ਬੱਸਾਂ ਵਿੱਚ ਤਸਵੀਰਾਂ ਲਾਉਣ ਦਾ ਮਾਮਲਾ: ਸਿੱਖ ਜਥੇਬੰਦੀਆਂ ਅਤੇ ਪ੍ਰਸ਼ਾਸਨ ਵਿਚਾਲੇ ਤਣਾਅ

ਬੱਸਾਂ ਵਿੱਚ ਤਸਵੀਰਾਂ ਲਾਉਣ ਦਾ ਮਾਮਲਾ: ਸਿੱਖ ਜਥੇਬੰਦੀਆਂ ਅਤੇ ਪ੍ਰਸ਼ਾਸਨ ਵਿਚਾਲੇ ਤਣਾਅ

ਜਲੰਧਰ – ਪੀਆਰਟੀਸੀ ਦੀਆਂ ਬੱਸਾਂ ’ਤੇ ਸੰਤ ਭਿੰਡਰਾਂਵਾਲੇ ਅਤੇ ਜਗਤਾਰ ਸਿੰਘ ਹਵਾਰੇ ਦੀਆਂ ਤਸਵੀਰਾਂ ਮੁੜ ਲਗਾਉਣ ਦੇ ਮਾਮਲੇ ਵਿੱਚ ਅੱਜ ਪ੍ਰਸ਼ਾਸ਼ਨ ਤੇ ਸਿੱਖ ਜੱਥੇਬੰਦੀਆਂ ਵਿੱਚ ਤਣਾਅ ਬਣ ਗਿਆ। ਅੱਜ ਸਿੱਖ ਜੱਥੇਬੰਦੀਆਂ ਦਲ ਖ਼ਾਲਸਾ, ਸਿੱਖ ਯੂਥ ਆਫ ਪੰਜਾਬ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਨੁਮਾਇੰਦਿਆਂ ਨੇ ਸਰਕਾਰੀ ਬੱਸਾਂ ਉੱਪਰ ਪੋਸਟਰ ਲਗਾਉਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਪੁਲੀਸ ਨੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੋਵਾ ਧਿਰਾਂ ਵਿੱਚ ਖਿੱਚੋਤਾਣ ਹੋਈ। ਇਸ ਖਿੱਚ-ਧੂਹ ਵਿੱਚ ਵਿੱਚ ਕੁਝ ਨੌਜਵਾਨਾਂ ਨੇ ਸਰਕਾਰੀ ਬੱਸਾਂ ਉੱਪਰ ਪੋਸਟਰ ਚਿਪਕਾ ਵੀ ਦਿੱਤੇ ਜਿਸ ਨੂੰ ਪ੍ਰਸ਼ਾਸਨ ਵੱਲੋਂ ਮੌਕੇ ਉੱਤੇ ਹੀ ਹਟਾ ਦਿੱਤਾ ਗਿਆ। ਨੌਜਵਾਨਾਂ ਦੀ ਅਗਵਾਈ ਕਰਨ ਵਾਲੇ ਦਲ ਖ਼ਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਤੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਦੱਸਿਆ ਕਿ ਸਿੱਖ ਜੱਥੇਬੰਦੀਆਂ ਦੇ ਕਾਰਕੁਨ ਪਹਿਲਾਂ ਗੁਰੂ ਨਾਨਕ ਮਿਸ਼ਨ ਚੌਕ ਵਿੱਚ ਇੱਕਠੇ ਹੋਏ ਸਨ। ਉਥੋਂ ਜਦੋਂ ਨਾਅਰੇਬਾਜ਼ੀ ਕਰਦੇ ਹੋਏ ਬੱਸ ਅੱਡੇ ਵੱਲ ਵਧੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਇਸ ਵਿੱਚ ਕਾਮਯਾਬ ਨਾ ਹੋ ਸਕੀ। ਸਿੱਖ ਜੱਥੇਬੰਦੀਆਂ ਦੇ ਆਗੂ ਬੱਸ ਅੱਡੇ ਤੱਕ ਜਾ ਪੁੱਜੇ। ਮਾਹੌਲ ਵਿਗੜਦਾ ਹੋਇਆ ਵੇਖ ਕੇ ਅਤੇ ਛੁੱਟੀ ’ਤੇ ਹੋਣ ਦੇ ਬਾਵਜੂਦ ਵੀ ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਗੁਰਿੰਦਰ ਸਿੰਘ ਨੂੰ ਮੌਕੇ ਉੱਤੇ ਪਹੁੰਚਣਾ ਪਿਆ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਉਹ ਆਉਂਦੇ ਮੰਗਲਵਾਰ ਤੱਕ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸ ਸਬੰਧੀ ਲਿਖਤੀ ਨੋਟਿਸ ਜਾਰੀ ਕਰਵਾਉਣਗੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੁਖਜੀਤ ਸਿੰਘ ਡਰੋਲੀ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਭਾਈ ਦਵਿੰਦਰ ਸਿੰਘ ਖਾਲਸਾ ਅਤੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਗੁਰਨਾਮ ਸਿੰਘ ਮੂਨਕਾਂ ਨੇ ਕਿਹਾ ਕਿ ਜੇ 12 ਜੁਲਾਈ ਤੱਕ ਲਿਖਤੀ ਨੋਟਿਸ ਜਾਰੀ ਨਾ ਕੀਤਾ ਗਿਆ ਤਾਂ ਉਹ ਪੰਜਾਬ ਭਰ ਵਿੱਚ ਸਰਕਾਰੀ ਬੱਸਾਂ ’ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਭਾਈ ਹਵਾਰੇ ਦੀਆਂ ਤਸਵੀਰਾਂ ਲਗਾਉਣਗੇ।