ਪਿੰਡ ਲਹੁਕੇ ਕਲਾਂ ਦਾ ਕੁਲਦੀਪ ਸਿੰਘ ਚੀਨ ਦੇ ਬਾਰਡਰ ’ਤੇ ਹੋਇਆ ਸ਼ਹੀਦ

ਪਿੰਡ ਲਹੁਕੇ ਕਲਾਂ ਦਾ ਕੁਲਦੀਪ ਸਿੰਘ ਚੀਨ ਦੇ ਬਾਰਡਰ ’ਤੇ ਹੋਇਆ ਸ਼ਹੀਦ

ਜ਼ੀਰਾ : ਜ਼ਿਲ੍ਹਾ ਫਿਰੋਜ਼ਪੁਰ ਦੀ ਤਹਿਸੀਲ ਜ਼ੀਰਾ ਦੇ ਪਿੰਡ ਲਹੁਕੇ ਕਲਾਂ ਦੇ ਇਕ ਫੌਜੀ ਜਵਾਨ ਚੀਨ ਦੇ ਬਾਰਡਰ ’ਤੇ ਬੀਤੀ ਕੱਲ੍ਹ ਡਿਊਟੀ ਦੌਰਾਨ ਸ਼ਹੀਦ ਹੋ ਗਿਆ। ਇਸ ਘਟਨਾ ਬਾਰੇ ਜਿਵੇਂ ਹੀ ਇਲਾਕੇ ਵਿਚ ਪਤਾ ਲੱਗਾ ਤਾਂ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਇਕੱਤਰ ਵੇਰਵਿਆਂ ਅਨੁਸਾਰ ਫੌਜੀ ਕੁਲਦੀਪ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਪਿੰਡ ਲਹੁਕੇ ਕਲਾਂ ਭਾਰਤੀ ਫੌਜ ਵਿਚ ਲਗਭਗ 9 ਸਾਲ ਪਹਿਲਾਂ ਭਰਤੀ ਹੋਇਆ ਸੀ, ਅਤੇ ਅੱਜ-ਕੱਲ੍ਹ ਚੀਨ ਦੇ ਬਾਰਡਰ ’ਤੇ ਡਿਊਟੀ ਨਿਭਾਅ ਰਿਹਾ ਸੀ। ਜਿੱਥੇ ਕਿ ਉਹ ਬੀਤੇ ਕੱਲ੍ਹ ਸ਼ਹੀਦ ਹੋ ਗਿਆ।
ਗੌਰਤਲਬ ਹੈ ਕਿ ਸ਼ਹੀਦ ਕੁਲਦੀਪ ਸਿੰਘ ਦਾ ਕਰੀਬ 3 ਸਾਲ ਪਹਿਲਾ ਵਿਆਹ ਹੋਇਆ ਸੀ ਅਤੇ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਹੁਣ ਉਨ੍ਹਾਂ ਦੇ ਪਰਿਵਾਰ ਵਿਚ ਪਤਨੀ, ਡੇਢ ਸਾਲ ਦਾ ਬੇਟਾ, ਮਾਂ ਅਤੇ ਵੱਡਾ ਭਰਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸ਼ਹੀਦ ਕੁਲਦੀਪ ਸਿੰਘ ਦੀ ਸ਼ਹੀਦੀ ਦੇ ਕਾਰਨਾਂ ਬਾਰੇ ਅਜੇ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਹੈ।