ਪੰਥਕ ਮਸਲਿਆਂ ਦੇ ਨਾਲ ਹੀ ਪੰਜਾਬ ਦੇ ਭਖਦੇ ਮੁੱਦੇ ਸੰਸਦ ’ਚ ਉਠਾਵਾਂਗਾ : ਸਰਬਜੀਤ ਸਿੰਘ ਖ਼ਾਲਸਾ

ਪੰਥਕ ਮਸਲਿਆਂ ਦੇ ਨਾਲ ਹੀ ਪੰਜਾਬ ਦੇ ਭਖਦੇ ਮੁੱਦੇ ਸੰਸਦ ’ਚ ਉਠਾਵਾਂਗਾ : ਸਰਬਜੀਤ ਸਿੰਘ ਖ਼ਾਲਸਾ

ਮਾਨਸਾ : ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਤੇ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਭਾਈ ਸਰਬਜੀਤ ਸਿੰਘ ਖ਼ਾਲਸਾ ਨੇ ਦਾਅਵੇ ਨਾਲ ਆਖਿਆ ਹੈ ਕਿ ਉਹ ਪੰਥਕ ਮਸਲਿਆਂ ਦੇ ਨਾਲ ਹੀ ਪੰਜਾਬ ਦੇ ਭਖਦੇ ਮੁੱਦੇ ਸੰਸਦ ’ਚ ਉਠਾਉਣਗੇ। ਮਾਨਸਾ ਵਿਖੇ ਵਿਸ਼ੇਸ਼ ਤੌਰ ’ਤੇ ਪਹੁੰਚੇ ਭਾਈ ਖ਼ਾਲਸਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਪਹਿਲ ਬੇਅਦਬੀ ਕਾਂਡ ਦੇ ਦੋਸ਼ੀਆਂ ਖ਼ਿਲਾਫ਼ ਧਾਰਾ 302 ਦਰਜ ਕਰਵਾ ਕੇ ਸਜ਼ਾਵਾਂ ਦਿਵਾਉਣਾ, ਬੰਦੀ ਸਿੰਘਾਂ ਦੀ ਰਿਹਾਈ ਲਈ ਉਪਰਾਲੇ ਕਰਨਾ, ਨਸ਼ਿਆਂ ਦਾ ਖ਼ਾਤਮਾ ਕਰਵਾਉਣਾ ਅਤੇ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣਾ ਹੋਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਉਹ ਦਰਿਆਈ ਪਾਣੀਆਂ, ਚੰਡੀਗੜ੍ਹ ’ਤੇ ਪੰਜਾਬ ਦਾ ਹੱਕ ਅਤੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਸੂਬੇ ’ਚ ਸ਼ਾਮਲ ਕਰਵਾਉਣ ਲਈ ਵੀ ਆਵਾਜ਼ ਬੁਲੰਦ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਫ਼ਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੀ ਗਾਰੰਟੀ ਦੇਣ ਨੂੰ ਯਕੀਨੀ ਬਣਾਉਣ ਲਈ ਵੀ ਹਰ ਫ਼ਰੰਟ ’ਤੇ ਲੜਾਈ ਲੜੀ ਜਾਵੇਗੀ। ਜ਼ਿਕਰਯੋਗ ਹੈ ਕਿ ਭਾਈ ਖ਼ਾਲਸਾ ਨੇ ਫ਼ਰੀਦਕੋਟ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਨੂੰ 70 ਹਜ਼ਾਰ ਤੋਂ ਵਧੇਰੇ ਵੋਟਾਂ ਦੇ ਫ਼ਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਸਰਬਜੀਤ ਸਿੰਘ ਨੇ ਦੋਸ਼ ਲਗਾਇਆ ਕਿ ਪਿਛਲੇ ਸਮੇਂ ਦੌਰਾਨ ਕੇਂਦਰ ਤੇ ਪੰਜਾਬ ਸਰਕਾਰਾਂ ਨੇ ਪੰਜਾਬ ਦੇ ਹਿਤਾਂ ਦੀ ਪਹਿਰੇਦਾਰੀ ਨਹੀਂ ਕੀਤੀ ਅਤੇ ਪੰਥਕ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਹੋਰ ਗੰਭੀਰ ਬਣਾ ਦਿੱਤਾ ਹੈ, ਜਿਸ ਕਰਕੇ ਪੰਥਕ ਦਰਦੀਆਂ ’ਚ ਰੋਸ ਹੈ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਪੰਜਾਬ ’ਚ ਪੰਥਕ ਧਿਰਾਂ ਨੂੰ ਇਕ ਮੰਚ ’ਤੇ ਇਕੱਠੇ ਹੋਣ ਦੀ ਸਖ਼ਤ ਜ਼ਰੂਰਤ ਹੈ ਅਤੇ ਇਸ ਕਾਰਜ ਲਈ ਉਹ ਪੰਥਕ ਨੁਮਾਇੰਦਿਆਂ ਨਾਲ ਸਿਰ ਜੋੜ ਕੇ ਚੱਲਣਗੇ। ਪੰਜਾਬ ਸਰਕਾਰ ਨੂੰ ਸਿਰੇ ਦੀ ਨਿਕੰਮੀ ਦੱਸਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਮੌਕੇ ਕੀਤੀਆਂ ਗਰੰਟੀਆਂ ਨੂੰ ਪੂਰੇ ਨਾ ਕਰਨ ਵਾਲੀ ‘ਆਪ’ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਨ ਪੁੱਗ ਗਏ ਹਨ। ਉਨ੍ਹਾਂ ਕਿਹਾ ਕਿ ਉਹ ਫ਼ਰੀਦਕੋਟ ਹਲਕੇ ਦੇ ਵੋਟਰਾਂ ਦੀਆਂ ਭਾਵਨਾਵਾਂ ਅਨੁਸਾਰ ਕੰਮ ਕਰਨਗੇ ਅਤੇ ਵਿਕਾਸ ਕਾਰਜ ਕਰਵਾਉਣ ’ਚ ਕਸਰ ਨਹੀਂਂ ਛੱਡੀ ਜਾਵੇਗੀ।