ਚੋਣਾਂ ’ਚ ਹਾਰ ਪਿੱਛੋਂ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਬਾਦਲ ਨੂੰ ਖੁੱਲ੍ਹਾ ਪੱਤਰ…

ਚੋਣਾਂ ’ਚ ਹਾਰ ਪਿੱਛੋਂ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਬਾਦਲ ਨੂੰ ਖੁੱਲ੍ਹਾ ਪੱਤਰ…

ਪੰਚ ਪ੍ਰਧਾਨੀ ਬਣਾਉਣ ਦੀ ਕੀਤੀ ਮੰਗ

ਚੰਡੀਗੜ੍ਹ : ਲੋਕ ਸਭਾ ਚੋਣਾਂ ਵਿਚ ਮਾੜੀ ਕਾਰਗੁਜ਼ਾਰੀ ਪਿੱਛੋਂ ਸ਼੍ਰੋਮਣੀ ਅਕਾਲੀ ਦਲ ਵਿਚ ਬਾਗੀ ਸੁਰਾਂ ਤਿੱਖੀਆਂ ਹੁੰਦੀਆਂ ਜਾ ਰਹੀਆਂ ਹਨ। ਖਾਸ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਲਾਮਬੰਦੀ ਵਧਦੀ ਜਾ ਰਹੀ ਹੈ। ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਦੀ ਮੰਗ ਵੀ ਜ਼ੋਰ ਫੜਨ ਲੱਗੀ ਹੈ।
ਇਸੇ ਦੌਰਾਨ ਪਾਰਟੀ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਬਰਾੜ ਨੇ ਪਾਰਟੀ ਪ੍ਰਧਾਨ ਨੂੰ ਖੁੱਲ੍ਹਾ ਪੱਤਰ ਲਿਖਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਤੁਸੀਂ ਪਾਰਟੀ ਪ੍ਰਧਾਨ ਬਣੇ ਰਹੋ ਪਰ ਪਾਰਟੀ ਦੇ ਵਡੇਰੇ ਹਿੱਤਾਂ ਲਈ ਇਕ ਪੰਚ ਪ੍ਰਧਾਨੀ ਬਣਾ ਦੇਣੀ ਚਾਹੀਦੀ ਹੈ।
ਉਨ੍ਹਾਂ ਨੇ ਲਿਖਿਆ ਹੈ–
‘‘ਮੈ ਇਲੈਕਸ਼ਨ ਦੇ ਅਗਲੇ ਦਿਨ ਤੋਂ ਤੁਹਾਨੂੰ ਮਿਲ ਕੇ ਬੇਨਤੀ ਕਰਨਾ ਚਾਹੁੰਦਾ ਸੀ ਪਰ ਤੁਹਾਡੇ ਵੱਲੋਂ ਟਾਈਮ ਨਾ ਮਿਲਣ ਕਰਕੇ ਮੈਨੂੰ ਖੁੱਲੇ ਪੱਤਰ ਰਾਹੀਂ ਸੁਝਾਅ ਦੇਣੇ ਪੈ ਰਹੇ ਹਨ।
ਜੋ ਮੈਂ ਲਿਖ ਰਿਹਾਂ, ਹੋ ਸਕਦਾ ਹੈ ਤੁਹਾਨੂੰ ਚੰਗਾ ਨਾ ਲੱਗੇ ਪਰ ਪਾਰਟੀ ਦੇ ਵਡੇਰੇ ਹਿੱਤਾਂ ਲਈ ਤੁਹਾਨੂੰ ਸੁਝਾਅ ਦੇ ਰਿਹਾ ਹਾਂ?
