ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ’ਤੇ ਪਾਣੀਪਤ ਨੇੜੇ ਹਮਲਾ

ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ’ਤੇ ਪਾਣੀਪਤ ਨੇੜੇ ਹਮਲਾ

ਹਮਲੇ ’ਚ ਰੇਲ ਗੱਡੀ ਦਾ ਸ਼ੀਸ਼ਾ ਟੁੱਟਿਆ
ਚੰਡੀਗੜ੍ਹ – ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ’ਤੇ ਹਰਿਆਣਾ ਦੇ ਪਾਣੀਪਤ ਨੇੜੇ ਅੱਜ ਕੁਝ ਨੌਜਵਾਨਾਂ ਨੇ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ। ਹਮਲੇ ਬਾਰੇ ਜਾਣਕਾਰੀ ਮਿਲਦਿਆਂ ਹੀ ਹਰਿਆਣਾ ਅਤੇ ਪੰਜਾਬ ਪੁਲੀਸ ਨੇ ਸਾਂਝੇ ਤੌਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਜ ਸੁਪਰੀਮ ਕੋਰਟ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਮਾਮਲੇ ਨਾਲ ਸਬੰਧਤ ਕੇਸ ਦੀ ਸੁਣਵਾਈ ਲਈ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਆਪਣੀ ਸਮੁੱਚੀ ਟੀਮ ਨਾਲ ਰੇਲ ਗੱਡੀ ਰਾਹੀ ਦਿੱਲੀ ਗਏ ਸਨ। ਸ਼ਾਮ ਵੇਲੇ ਉਹ ਦਿੱਲੀ ਤੋਂ ਚੰਡੀਗੜ੍ਹ ਰੇਲ ਗੱਡੀ ਰਾਹੀਂ ਹੀ ਵਾਪਸ ਆ ਰਹੇ ਸਨ। ਇਸ ਦੌਰਾਨ ਜਦ ਉਹ ਪਾਣੀਪਤ ਨੇੜੇ ਪਹੁੰਚੇ ਤਾਂ ਸ਼ਾਮ 6.30 ਦੇ ਕਰੀਬ 7-8 ਨੌਜਵਾਨਾਂ ਨੇ ਰੇਲ ਗੱਡੀ ਦੇ ਜਿਸ ਡੱਬੇ ਵਿੱਚ ਉਹ ਬੈਠੇ ਸਨ, ਉਸ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਰੇਲ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਪਰ ਐਡਵੋਕੇਟ ਜਨਰਲ ਦੇ ਸੱਟ ਵੱਜਣ ਤੋਂ ਬਚਾਅ ਹੋ ਗਿਆ। ਐਡਵੋਕੇਟ ਜਨਰਲ ਨੇ ਚੰਡੀਗੜ੍ਹ ਪਹੁੰਚਣ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਲਾਰੈਂਸ ਬਿਸ਼ਨੋਈ ਕੇਸ ਵਿੱਚ ਪੇਸ਼ ਹੋਣ ਲਈ ਸੁਪਰੀਮ ਕੋਰਟ ਗਏ ਸਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੇ ਗੱਡੀ ’ਤੇ ਪੱਥਰ ਮਾਰਿਆ ਜਾਂ ਕੁਝ ਹੋਰ, ਇਸ ਬਾਰੇ ਉਹ ਨਹੀਂ ਜਾਣਦੇ, ਪਰ ਰੇਲਗੱਡੀ ਦਾ 12 ਐੱਮਐੱਮ ਦਾ ਸ਼ੀਸ਼ਾ ਟੁੱਟ ਗਿਆ ਹੈ। ਇਸ ਸਬੰਧੀ ਉਨ੍ਹਾਂ ਤੁਰੰਤ ਡੀਜੀਪੀ ਪੰਜਾਬ ਨੂੰ ਸੂਚਿਤ ਕੀਤਾ। ਦੋਵੇਂ ਸੂਬਿਆਂ ਦੀ ਪੁਲੀਸ ਪਾਣੀਪਤ ਲਾਗੇ ਘਟਨਾ ਵਾਲੀ ਥਾਂ ’ਤੇ ਪੜਤਾਲ ਕਰ ਰਹੀ ਹੈ।