ਦੇਸ਼ ਨੂੰ ਖਤਮ ਕਰ ਸਕਦੀ ਹੈ ਲੋਕ ਲੁਭਾਉਣੀ ‘ਸ਼ਾਰਟ-ਕੱਟ’ ਰਾਜਨੀਤੀ: ਮੋਦੀ

ਦੇਸ਼ ਨੂੰ ਖਤਮ ਕਰ ਸਕਦੀ ਹੈ ਲੋਕ ਲੁਭਾਉਣੀ ‘ਸ਼ਾਰਟ-ਕੱਟ’ ਰਾਜਨੀਤੀ: ਮੋਦੀ

ਪ੍ਰਧਾਨ ਮੰਤਰੀ ਵੱਲੋਂ ਝਾਰਖੰਡ ’ਚ ਕਈ ਪ੍ਰਾਜੈਕਟਾਂ ਦਾ ਉਦਘਾਟਨ; ਦੇਵਘਰ ਜ਼ਿਲ੍ਹੇ ਵਿਚ ਕੀਤਾ ਰੋਡ ਸ਼ੋਅ
ਦੇਵਘਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਲੋਕ ਲੁਭਾਉਣੇ ਕਦਮਾਂ ’ਤੇ ਆਧਾਰਿਤ ‘ਸ਼ਾਰਟ-ਕੱਟ’ ਰਾਜਨੀਤੀ ਦੇਸ਼ ਨੂੰ ਤਬਾਹ ਕਰ ਸਕਦੀ ਹੈ। ਪ੍ਰਧਾਨ ਮੰਤਰੀ ਨੇ ਇੱਥੇ 16,800 ਕਰੋੜ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਤੇ ਉਦਘਾਟਨ ਕਰਨ ਤੋਂ ਬਾਅਦ ਭਾਜਪਾ ਦੀ ਇਕ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ, ‘ਦੇਸ਼ ਅੱਗੇ ਸ਼ਾਰਟ-ਕੱਟ ਰਾਜਨੀਤੀ ਵੱਡੀ ਚੁਣੌਤੀ ਹੈ, ਪਰ ਇਹ ਵੀ ਕੌੜੀ ਸੱਚਾਈ ਹੈ ਕਿ ਜਿਸ ਦੇਸ਼ ਦੀ ਸਿਆਸਤ ਸ਼ਾਰਟ-ਕੱਟ ਉਤੇ ਆਧਾਰਿਤ ਹੋਵੇ, ਉੱਥੇ ਸ਼ਾਰਟ-ਸਰਕਟ ਵੀ ਹੋ ਸਕਦਾ ਹੈ। ਇਹ ਦੇਸ਼ ਨੂੰ ਤਬਾਹ ਕਰ ਸਕਦਾ ਹੈ।’ ਪ੍ਰਧਾਨ ਮੰਤਰੀ ਨੇ ਕਿਹਾ, ‘ਦੇਸ਼ ਜਦ ਆਜ਼ਾਦੀ ਦੇ 100 ਸਾਲ ਪੂਰੇ ਹੋਣ ਵੱਲ ਵਧੇਗਾ ਤਾਂ ਅਸੀਂ ਉਸ ਨੂੰ ਕੇਵਲ ਸਖ਼ਤ ਮਿਹਨਤ ਨਾਲ ਹੀ ਨਵੀਂ ਉਚਾਈ ਉਤੇ ਲਿਜਾ ਸਕਦੇ ਹਾਂ। ਲੋਕ-ਲੁਭਾਉਣੇ ਕਦਮ ਚੁੱਕ ਕੇ, ਲੰਮੇ ਸਮੇਂ ਦੇ ਇਨ੍ਹਾਂ ਦੇ ਸਿੱਟਿਆਂ ਬਾਰੇ ਸੋਚੇ ਬਿਨਾਂ ਸ਼ਾਰਟ-ਕੱਟ ਅਪਣਾ ਕੇ ਜਨਤਾ ਦੇ ਵੋਟ ਹਾਸਲ ਕਰਨਾ ਬਹੁਤ ਸੌਖਾ ਹੈ।’ ਮੋਦੀ ਨੇ ਨਾਲ ਹੀ ਕਿਹਾ ਕਿ ਭਾਰਤ ਆਸਥਾ ਤੇ ਅਧਿਆਤਮ ਦੀ ਧਰਤੀ ਹੈ ਤੇ ਤੀਰਥ ਯਾਤਰਾਵਾਂ ਨੇ ਸਾਨੂੰ ਇਕ ਬਿਹਤਰ ਸਮਾਜ ਤੇ ਦੇਸ਼ ਬਣਾਇਆ ਹੈ। ਪ੍ਰਧਾਨ ਮੰਤਰੀ ਨੇ ਅੱਜ ਦੇਵਘਰ ਵਿਚ 401 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਹਵਾਈ ਅੱਡੇ ਦਾ ਵੀ ਉਦਘਾਟਨ ਕੀਤਾ। ਇਹ ਹਵਾਈ ਅੱਡਾ 657 ਏਕੜ ਵਿਚ ਬਣਿਆ ਹੈ। ਉਨ੍ਹਾਂ ਨਵੇਂ ਹਵਾਈ ਅੱਡੇ ਤੋਂ ਅੱਜ ਕੋਲਕਾਤਾ ਤੱਕ ਇੰਡੀਗੋ ਦੀ ਉਡਾਣ ਨੂੰ ਹਰੀ ਝੰਡੀ ਦਿਖਾਈ। ਇਸ ਹਵਾਈ ਅੱਡੇ ਦਾ ਰਨਵੇਅ 2500 ਮੀਟਰ ਲੰਮਾ ਹੈ ਤੇ ਏਅਰਬਸ ਏ320 ਜਹਾਜ਼ ਇੱਥੇ ਉਤਰ ਸਕਦੇ ਹਨ। ਇਸ ਮੌਕੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਹਵਾਈ ਅੱਡੇ ਨੂੰ ਰਾਂਚੀ, ਪਟਨਾ ਤੇ ਦਿੱਲੀ ਨਾਲ ਜਲਦੀ ਹੀ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਝਾਰਖੰਡ ’ਚ ਤਿੰਨ ਹੋਰ ਹਵਾਈ ਅੱਡੇ ਬਣਨਗੇ। ਇਸ ਮੌਕੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੇਂਦਰ ਤੋਂ ਮਦਦ ਮਿਲਦੀ ਰਹੀ ਤਾਂ ਸੂਬਾ ਆਉਣ ਵਾਲੇ ਸਾਲਾਂ ਵਿਚ ਦੇਸ਼ ਦਾ ਮੋਹਰੀ ਰਾਜ ਬਣ ਜਾਵੇਗਾ। ਇਸ ਤੋਂ ਪਹਿਲਾਂ ਸੋਰੇਨ ਕੋਲੇ ਤੇ ਹੋਰਾਂ ਵਸਤਾਂ ਦੀਆਂ ਬਕਾਇਆ ਅਦਾਇਗੀਆਂ ਲਈ ਮੋਦੀ ਸਰਕਾਰ ਉਤੇ ਨਿਸ਼ਾਨਾ ਵੀ ਸੇਧਦੇ ਰਹੇ ਹਨ। ਮੋਦੀ ਨੇ ਦੇਵਘਰ ਜ਼ਿਲ੍ਹੇ ਵਿਚ ਅੱਜ 12 ਕਿਲੋਮੀਟਰ ਲੰਮਾ ਰੋਡ ਸ਼ੋਅ ਵੀ ਕੀਤਾ।