ਬੇਨਤੀ ਇਹ ਹੈ ਕਿ ਤੁਸੀਂ ਪਾਰਟੀ ਪ੍ਰਧਾਨ ਬਣੇ ਰਹੋ ਪਰ ਕਿਰਪਾ ਕਰਕੇ ਪਾਰਟੀ ਦੇ ਵਡੇਰੇ ਹਿੱਤਾਂ ਲਈ ਇਕ ਪੰਚ ਪ੍ਰਧਾਨੀ ਬਣਾ ਦਿਓ। ਜਿਸ ਵਿੱਚ
ਸ: ਬਲਵਿੰਦਰ ਸਿੰਘ ਭੁੰਦੜ ਕਨਵੀਨਰ,
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੈਂਬਰ
ਬੀਬਾ ਹਰਸਿਮਰਤ ਕੌਰ ਬਾਦਲ ਮੈਂਬਰ
ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ
ਸ: ਗੁਲਜ਼ਾਰ ਸਿੰਘ ਰਣੀਕੇ ਪ੍ਰਧਾਨ ਐਸਸੀ ਵਿੰਗ ਮੈਂਬਰ
ਸ: ਹੀਰਾ ਸਿੰਘ ਗਾਬੜੀਆ ਪ੍ਰਧਾਨ ਬੀਸੀ ਵਿੰਗ ਮੈਂਬਰ
ਸ੍ਰੀ ਐਨ ਕੇ ਸ਼ਰਮਾਂ ਪ੍ਰਧਾਨ ਟਰੇਡ ਤੇ ਇੰਡਸਟਰੀ ਵਿੰਗ ਮੈਂਬਰ
ਅਤੇ ਮੈਨੂੰ ਉਸ ਵਿੱਚ ਮੈਂਬਰ ਸਕੱਤਰ ਬਿਨਾਂ ਵੋਟ ਦੇ ਅਧਿਕਾਰ ਤੋਂ ਬਣਾ ਸਕਦੇ ਹੋ।
(ਕੋਰ ਕਮੇਟੀ ਦੀ ਸਲਾਹ ਨਾਲ ਕਨਵੀਨਰ ਜਾਂ ਮੈਬਰ ਹੋਰ ਕੋਈ ਵੀ ਹੋ ਸਕਦੇ ਹਨ)
ਇਹ ਐਲਾਨ ਕਰੋ ਕਿ ਇਹ ਪ੍ਰਜੀਡੀਅਮ 14 ਦਸੰਬਰ 2024 ਤੱਕ ਹੈ ਜਦੋਂ ਤੱਕ ਨਵੀਂ ਭਰਤੀ ਹੋ ਕੇ ਨਵੇਂ ਡੈਲੀਗੇਟਾਂ ਰਾਹੀਂ ਨਵੇਂ ਪ੍ਰਧਾਨ ਦੀ ਚੋਣ ਨਾ ਹੋ ਜਾਵੇ। ਉਸ ਸਮੇਂ ਤੱਕ ਪਾਰਟੀ ਦੇ ਸਾਰੇ ਫੈਸਲੇ ਉਪਰੋਕਤ ਜਾਂ ਜਿਹੜੀ ਵੀ ਪ੍ਰਜੀਡੀਅਮ ਬਣੇ ਉਹ ਕਰੇਗੀ। ਜਿਸ ਵਿੱਚ ਆਉਣ ਵਾਲੇ ਬਾਈ ਇਲੈਕਸ਼ਨ ਲੜਨਾ, ਐਸਜੀਪੀਸੀ ਦੀਆਂ ਵੋਟਾਂ ਬਣਾਉਣਾ ਤੇ ਜੇਕਰ ਜਨਰਲ ਇਲੈਕਸ਼ਨ ਆਉਂਦੀ ਹੈ ਉਹ ਲੜਾਉਣੀ, ਜੇਕਰ ਜਨਰਲ ਚੋਣਾਂ ਨਹੀਂ ਆਉਂਦੀਆਂ ਤਾਂ ਨਵੰਬਰ ਵਿੱਚ ਐਸਜੀਪੀਸੀ ਮੈਂਬਰਾਂ ਤੋਂ ਐਸਜੀਪੀਸੀ ਪ੍ਰਧਾਨ ਤੇ ਅੰਤਰਿੰਗ ਕਮੇਟੀ ਦੀ ਚੋਣ ਕਰਾਉਣੀ, ਪਾਰਟੀ ਦੀ ਭਰਤੀ ਆਦਿ ਸਾਰੇ ਸਿਆਸੀ ਕੰਮ ਪ੍ਰਜੀਡੀਅਮ ਦੇਖੇਗੀ। ਤੁਸੀਂ ਕਹੋ ਕਿ ਮੈਨੂੰ ਜਿੱਥੇ ਪਾਰਟੀ ਹੁਕਮ ਕਰੇਗੀ, ਮੈਂ ਪਹਿਰਾ ਦੇਵਾਂਗਾਂ।’’
