ਫਰਿਜ਼ਨੋ ਵਿਖੇ ਯਾਦਗਾਰੀ ਹੋ ਨਿਬੜੀ ‘ਗੀਤਾਂ ਦੀ ਸ਼ਾਮ’ ਜੀ. ਐਸ, ਪੀਟਰ ਦੇ ਨਾਮ”

ਫਰਿਜ਼ਨੋ ਵਿਖੇ ਯਾਦਗਾਰੀ ਹੋ ਨਿਬੜੀ ‘ਗੀਤਾਂ ਦੀ ਸ਼ਾਮ’ ਜੀ. ਐਸ, ਪੀਟਰ ਦੇ ਨਾਮ”

ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਅੱਜ ਕੱਲ ਪੰਜਾਬੀ ਗਾਇਕ ਜੀ. ਐਸ. ਪੀਟਰ ਆਪਣੇ ਕੈਲੇਫੋਰਨੀਆਂ ਦੇ ਟੂਰ ‘ਤੇ ਹਨ। ਜਿਨ੍ਹਾਂ ਦਾ ਫਰਿਜ਼ਨੋ ਪੁੱਜਣ ’ਤੇ ‘ਸਪਾਈਸ਼ ਰੇਡੀਓ’ ਵਾਲੇ ਰਾਜ ਮੋਗਾ ਅਤੇ ਸਥਾਨਿਕ ‘ਲਾ ਕਿਉਤਰਾ’ ਹੋਟਲ ਵਾਲੇ ਚਰਨਜੀਤ ਸਿੰਘ ਬੁੱਟਰ ਨੇ ਨਿੱਘਾ ਸੁਆਗਤ ਕਰਦੇ ਹੋਏ ਇੱਕ ਗੀਤਾਂ ਦੀ ਮਹਿਫਲ “ਗੀਤਾਂ ਦੀ ਸ਼ਾਮ, ਜੀ. ਐਸ. ਪੀਟਰ ਦੇ ਨਾਮ”ਦਾ ਆਗਾਜ਼ ਕੀਤਾ। ਇਸ ਮਹਿਫਲ ਵਿੱਚ ਸ਼ਾਮਲ ਹੋਣ ਲਈ ਹਰ-ਇਕ ਨੂੰ ਖੁੱਲਾ ਸੱਦਾ ਦਿੱਤਾ ਗਿਆ ਸੀ ਅਤੇ ਕੋਈ ਟਿਕਟ ਵਗੈਰਾ ਨਹੀਂ ਸੀ। ਇਸ ਸੰਗੀਤਕ ਮਹਿਫਲ ਦੀ ਸੁਰੂਆਤ ਰਾਜ ਮੋਗਾ ਨੇ ਸਭ ਨੂੰ ਜੀ ਆਇਆਂ ਕਹਿੰਦੇ ਹੋਏ ਕੀਤੀ।
ਇਸ ਉਪਰੰਤ ਸਥਾਨਿਕ ਦੋਗਾਣਾ ਜੋੜੀ ਪੱਪੀ ਭਦੌੜ ਅਤੇ ਬੀਬੀ ਦਿਲਪ੍ਰੀਤ ਕੌਰ ਨੇ ਅਮਰ ਸਿੰਘ ਚਮਕੀਲੇ ਦੇ ਧਾਰਮਿਕ ਗੀਤ “ਮੈਂ ਤਲਵਾਰ ਕਲਗੀਧਰ ਦੀ ਹਾਂ”ਨਾਲ ਕੀਤੀ। ਇਸ ਉਪਰੰਤ ਉਨ੍ਹਾਂ ਹੋਰ ਬਹੁਤ ਸਾਰੇ ਆਪਣੇ ਮਿਆਰੀ ਗੀਤ ਗਾ ਮਹੌਲ ਨੂੰ ਕੀਲੀ ਰੱਖਿਆ। ਇਸੇ ਤਰਾਂ ਗਾਇਕੀ ਦੇ ਖੇਤਰ ਵਿੱਚ ਆਪਣੀ ਪਹਿਚਾਣ ਬਣਾ ਚੁੱਕੇ ਗਾਇਕ ਕਮਲਜੀਤ ਬੈਨੀਪਾਲ ਅਤੇ ਬੁਲੰਦ ਆਵਾਜ਼ ਦੇ ਮਾਲਕ ਗੁਰਦੀਪ ਸਿੰਘ ਧਾਲੀਵਾਲ ਨੇ ਵੀ ਰੂਬ ਰੰਗ ਬੰਨੇ। ਜਦ ਕਿ ਇਸ ਪ੍ਰੋਗਰਾਮ ਦੀ ਸ਼ਾਨ ਅਤੇ ਪ੍ਰਮੁੱਖ ਗਾਇਕ ਨੇ ਆਪਣੇ ਬਹੁਤ ਸਾਰੇ ਰਿਕਾਰਡ ਗੀਤ ਅਤੇ ਨਵੇਂ ਆ ਰਹੇ ਗੀਤਾਂ ਰਾਹੀ ਸਰੋਤਿਆਂ ਨੂੰ ਮੰਤਰ-ਮੁਗਧ ਕਰੀ ਰੱਖਿਆ। ਇਸ ਮਹਿਫਲ ਦਾ ਹਰ ਕੋਈ ਅਨੰਦ ਲੈ ਰਿਹਾ ਸੀ। ਇਸ ਪ੍ਰੋਗਰਾਮ ਵਿੱਚ ਫੌਜੀ ਦਾ ਡੀ. ਜੇ. ਅਤੇ ਅਸ਼ੋਕ ਕੁਮਾਰ ਸ਼ੌਕੀ ਦੇ ਢੋਲ ਨੇ ਵੀ ਸਭ ਨੂੰ ਨੱਚਣ ਲਾਈ ਰੱਖਿਆ। ਪ੍ਰੋਗਰਾਮ ਵਿੱਚ ਸਮੂੰਹ ਹਾਜ਼ਰੀਨ ਵੱਲੋਂ ਜੀ. ਐਸ. ਪੀਟਰ ਦੀ ਸਾਫ-ਸੁਥਰੀ ਗਾਇਕੀ ਦਾ ਅਦਰਸ਼ ਗਾਇਕ ਕਹਿੰਦੇ ਹੋਏ ਸਨਮਾਨ ਦਿੱਤਾ ਗਿਆ। ਅੰਤ ਰਾਤਰੀ ਦੇ ਸ਼ਾਨਦਾਰ ਖਾਣੇ ਅਤੇ ਸੰਗੀਤ ਪ੍ਰੇਮੀਆਂ ਦੇ ਮੇਲ-ਮਿਲਾਪ ਕਰਵਾਉਂਦੀ ਇਹ ਮਹਿਫਲ ਯਾਦਗਾਰੀ ਹੋ ਨਿਬੜੀ। ਸਮੁੱਚੇ ਪ੍ਰੋਗਰਾਮ ਦੀ ਸਫਲਤਾ ਲਈ ਰਾਜ ਮੋਗਾ ਅਤੇ ਚਰਨਜੀਤ ਬੁੱਟਰ ਵਧਾਈ ਦੇ ਪਾਤਰ ਹਨ।