ਬਾਦਲ ਦਲ ’ਚ ਬੈਠੇ ਅਕਾਲੀਉ, ਏਦੂੰ ਕੋਈ ਹੋਰ ਵੱਡੀ ਦੁਰਗਤੀ ਹੋਈ ਤੋਂ ਜਾਗੋਂਗੇ : ਦੁਪਾਲਪੁਰ

ਬਾਦਲ ਦਲ ’ਚ ਬੈਠੇ ਅਕਾਲੀਉ, ਏਦੂੰ ਕੋਈ ਹੋਰ ਵੱਡੀ ਦੁਰਗਤੀ ਹੋਈ ਤੋਂ ਜਾਗੋਂਗੇ : ਦੁਪਾਲਪੁਰ

ਸੈਨਹੋਜ਼ੇ : ਹਾਲੇ ਵੀ ਬਾਦਲ ਦਲ ਵਿੱਚ ਘੇਸਲ ਮਾਰੀ ਬੈਠੇ ਅਕਾਲੀਉ ਏਨੀ ਦੁਰਗਤੀ ਕਰਾਉਣ ਤੋਂ ਬਾਅਦ ਹੁਣ ਕਿਸੇ ਹੋਰ ਵੱਡੀ ਬੇਇੱਜਤੀ ਹੋਈ ਤੋਂ ਜਾਗੋਂਗੇ?’ ਲੋਕ ਸਭਾ ਚੋਣਾ ਵਿੱਚ ਬਾਦਲ ਦਲ ਦੀ ਹੋਈ ਘੋਰ ਦੁਰਦਸ਼ਾ ਉੱਤੇ ਉਕਤ ਸਵਾਲ ਰਾਹੀਂ ਟਿੱਪਣੀ ਕਰਦਿਆਂ ਪ੍ਰਵਾਸੀ ਪੰਜਾਬੀ ਲੇਖਕ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ਦੁਪਾਲਪੁਰ ਨੇ ਇੱਕ ਲਿਖਤੀ ਬਿਆਨ ਵਿੱਚ ਬਾਦਲ ਦਲ ਵਿੱਚ ਹਾਲੇ ਵੀ ਚੁੱਪ ਵੱਟੀ ਬੈਠੇ ਅਕਾਲੀਆਂ ਨੂੰ ਹਲੂਣਾ ਦਿੰਦਿਆਂ ਪੁੱਛਿਆ ਹੈ ਕਿ ਨੇਕ ਨੀਅਤ ਪੰਥਕ ਬਜ਼ੁਰਗ ਆਗੂਆਂ ਵਲੋਂ ਅਸਥਾਪਨ ਕੀਤੀ ਪੰਥਕ ਪਾਰਟੀ ਨੂੰ ਖੇਰੂੰ ਖੇਰੂੰ ਹੁੰਦਿਆਂ ਉਹ ਹੋਰ ਕਿੰਨਾਂ ਕੁ ਚਿਰ ਦੇਖਦੇ ਰਹਿਣਗੇ? ਪੰਜਾਬ ਵਿੱਚ ਪਹਿਲੀ ਵਾਰ ਦਸ ਲੋਕ ਸਭਾਈ ਹਲਕਿਆਂ ਵਿੱਚ ਪਾਰਟੀ ਉਮੀਦਵਾਰਾਂ ਦੀਆਂ ਜਮਾਨਤਾਂ ਜ਼ਬਤ ਹੋਣ ਦੇ ਬਾਵਜੂਦ, ਆਪਣੀ ਸੁਪਤਨੀ ਦੀ ਜਿੱਤ ਵਿੱਚ ਖੀਵੇ ਹੋਏ ਪ੍ਰਧਾਨ ਵਲੋਂ ਕੋਈ ਇੱਕ ਵੀ ਪ੍ਰਤੀਕਰਮ ਨਾ ਦੇਣਾ ਇਹ ਦਰਸਾਉਂਦਾ ਹੈ ਕਿ ਉਨ੍ਹਾਂ ਨੂੰ ਪਾਰਟੀ ਜਾਂ ਪੰਥ ਦੀ ਬਜਾਏ ਆਪਣਾ ਟੱਬਰ ਹੀ ਪ੍ਰਥਮ ਪਿਆਰਾ ਹੈ।
