ਨਕਲੀ ਬੀਜਾਂ ਨੇ ਕੀਤਾ ਨਰਮੇ ਦਾ ਨੁਕਸਾਨ: ਧਾਲੀਵਾਲ

ਨਕਲੀ ਬੀਜਾਂ ਨੇ ਕੀਤਾ ਨਰਮੇ ਦਾ ਨੁਕਸਾਨ: ਧਾਲੀਵਾਲ

ਬਠਿੰਡਾ ਜ਼ਿਲ੍ਹੇ ਵਿੱਚ ਨਰਮੇ ਦੀ ਫ਼ਸਲ ਦਾ ਜਾਇਜ਼ਾ ਲਿਆ

ਬਠਿੰਡਾ – ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਜ਼ਿਲ੍ਹਾ ਬਠਿੰਡਾ ’ਚ ਬਿਮਾਰੀਆਂ ਤੋਂ ਪ੍ਰਭਾਵਿਤ ਨਰਮੇ ਦੀ ਫ਼ਸਲ ਦਾ ਖੇਤਾਂ ’ਚ ਜਾ ਕੇ ਨਿਰੀਖ਼ਣ ਕੀਤਾ। ਸ੍ਰੀ ਧਾਲੀਵਾਲ ਨੇ ਜੋਧਪੁਰ ਰੋਮਾਣਾ, ਜੈ ਸਿੰਘ ਵਾਲਾ, ਫੁੱਲੋ ਮਿੱਠੀ, ਪੱਕਾ ਕਲਾਂ, ਦੁੱਨੇਵਾਲਾ ਅਤੇ ਸੈਣੇਵਾਲਾ ਪਿੰਡਾਂ ਦਾ ਦੌਰਾ ਕੀਤਾ।

ਪੱਤਰਕਾਰਾਂ ਨਾਲ ਮੰਤਰੀ ਨੇ ਦੱਸਿਆ ਕਿ ਗੁਲਾਬੀ ਸੁੰਡੀ ਦਾ ਹਮਲਾ ਇਸ ਵਾਰ ਜ਼ਿਆਦਾ ਨਹੀਂ ਹੈ ਪਰ ਚਿੱਟੇ ਮੱਛਰ ਨੇ ਨਰਮੇ ਨੂੰ ਵੱਧ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਇਸ ਦੀ ਮੂਲ ਵਜ੍ਹਾ ਨਕਲੀ ਬੀਜਾਂ ਅਤੇ ਕੀਟਨਾਸ਼ਕਾਂ ਨੂੰ ਗਰਦਾਨਦਿਆਂ, ਸ਼੍ਰੋਮਣੀ ਅਕਾਲੀ ਦਲ ਨੂੰ ਵੀ ਨਿਸ਼ਾਨੇ ’ਤੇ ਲਿਆ। ਧਾਲੀਵਾਲ ਨੇ ਕਿਹਾ ਕਿ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੇ ਇਸ ਖੇਤਰ ਨੂੰ ਆਪਣੀ ਸਿਆਸਤ ਦਾ ਕੇਂਦਰੀ ਬਿੰਦੂ ਬਣਾ ਕੇ ਰੱਖਿਆ ਪਰ ਦੁਖਦਾਈ ਗੱਲ ਹੈ ਕਿ ਉਨ੍ਹਾਂ ਨੇ ਨਰਮਾ ਪੱਟੀ ਦੇ ਕਾਸ਼ਤਕਾਰਾਂ ਦੀ ਮਦਦ ਕਰਨ ਲਈ ਸੱਤਾ ’ਚ ਹੁੰਦਿਆਂ ਕਦੇ ਵੀ ਬਾਂਹ ਨਹੀਂ ਫੜੀ। ਉਨ੍ਹਾਂ ਕਿਹਾ ਕਿ ਜੇ ਅਜਿਹਾ ਹੋਇਆ ਹੁੰਦਾ ਤਾਂ ਹਾਲਾਤ ਕੁਝ ਹੋਰ ਹੁੰਦੇ। ਮੰਤਰੀ ਨੇ ਦੱਸਿਆ ਕਿ ਨਰਮਾ ਪੱਟੀ ਦੇ 6 ਜ਼ਿਲ੍ਹਿਆਂ ਦਾ ਜਾਇਜ਼ਾ ਲੈ ਕੇ ਰਾਹਤ ਦੇਣ ਲਈ 37 ਟੀਮਾਂ ਦੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਪੰਜਾਬ ਸਰਕਾਰ ਕਿਸਾਨਾਂ ਦੇ ਹਰ ਦੁੱਖ-ਸੁੱਖ ’ਚ ਉਨ੍ਹਾਂ ਨਾਲ ਡਟ ਕੇ ਖੜ੍ਹੀ ਹੈ। ਇੱਕ ਸਵਾਲ ਦੇ ਜਵਾਬ ’ਚ ਸ੍ਰੀ ਧਾਲੀਵਾਲ ਨੇ ਕਿਹਾ ਕਿ ਪਿਛਲੇ ਸਾਲ ਗੁਲਾਬੀ ਸੁੰਡੀ ਨਾਲ ਨੁਕਸਾਨੀ ਗਈ ਨਰਮੇ ਦੀ ਫ਼ਸਲ ਦਾ ਮੁਆਵਜ਼ਾ ਕਾਸ਼ਤਕਾਰਾਂ ਨੂੰ ਨਾ ਮਿਲਣ ਦੀ ਸ਼ਿਕਾਇਤ ਮਿਲੀ ਹੈ ਅਤੇ ਇਹ ਮੁਆਵਜ਼ਾ ਫੌਰੀ ਦੇਣ ਲਈ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਕਹਿ ਦਿੱਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਾਸ਼ਤਕਾਰਾਂ ਵੱਲੋਂ ਧੋਖੇ ਨਾਲ ਲਏ ਮੁਆਵਜ਼ੇ ਦੀ ਪੜਤਾਲ ਕਰਨ ਲਈ ਵੀ ਡਿਪਟੀ ਕਮਿਸ਼ਨਰ ਨੂੰ ਕਿਹਾ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਤੋਂ ਇਲਾਵਾ ਖੇਤੀ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।

