ਡੋਨਾਲਡ ਟਰੰਪ ਨੇ ਕੀਤੀ ਆਪਣੇ ਤੇ ਜੋਅ ਬਾਈਡੇਨ ਦੇ ਡਰੱਗ ਟੈਸਟ ਦੀ ਮੰਗ

ਡੋਨਾਲਡ ਟਰੰਪ ਨੇ ਕੀਤੀ ਆਪਣੇ ਤੇ ਜੋਅ ਬਾਈਡੇਨ ਦੇ ਡਰੱਗ ਟੈਸਟ ਦੀ ਮੰਗ

ਵਾਸ਼ਿੰਗਟਨ (ਰਾਜ ਗੋਗਨਾ) : ਸੰਯੁਕਤ ਰਾਜ ਅਮਰੀਕਾ ’ਚ ਰਾਸ਼ਟਰਪਤੀ ਚੋਣਾਂ 5 ਨਵੰਬਰ ਨੂੰ ਹੋਣੀਆਂ ਹਨ। ਚੋਣਾਂ ਦੇ ਕੁਝ ਸਮੇਂ ਬਾਅਦ ਚੋਣਾਂ ਦੇ ਨਤੀਜੇ ਵੀ ਸਾਹਮਣੇ ਆਉਣਗੇ ਅਤੇ ਇਹ ਸਪੱਸ਼ਟ ਹੋ ਜਾਵੇਗਾ ਕਿ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਕੌਣ ਬਣੇਗਾ। ਜੋਅ ਬਾਈਡੇਨ ਅਤੇ ਡੋਨਾਲਡ ਟਰੰਪ ਦੇਸ਼ ਦਾ ਅਗਲਾ ਰਾਸ਼ਟਰਪਤੀ ਬਣਨ ਲਈ ਚੋਣ ਮੈਦਾਨ ਵਿਚ ਆਹਮੋ-ਸਾਹਮਣੇ ਹਨ। ਜੋਅ ਬਾਈਡੇਨ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਹਨ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਹਨ, ਜਦਕਿ ਡੋਨਾਲਡ ਟਰੰਪ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਹਨ ਅਤੇ ਉਹ ਰਿਪਬਲਿਕ ਪਾਰਟੀ ਦੇ ਉਮੀਦਵਾਰ ਹਨ। ਦੋਵਾਂ ਵਿਚਾਲੇ 2020 ’ਚ ਵੀ ਚੋਣ ਲੜਾਈ ਹੋਈ ਸੀ, ਜਿਸ ’ਚ ਜੋਅ ਬਾਈਡੇਨ ਜਿੱਤੇ ਸਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਸਨ। ਇਸ ਵਾਰ ਵੀ ਦੋਵਾਂ ਵਿਚਾਲੇ ਚੋਣ ਜੰਗ ਹੈ ਪਰ ਇਸ ਤੋਂ ਪਹਿਲਾਂ 27 ਜੂਨ ਅਤੇ 10 ਸਤੰਬਰ ਨੂੰ ਦੋਹਾਂ ਵਿਚਾਲੇ 2 ਚੋਣ ਬਹਿਸ ਹੋਣਗੀਆਂ ਪਰ ਇਸ ਤੋਂ ਪਹਿਲਾਂ ਟਰੰਪ ਨੇ ਇਕ ਵੱਡੀ ਮੰਗ ਉਠਾਈ ਹੈ। ਜੋਅ ਬਾਈਡੇਨ ਅਤੇ ਡੋਨਾਲਡ ਟਰੰਪ ਵਿਚਕਾਰ 27 ਜੂਨ ਨੂੰ ਚੋਣ ਬਹਿਸ ਹੋਵੇਗੀ। ਜਿਸ ’ਚ ਟਰੰਪ ਨੇ ਡਰੱਗ ਟੈਸਟ ਦੀ ਮੰਗ ਕੀਤੀ ਹੈ। ਟਰੰਪ ਨੇ 27 ਜੂਨ ਨੂੰ ਬਾਈਡੇਨ ਨਾਲ ਚੋਣ ਬਹਿਸ ਤੋਂ ਪਹਿਲਾਂ ਬਾਈਡੇਨ ਦੇ ਡਰੱਗ ਟੈਸਟ ਦੀ ਮੰਗ ਕੀਤੀ ਹੈ। ਇੰਨਾ ਹੀ ਨਹੀਂ ਟਰੰਪ ਨੇ ਆਪਣੇ ਡਰੱਗ ਟੈਸਟ ਦੀ ਇਜਾਜ਼ਤ ਵੀ ਦੇ ਦਿੱਤੀ ਹੈ। ਟਰੰਪ ਦਾ ਮੰਨਣਾ ਹੈ ਕਿ ਬਾਈਡੇਨ ਚੋਣ ਬਹਿਸ ਲਈ ਕਾਰਗੁਜ਼ਾਰੀ ਵਧਾਉਣ ਵਾਲੀਆਂ ਦਵਾਈਆਂ ਦੀ ਵਰਤੋਂ ਕਰ ਸਕਦੇ ਹਨ ਤਾਂ ਜੋ ਚੋਣ ਬਹਿਸ ’ਚ ਉਨ੍ਹਾਂ ਦਾ ਪ੍ਰਦਰਸ਼ਨ ਵਧੀਆ ਹੋ ਸਕੇ। ਇਸ ਲਈ ਟਰੰਪ ਇਸ ਬਹਿਸ ਤੋਂ ਪਹਿਲਾਂ ਡਰੱਗ ਟੈਸਟ ਚਾਹੁੰਦੇ ਹਨ ਅਤੇ ਖੁਦ ਆਪਣਾ ਡਰੱਗ ਟੈਸਟ ਕਰਵਾਉਣ ਲਈ ਤਿਆਰ ਹਨ।