ ਕਰ ਦਿੱਤਾ ਗਿਆ ਹੈ, ਨੂੰ ਹੁਣ ਅੰਮ੍ਰਿਤਸਰ ਵਿੱਚ ਸਥਾਪਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਕਦੇ ਵੱਖ-ਵੱਖ ਸਨਅਤਾਂ ਦਾ ਕੇਂਦਰ ਹੁੰਦਾ ਸੀ ਪਰ ਅਤਿਵਾਦ ਤੋਂ ਬਾਅਦ ਲਗਾਤਾਰ ਪਛੜਦਾ ਗਿਆ ਹੈ। ਸਮੇਂ ਦੀਆਂ ਸਰਕਾਰਾਂ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਅਤਿਵਾਦ ਤੋਂ ਪਹਿਲਾਂ ਤਕ ਵਪਾਰੀ ਇੱਥੇ ਖ਼ੁਦ ਮਾਲ ਲੈਣ ਲਈ ਆਉਂਦੇ ਸਨ ਪਰ ਅਤਿਵਾਦ ਦੇ ਵੇਲੇ ਕਈ ਸਨਅਤਕਾਰ ਸ਼ਹਿਰ ਛੱਡ ਕੇ ਚਲੇ ਗਏ ਸਨ। ਸਰਹੱਦੀ ਖੇਤਰ ਵਿੱਚ ਸਨਅਤਾਂ ਨੂੰ ਸੁਰਜੀਤ ਕਰਨ ਲਈ ਸੰਸਦ ਵਿੱਚ ਆਵਾਜ਼ ਚੁੱਕਣ ਮਗਰੋਂ ਸ੍ਰੀ ਔਜਲਾ ਨੇ ਹੁਣ ਮੁੱਖ ਮੰਤਰੀ ਦਾ ਧਿਆਨ ਅੰਮ੍ਰਿਤਸਰ ਵੱਲ ਕੇਂਦਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਸਨਅਤੀ ਹੱਬ ਰਹਿ ਚੁੱਕਾ ਹੈ ਅਤੇ ਇੱਥੇ ਕੌਮਾਂਤਰੀ ਹਵਾਈ ਅੱਡਾ ਵੀ ਹੈ। ਇਹ ਸ਼ਹਿਰ ਰੇਲ ਮਾਰਗ ਅਤੇ ਸੜਕ ਮਾਰਗ ਨਾਲ ਵੀ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਨਅਤ ਖੁੱਸਣ ਕਰ ਕੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਵੱਡੀ ਆਰਥਿਕ ਢਾਹ ਲੱਗੀ ਹੈ। ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਮਾਝੇ ਵਿੱਚੋਂ ਸਭ ਤੋਂ ਜ਼ਿਆਦਾ ਨੌਜਵਾਨ ਵਿਦੇਸ਼ਾਂ ਵੱਲ ਪਰਵਾਸ ਕਰ ਰਹੇ ਹਨ। ਜੇ ਸਨਅਤੀ ਵਿਕਾਸ ਦਾ ਕੇਂਦਰ ਅੰਮ੍ਰਿਤਸਰ ਵਿੱਚੋਂ ਹੋਵੇਗਾ ਤਾਂ ਲੱਖਾਂ ਨੌਜਵਾਨ ਆਪਣੇ ਸ਼ਹਿਰ ਵਿਚ ਰਹਿ ਕੇ ਕਾਰੋਬਾਰ ਕਰਨਗੇ।