ਬੇਅਦਬੀ ਮਾਮਲਿਆਂ ’ਚ ਇਨਸਾਫ਼ ਲਈ ਸੰਘਰਸ਼ ਤੇਜ਼ ਕਰਾਂਗੇ: ਮਾਨ

ਬੇਅਦਬੀ ਮਾਮਲਿਆਂ ’ਚ ਇਨਸਾਫ਼ ਲਈ ਸੰਘਰਸ਼ ਤੇਜ਼ ਕਰਾਂਗੇ: ਮਾਨ

ਬਠਿੰਡਾ – ਸੰਗਰੂਰ ਜ਼ਿਮਨੀ ਚੋਣ ਵਿੱਚ ਜਿੱਤ ਹਾਸਲ ਕਰਨ ’ਤੇ ਲੋਕ ਸਭਾ ਮੈਂਬਰ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਅੱਜ ਬਠਿੰਡਾ ਪਹੁੰਚਣ ’ਤੇ ਪਾਰਟੀ ਵਰਕਰਾਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਕਾਫ਼ਲੇ ਦੇ ਰੂਪ ਵਿੱਚ ਸ੍ਰੀ ਮਾਨ ਸਰਕਟ ਹਾਊਸ ਪੁੱਜੇ। ਉਨ੍ਹਾਂ ਮੀਡੀਆ ਦੇ ਰੂ-ਬ-ਰੂ ਹੁੰਦਿਆਂ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਆਹ ਦੀ ਵਧਾਈ ਦਿੱਤੀ, ਉੱਥੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੋਕ ਸਭਾ ਵਿੱਚ ਆਵਾਜ਼ ਬੁਲੰਦ ਕੀਤੀ ਜਾਵੇਗੀ।

ਉਨ੍ਹਾਂ ਮੁੱਖ ਮੰਤਰੀ ਵੱਲੋਂ ਬੇਅਦਬੀ ਘਟਨਾਵਾਂ ਦੀ ਜਨਤਕ ਕੀਤੀ ਰਿਪੋਰਟ ਨੂੰ ਮੁੱਢੋਂ ਨਕਾਰਦਿਆਂ ਦੋਸ਼ ਲਾਇਆ ਕਿ ਕਥਿਤ ਬੇਅਦਬੀ ਕਰਵਾਉਣ ਵਾਲੇ ਬਾਦਲ ਪਰਿਵਾਰ ਤੇ ਉਸ ਸਮੇਂ ਦੀ ਸਰਕਾਰ ਦੇ ਨੁਮਾਇੰਦਿਆਂ ਦਾ ਸਿੱਧਾ ਹੱਥ ਹੈ ਅਤੇ ਆਉਂਦੇ ਦਿਨਾਂ ਵਿੱਚ ਬੇਅਦਬੀ ਮਾਮਲਿਆਂ ’ਚ ਇਨਸਾਫ਼ ਲਈ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੱਤੇਵਾੜਾ ਜੰਗਲਾਂ ਵਿੱਚ ਇੰਡਸਟਰੀ ਲਾਉਣਾ ਗਲਤ ਹੈ। ਉਨ੍ਹਾਂ ਦੀਪ ਸਿੱਧੂ, ਸਿੱਧੂ ਮੂਸੇਵਾਲਾ ਅਤੇ ਵਿੱਕੀ ਮਿੱਡੂਖੇੜਾ ਦੇ ਕਤਲ ਦੀ ਜਾਂਚ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਵਿੱਕੀ ਮਿੱਡੂਖੇੜਾ ਸੁਖਬੀਰ ਬਾਦਲ ਦਾ ਅਤਿ ਨਜ਼ਦੀਕੀ ਰਿਹਾ ਹੈ, ਜਿਸ ਕਰਕੇ ਸਿੱਧੂ ਮੂਸੇਵਾਲਾ ਕਤਲ ਦੀ ਜਾਂਚ ਹੋਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਖਾਲਿਸਤਾਨ ਲਿਖਣਾ ਜਾਂ ਖਾਲਿਸਤਾਨ ਦੀ ਗੱਲ ਕਰਨਾ ਜੁਰਮ ਨਹੀਂ ਹੈ, ਦੇਸ਼ ਦਾ ਮਾਹੌਲ ਖ਼ਰਾਬ ਕਰਨ ਲਈ ਕਿਸੇ ਨੂੰ ਭੜਕਾਉਣਾ ਗ਼ਲਤ ਹੈ, ਇਸ ਮਸਲੇ ’ਤੇ ਸੁਪਰੀਮ ਕੋਰਟ ਵੱਲੋਂ ਵੀ ਸਥਿਤੀ ਸਪੱਸ਼ਟ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸੱਤਾ ਧਿਰ ਦੇ ਨੁਮਾਇੰਦੇ ਨੂੰ ਹਰਾ ਕੇ ਸੰਗਰੂਰ ਲੋਕ ਸਭਾ ਦੀ ਉਪ ਚੋਣ ਜਿੱਤਣ ਦਾ ਮਤਲਬ ਹੈ ਕਿ ਲੋਕ ਪੰਜਾਬ ਦੇ ਮੌਜੂਦਾ ਸਿਸਟਮ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਰਾਸ਼ਟਰਪਤੀ ਦੀ ਚੋਣ ਲਈ ਵੋਟ ਪਾਉਣ ਸਬੰਧੀ ਕੀਤੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਆਦਿਵਾਸੀ ਪਰਿਵਾਰ ਵਿੱਚੋਂ ਉੱਠ ਕੇ ਰਾਸ਼ਟਰਪਤੀ ਦੀ ਚੋਣ ਲੜਨ ਵਾਲੇ ਦਰੋਪਤੀ ਮੁਰਮੂ ਤੋਂ ਆਦਿਵਾਸੀਆਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਆਸ ਬੱਝੀ ਹੈ ਤੇ ਉਹ ਜਲਦ ਵੋਟ ਪਾਉਣ ਦਾ ਫ਼ੈਸਲਾ ਕਰਨਗੇ।