ਗੁਜਰਾਤੀ ਬੀਜ ਦੇ ਮਾਮਲੇ ਦੀ ਹੋਵੇਗੀ ਜਾਂਚ: ਧਾਲੀਵਾਲ
ਬਠਿੰਡਾ/ਸੰਗਤ ਮੰਡੀ : ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸੂਬਾ ਸਰਕਾਰ ਨਕਲੀ ਬੀਜਾਂ, ਖਾਦਾਂ ਅਤੇ ਦਵਾਈਆਂ ਨੂੰ ਮੁਕੰਮਲ ਤੌਰ ’ਤੇ ਖ਼ਤਮ ਕਰੇਗੀ ਅਤੇ ਖੇਤੀ ਸੈਕਟਰ ਵਿਚਲੇ ਹਰ ਮਾਫ਼ੀਏ ਨੂੰ ਨੱਥ ਪਾਈ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਨਰਮਾ ਪੱਟੀ ਦੇ ਕਿਸਾਨਾਂ ਨੂੰ ਧੋਖੇ ਵਿੱਚ ਰੱਖ ਕੇ ਵੇਚੇ ਗਏ ਗੁਜਰਾਤੀ ਬੀਜ ਦੇ ਮਾਮਲੇ ਦੀ ਵੀ ਜਾਂਚ ਕੀਤੀ ਜਾਵੇਗੀ। ਜ਼ਿਲ੍ਹੇ ਦੇ ਪਿੰਡਾਂ ਵਿੱਚ ਨਰਮੇ ਦੀ ਫਸਲ ਦੇ ਸਰਵੇਖਣ ਦੌਰਾਨ ਸ੍ਰੀ ਧਾਲੀਵਾਲ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਫ਼ਸਲ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫ਼ਸਲੀ ਵਿਭਿੰਨਤਾ ਨੂੰ ਸਫ਼ਲ ਬਣਾਉਣ ਲਈ ਮੂੰਗੀ ਵਾਂਗ ਮੱਕੀ ਅਤੇ ਹੋਰ ਸਹਾਇਕ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਮੰਡੀਕਰਨ ’ਤੇ ਜ਼ੋਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਬਣਾਈਆਂ ਗਈਆਂ 230 ਟੀਮਾਂ ਵਲੋਂ ਅੱਜ 757 ਥਾਵਾਂ ’ਤੇ ਨਰਮੇ ਦੀ ਫ਼ਸਲ ਦਾ ਸਰਵੇਖਣ ਕੀਤਾ ਗਿਆ, ਜਿਸ ਵਿੱਚ 370 ਥਾਵਾਂ ’ਤੇ ਚਿੱਟਾ ਮੱਛਰ ਅਤੇ 14 ਥਾਵਾਂ ’ਤੇ ਨਾਮਾਤਰ ਗੁਲਾਬੀ ਸੁੰਡੀ ਦਾ ਅਸਰ ਦੇਖਣ ਨੂੰ ਮਿਲਿਆ ਹੈ।

