ਕੌਮ ’ਚੋਂ ਰੂਹਾਨੀ ਤੇ ਸਿਆਸੀ ਤਾਕਤ ਮਨਫੀ ਹੋਣ ਕਾਰਨ ਸਿੱਖ ਨਿਰਾਸ਼: ਜਥੇਦਾਰ

ਕੌਮ ’ਚੋਂ ਰੂਹਾਨੀ ਤੇ ਸਿਆਸੀ ਤਾਕਤ ਮਨਫੀ ਹੋਣ ਕਾਰਨ ਸਿੱਖ ਨਿਰਾਸ਼: ਜਥੇਦਾਰ

ਅੰਮ੍ਰਿਤਸਰ – ਮੀਰੀ ਪੀਰੀ ਦਿਵਸ ਮੌਕੇ ਅੱਜ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਸਿੱਖ ਕੌਮ ਵਿੱਚੋਂ ਰੂਹਾਨੀ ਅਤੇ ਸਿਆਸੀ ਤਾਕਤਾਂ ਮਨਫੀ ਹੋਣ ਕਾਰਨ ਸਿੱਖ ਨਿਰਾਸ਼ਾ ਵਿੱਚ ਹਨ। ਸ਼੍ਰੋਮਣੀ ਕਮੇਟੀ ਵੱਲੋਂ ਅੱਜ ਮੀਰੀ ਪੀਰੀ ਦਿਵਸ ਦੇ ਸਬੰਧ ਵਿੱਚ ਸ੍ਰੀ ਅਕਾਲ ਤਖ਼ਤ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਰਾਜਦੀਪ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੇ ਕੌਮ ਨੂੰ ਮੀਰੀ ਪੀਰੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਛੇਵੇਂ ਗੁਰੂ ਵੱਲੋਂ ਸਿੱਖ ਕੌਮ ਨੂੰ ਮੀਰੀ ਪੀਰੀ ਦੇ ਸਿਧਾਂਤ ਨਾਲ ਜੋੜ ਕੇ ਜੋ ਮਾਰਗ ਦਿਖਾਇਆ ਗਿਆ, ਉਹ ਅਧਿਆਤਮ ਨਾਲ ਜੁੜਨ ਦੇ ਨਾਲ-ਨਾਲ ਮਜ਼ਲੂਮਾਂ ਦੀ ਰੱਖਿਆ ਕਰਨ ਵਾਲਾ ਹੈ ਪਰ ਇਸ ਵੇਲੇ ਕੌਮ ਨਿਰਾਸ਼ਾ ਵੱਲ ਵੱਧ ਰਹੀ ਹੈ। ਇਸ ਵੇਲੇ ਕੌਮ ਕੋਲ ਰੂਹਾਨੀਅਤ ਤਾਕਤ ਦੀ ਵੀ ਕਮੀ ਹੈ ਅਤੇ ਆਪਸੀ ਇਤਫਾਕ ਤੇ ਏਕਤਾ ਦੀ ਕਮੀ ਕਾਰਨ ਸਿਆਸੀ ਤਾਕਤ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਦੁਨੀਆ ਵਿੱਚ ਲੋਕ ਰੂਹਾਨੀ ਜਾਂ ਸਿਆਸੀ ਤਾਕਤ ਅੱਗੇ ਝੁਕਦੇ ਰਹੇ ਹਨ। ਉਨ੍ਹਾਂ ਅੱਜ ਦੀ ਇਸ ਦੁਰਦਸ਼ਾ ਲਈ ਪ੍ਰਚਾਰਕ ਭਾਈਚਾਰੇ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਦੋਸ਼ ਲਾਇਆ ਕਿ ਇਨ੍ਹਾਂ ਨੇ ਆਪਣੇ ਪ੍ਰਚਾਰ ਦੌਰਾਨ ਆਪਣੀਆਂ ਸੰਸਥਾਵਾ, ਇਤਿਹਾਸ ਅਤੇ ਮਰਿਆਦਾ ਨੂੰ ਭੰਡਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਸਿੱਖ ਸੰਗਤ ਨੂੰ ਮੀਰੀ ਪੀਰੀ ਦਿਵਸ ਦੀ ਵਧਾਈ ਦਿੱਤੀ। ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁਸ਼ੋਭਿਤ ਗੁਰੂ ਸਾਹਿਬ ਦੀਆਂ ਇਤਿਹਾਸਕ ਮੀਰੀ ਤੇ ਪੀਰੀ ਦੀਆਂ ਕਿਰਪਾਨਾਂ ਦੇ ਦਰਸ਼ਨ ਵੀ ਕਰਵਾਏ ਗਏ।