‘‘ਦੂਸਰਾ ਜੋ ਅਸੀਂ ਮੁਆਫ਼ੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਸ੍ਰੀ ਅਖੰਡਪਾਠ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਮੰਗ ਚੁੱਕੇ ਹਾਂ ਮੈ ਉਸ ਸਮੇਂ 14 ਦਿਸੰਬਰ ਦੇ ਮੌਕੇ ਵੀ ਮੁਆਫ਼ੀ ਮੰਗਣ ਤੋਂ ਪਹਿਲਾਂ ਵੀ ਤੁਹਾਨੂੰ ਜੁਬਾਨੀ ਵੀ ਤੇ ਲਿਖਤੀ ਵੀ ਬੇਨਤੀ ਕੀਤੀ ਸੀ ਕਿ ਮੁਆਫ਼ੀ ਵਿਧੀ-ਵਿਧਾਨ ਮੁਤਾਬਕ ਲਿਖ ਕੇ ਮੰਗ ਲਈਏ ਜੋ ਸਜ਼ਾ ਸ੍ਰੀ ਅਕਾਲ ਤਖ਼ਤ ਲਾਵੇ ਉਹ ਨਿਮਾਣੇ ਸਿੱਖ ਤਰਾਂ ਭੁਗਤੀਏ ਪ੍ਰਮਾਤਮਾਂ ਭਲੀ ਕਰੇਗਾ।
ਪਰ ਜਿਵੇਂ ਬਾਕੀ ਸਲਾਹਾਂ ਨੂੰ ਅਕਸਰ ਦਰਕਿਨਾਰ ਕਰ ਦਿੱਤਾ ਜਾਂਦਾ ਹੈ ਠੀਕ ਉਸੇ ਤਰਾਂ ਇਹ ਸਲਾਹ ਵੀ ਉਸ ਸਮੇਂ ਨਹੀ ਮੰਨੀ ਗਈ।
ਪ੍ਰਧਾਨ ਜੀ ਹੁਣ ਵੀ ਗੱਲ ਉੱਥੇ ਹੀ ਖੜ੍ਹੀ ਹੈ! ਸਾਡੇ ਨਾਲ ਪ੍ਰਮਾਤਮਾਂ ਰੁਸਿਆ ਹੈ ਤਾਂ ਹੀ ਇੰਨਾਂ ਮਾੜਾ ਹਾਲ ਹੋ ਰਿਹਾ ਹੈ। ਬੀਬਾ ਹਰਸਿਮਰਤ ਕੌਰ ਜੀ ਬਾਦਲ ਕਿਉਂ ਜਿੱਤੇ ਕਿਉਂਕਿ ਮਿਹਨਤ ਕਰਨ ਦੇ ਨਾਲ ਨਾਲ ਉਹ ਡੇਰੇ ਦੀ ਮੁਆਫ਼ੀ ਕਰਵਾਉਣ ਦੇ ਭਾਗੀਦਾਰ ਨਹੀਂ ਸਨ।
ਜੇਕਰ ਪੰਚ ਪ੍ਰਧਾਨੀ ਨਹੀ ਬਣਾਉਣੀ ਚਾਹੁੰਦੇ ਤਾਂ ਮੇਰੀ ਬੇਨਤੀ ਹੈ ਕਿ ਲਿਖਤੀ ਮੁਆਫ਼ੀ ਮੰਗ ਜ਼ਰੂਰ ਲਈਏ ਜੀ? ਤੀਸਰਾ ਸੁਝਾਅ ਹੈ ਪਾਰਟੀ ਇੱਕ ਮਹੀਨੇ ਵਿੱਚ ਵੀ ਖੜੀ ਹੋ ਸਕਦੀ ਹੈ ਪਰ ਸ਼ਰਤ ਇਹ ਹੈ ਮੁਆਫ਼ੀ ਦੇ ਨਾਲ-ਨਾਲ ਮੇਰੀ ਸਲਾਹ ਮੁਤਾਬਕ ਇੱਕ ਮਹੀਨਾਂ ਚੱਲ ਕੇ ਦੇਖ ਲਓ।