ਮੋਗਾ ’ਚ ਨਸ਼ੇ ਦਾ ਕਹਿਰ ਜਾਰੀ ਬੁਝਾਏ ਦੋ ਹੋਰ ਘਰਾਂ ਦੇ ਚਿਰਾਗ

ਮੋਗਾ ’ਚ ਨਸ਼ੇ ਦਾ ਕਹਿਰ ਜਾਰੀ ਬੁਝਾਏ ਦੋ ਹੋਰ ਘਰਾਂ ਦੇ ਚਿਰਾਗ

ਮੋਗਾ : ਭਾਵੇਂ ਕਿ ਮੋਗਾ ਪੁਲਿਸ ਚਿੱਟੇ ਨਸ਼ੇ ਨੂੰ ਖ਼ਤਮ ਕਰਨ ਦੇ ਦਾਅਵੇ ਤਾਂ ਕਰਦੀ ਹੈ ਪਰ ਇਹ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ ਅਤੇ ਨਸ਼ਾ ਤਸਕਰ ਬਿਨਾਂ ਕਿਸੇ ਡਰ ਤੋਂ ਸ਼ਰੇਆਮ ਚਿੱਟਾ ਨਸ਼ਾ ਧੜੱਲੇ ਨਾਲ ਵੇਚਦੇ ਹਨ। ਮੋਗਾ ਜ਼ਿਲ੍ਹੇ ਦੇ ਪਿੰਡ ਭਲੂਰ ’ਚ ਦੋ ਨੌਜਵਾਨ ਚਿੱਟੇ ਨਸ਼ੇ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ’ਚ ਜਾ ਪਏ ਹਨ। ਪਿੰਡ ਭਲੂਰ ਦੇ ਸਰਪੰਚ ਪਾਲਾ ਸਿੰਘ ਅਤੇ ਹੋਰ ਮੁਹਤਬਰਾਂ ਨੇ ਕਿਹਾ ਕਿ ਸਾਡੇ ਪਿੰਡ ਵਿਚ ਪਿਛਲੇ ਸੱਤ ਤੋਂ ਅੱਠ ਮਹੀਨੇ ਵਿਚ 10 ਤੋਂ 12 ਨੌਜਵਾਨ ਮੌਤ ਦੇ ਮੂੰਹ ਵਿਚ ਚਲੇ ਗਏ। ਚਿੱਟੇ ਨਸ਼ੇ ਨੂੰ ਬੰਦ ਕਰਾਉਣ ਵਿਚ ਸਰਕਾਰ ਅਤੇ ਪ੍ਰਸ਼ਾਸਨ ਬੁਰੀ ਤਰ੍ਹਾਂ ਫ਼ੇਲ੍ਹ ਹੈ। ਪ੍ਰਸਿੱਧ ਕਬੱਡੀ ਖਿਡਾਰੀ ਕੁਲਦੀਪ ਸਿੰਘ ਉਰਫ਼ ਲਾਲਾ ਦੇ ਪਿਤਾ ਹਰਨੇਕ ਸਿੰਘ ਨੇ ਅੱਖਾਂ ’ਚੋਂ ਹੰਝੂ ਕੇਰਦਿਆਂ ਕਿਹਾ ਕਿ ਇਸ ਚਿੱਟੇ ਦੀ ਬਦੌਲਤ ਮੇਰੇ ਪੁੱਤਰ ਦੀ ਘਰਵਾਲੀ ਵੀ ਉਨ੍ਹਾਂ ਨੂੰ ਛੱਡ ਕੇ ਚਲੀ ਗਈ। ਮਾੜੀ ਸੰਗਤ ’ਚ ਪੈਣ ਕਾਰਨ ਮੇਰੇ ਪੁੱਤਰ ਦਾ ਅੰਤ ਵੀ ਮਾੜਾ ਹੋਇਆ। ਬਜ਼ੁਰਗ ਬਾਪੂ ਨੇ ਕਿਹਾ ਕਿ ਮੈਨੂੰ ਅਫ਼ਸੋਸ ਹੈ ਕਿ ਜਿੱਥੇ ਅੱਜ ਮੇਰਾ ਬੱਚਾ ਇਸ ਨਸ਼ੇ ਦੀ ਭੇਟ ਚੜਿ੍ਹਆ ਹੈ ਉੱਥੇ ਹੀ ਇਕ ਦਿਨ ਪਹਿਲਾਂ ਸਾਡੇ ਪਿੰਡ ਦਾ ਇਕ ਹੋਰ ਨੌਜਵਾਨ ਵੀ ਇਸ ਨਸ਼ੇ ਦੀ ਭੇਟ ਚੜ੍ਹ ਗਿਆ। ਸਰਪੰਚ ਪਾਲਾ ਸਿੰਘ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਅਪੀਲ ਕੀਤੀ ਕਿ ਸਾਡੇ ਪਿੰਡ ਵਿਚੋਂ ਚਿੱਟੇ ਨਸ਼ੇ ਨੂੰ ਪੂਰਨ ਰੂਪ ਵਿਚ ਬੰਦ ਕਰਵਾਇਆ ਜਾਵੇ।