ਕਿਸਾਨਾਂ ਵੱਲੋਂ ਵਿਭਾਗੀ ਟੀਮਾਂ ਦਾ ਦੌਰਾ ਖਾਨਾਪੂਰਤੀ ਕਰਾਰ
ਮਾਨਸਾ : ਮਾਲਵਾ ਖੇਤਰ ਵਿੱਚ ਨਰਮੇ ’ਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਾਅਦ ਜਾਗੀ ਪੰਜਾਬ ਸਰਕਾਰ ਦੇ ਖੇਤੀ ਅਧਿਕਾਰੀਆਂ ਨੇ ਅੱਜ 8 ਜ਼ਿਲ੍ਹਿਆਂ ਦਾ ਦੌਰਾ ਕੀਤਾ ਹੈ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਨਰਮੇ ਦੇ ਖੇਤਾਂ ਵਿੱਚ ਪੁੱਜੇ। ਭਾਵੇਂ ਮਾਨਸਾ ਸਮੇਤ ਹੋਰ ਜ਼ਿਲ੍ਹੇ ਵੀ ਇਨ੍ਹਾਂ ਨੂੰ ਉਡੀਕਦੇ ਰਹੇ ਪਰ ਖੇਤੀ ਮੰਤਰੀ ਵੱਲੋਂ ਬਠਿੰਡਾ ਦੇ ਖੇਤਾਂ ਦਾ ਦੌਰਾ ਕਰਨ ਤੋਂ ਬਾਅਦ ਉਥੇ ਹੀ ਕਈ ਜ਼ਿਲ੍ਹਿਆਂ ਦੇ ਖੇਤੀ ਵਿਭਾਗ ਦੇ ਮੁਖੀਆਂ ਨੂੰ ਬੁਲਾ ਕੇ ਮੀਟਿੰਗ ਦੌਰਾਨ ਸੁੰਡੀ ਤੋਂ ਨਿਜਾਤ ਲਈ ਦਿਸ਼ਾ-ਨਿਰਦੇਸ਼ ਦਿੱਤੇ ਗਏ। ਉਧਰ ਕਿਸਾਨਾਂ ਨੇ ਖੇਤੀ ਮਹਿਕਮੇ ਦੇ ਉਚ ਅਧਿਕਾਰੀਆਂ ਵੱਲੋਂ ਖੇਤਾਂ ਦੇ ਕੀਤੇ ਜਾ ਰਹੇ ਦੌਰਿਆਂ ਨੂੰ ਖਾਨਾਪੂਰਤੀ ਕਰਾਰ ਦਿੰਦਿਆਂ ਪੰਜਾਬ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਉਹ ਤੁਰੰਤ ਚੰਗੀ ਕੰਪਨੀ ਦੀਆਂ ਵਧੀਆ ਸਬਸਿਡੀ ਵਾਲੀਆਂ ਦਵਾਈਆਂ ਛੇਤੀ ਸਹਿਕਾਰੀ ਸਭਾਵਾਂ ਵਿੱਚ ਭੇਜਣ।