ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਅਤਿਵਾਦ ’ਤੇ ਫੈਸਲਾਕੁਨ ਦਬਦਬਾ ਕਾਇਮ ਕੀਤਾ: ਸ਼ਾਹ

ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਅਤਿਵਾਦ ’ਤੇ ਫੈਸਲਾਕੁਨ ਦਬਦਬਾ ਕਾਇਮ ਕੀਤਾ: ਸ਼ਾਹ

ਵੀਡੀਓ ਕਾਨਫ਼ਰੰਸਿੰਗ ਰਾਹੀਂ ਸੋਨਾਵਰ ਵਿੱਚ ਰਾਮਾਨੁਜਾਚਾਰਿਆ ਦੇ ਸ਼ਾਂਤੀ ਬੁੱਤ ‘ਸਟੈਚੂ ਆਫ਼ ਪੀਸ’ ਦਾ ਉਦਘਾਟਨ ਕੀਤਾ
ਸ੍ਰੀਨਗਰ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅਤਿਵਾਦ ’ਤੇ ਫੈਸਲਾਕੁਨ ਦਬਦਬਾ ਕਾਇਮ ਕੀਤਾ ਹੈ। ਸ੍ਰੀ ਸ਼ਾਹ ਨੇ ਇੱਥੇ ਇਕ ਸਮਾਰੋਹ ਵਿੱਚ ਵੀਡੀਓ ਕਾਨਫ਼ਰੰਸਿੰਗ ਰਾਹੀਂ ਸ਼ਾਮਲ ਹੁੰਦਿਆਂ ਕਿਹਾ, ‘‘ਅੱਜ, ਉਪ ਰਾਜਪਾਲ ਮਨੋਜ ਸਿਨਹਾ ਦੀ ਅਗਵਾਈ ਹੇਠ ਜੰਮੂ ਕਸ਼ਮੀਰ ਸ਼ਾਂਤੀ ਤੇ ਵਿਕਾਸ ਦੀ ਰਾਹ ’ਤੇ ਹੈ। ਸਿਨਹਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਜੰਮੂ ਕਸ਼ਮੀਰ ਵਿੱਚ ਅਤਿਵਾਦ ’ਤੇ ਫੈਸਲਾਕੁਨ ਦਬਦਬਾ ਕਾਇਮ ਕੀਤਾ ਹੈ।’’ ਉਹ ਸੋਨਾਵਰ ਵਿੱਚ ਵਿਚਾਰਕ ਅਤੇ ਸਮਾਜ ਸੁਧਾਰਕ ਰਾਮਾਨੁਜਾਚਾਰਿਆ ਦੇ ਸ਼ਾਂਤੀ ਬੁੱਤ ‘ਸਟੈਚੂ ਆਫ਼ ਪੀਸ’ ਦਾ ਉਦਘਾਟਨ ਕਰਨ ਤੋਂ ਬਾਅਦ ਸੰਬੋਧਨ ਕਰ ਰਹੇ ਸਨ।

ਸ੍ਰੀ ਸ਼ਾਹ ਨੇ ਕਿਹਾ ਕਿ ਸਿਨਹਾ ਦੀ ਅਗਵਾਈ ਵਾਲੇ ਪ੍ਰਸ਼ਾਸਨ ਨੇ ਬਿਨਾ ਕਿਸੇ ਵਿਤਕਰੇ ਤੋਂ ਕਸ਼ਮੀਰ ਦੇ ਲੋਕਾਂ ਨੂੰ ਵਿਕਾਸ ਮੁਹੱਈਆ ਕਰਵਾਇਆ ਹੈ। ਉਨ੍ਹਾਂ ਕਿਹਾ, ‘‘ਲੰਬੇ ਸਮੇਂ ਤੋਂ ਦੇਸ਼ ਨੂੰ ਆਸ ਸੀ ਕਿ ਧਾਰਾ 370 ਤੇ ਧਾਰਾ 35ਏ ਹਟਾਉਣ ਮਗਰੋਂ ਜੰਮੂ ਕਸ਼ਮੀਰ, ਦੇਸ਼ ਨਾਲ ਅਟੱਲ ਤੌਰ ’ਤੇ ਏਕੀਕ੍ਰਿਤ ਹੋਵੇਗਾ ਅਤੇ ਉਸ ਆਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੂਰ ਪਾਇਆ ਗਿਆ। 5 ਅਗਸਤ 2019 ਨੂੰ ਕਸ਼ਮੀਰ ਵਿੱਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ।’’