ਭਾਈ ਦੁਪਾਲਪੁਰ ਨੇ ਆਪਣੇ ਬਿਆਨ ’ਚ ਅੱਗੇ ਕਿਹਾ ਕਿ ਬੀਤੇ ਸਮੇਂ ਜਿਹੜੇ ਕੁੱਝ ਆਗੂ ਸ਼੍ਰੋਮਣੀ ਅਕਾਲੀ ਦਲ ਤੋਂ ‘ਬਾਦਲੀ ਪੰਜਾਲੀ’ ਉਤਾਰਨ ਦੀ ਅਵਾਜ਼ ਚੁੱਕਣ ਤੋਂ ਬਾਅਦ ਫਿਰ ‘ਯੂ-ਟਰਨ’ ਮਾਰ ਆਏ ਸਨ, ਉਨ੍ਹਾਂ ਨੂੰ ਆਪਣੇ ਵਾਪਸੀ ਵਾਲੇ ਫੈਸਲੇ ਦੇ ਪਛਤਾਵੇ ਹਿਤ ਪੰਥ ਤੋਂ ਮੁਆਫੀ ਮੰਗ ਕੇ ਅਕਾਲੀ ਦਲ ਦੇ ਪੁਨਰ ਗਠਨ ਲਈ ਮੁੜ ਤੋਂ ਸਿਰ ਜੋੜ ਕੇ ਯਤਨਸ਼ੀਲ ਹੋਣਾ ਚਾਹੀਦਾ ਹੈ।
ਜਿਹੜੇ ਕੁੱਝ ਸਿੱਖ ਆਗੂ ਹਾਲੇ ਵੀ ਪੰਥ-ਪ੍ਰਸਤ ਹੋਣ ਦੀ ਥਾਂਹ ‘ਬਾਦਲ-ਪ੍ਰਸਤੀ’ ਦਾ ਰਾਗ ਗਾਉਂਦਿਆਂ ਕਹਿੰਦੇ ਨੇ ਕਿ ਬਾਦਲ ਪ੍ਰਵਾਰ ਹੀ ਪਾਰਟੀ ਚਲਾਉਣ ਲਈ ਖੁੱਲ੍ਹੀ ਮਾਇਆ ਖਰਚਣ ਦੇ ਸਮਰੱਥ ਹੈ,ਕੀ ਉਹ ਦੱਸ ਸਕਦੇ ਹਨ ਕਿ ਹੁਣੇ ਹੁਣੇ ਫਰੀਦਕੋਟ ਅਤੇ ਸ੍ਰੀ ਖਡੂਰ ਸਾਹਿਬ ਹਲਕਿਆਂ ਤੋਂ ਦੋ ਸਿੱਖ ਸਖਸ਼ੀਅਤਾਂ ਨੂੰ ਕਿਹੜੇ ਬਾਦਲਾਂ ਦੀ ਮਾਇਆ ਨੇ ਜਿਤਾਇਆ ਹੈ? ਪਲ ਪਲ ਖਾਤਮੇਂ ਵੱਲ੍ਹ ਵਧਦੀ ਜਾ ਰਹੀ ਪਾਰਟੀ ਨੂੰ ਖਾਮੋਸ਼ੀ ਧਾਰ ਕੇ ਦਰਸ਼ਕ ਬਣੇ ਆਗੂਆਂ ਨੇ ਕੰਧ ’ਤੇ ਲਿਖਿਆ ਪੜ੍ਹਨ ਵਾਂਗ ਇਹ ਦੇਖ ਹੀ ਲਿਆ ਹੋਵੇ ਗਾ ਕਿ ਉੱਪਰੋਥਲੀ ਕਈ ਵਾਰ ਸ਼ਰਮਿੰਦਗੀ ਭਰੀ ਹਾਰ ਦਾ ਮੂੰਹ ਦੇਖ ਰਹੀ ਪਾਰਟੀ ਨੂੰ ਮੰਦਹਾਲੀ ਬਣਾਉਣ ਪਿੱਛੇ ਪ੍ਰਧਾਨ ਦੀ ਹੈਂਕੜ ਵਾਲੀ ਜਕੜ ਹੀ ਹੈ! ਭਾਈ ਦੁਪਾਲ ਪੁਰ ਨੇ ਕਾਂਗਰਸ ਪਾਰਟੀ ਵਲੋਂ ਸ੍ਰੀ ਖੜਗੇ ਨੂੰ ਪ੍ਰਧਾਨਗੀ ਸੌਂਪਣ ਦੀ ਮਿਸਾਲ ਦਿੰਦਿਆਂ ਸਿੱਖ ਆਗੂਆਂ ਨੂੰ ਸਲਾਹ ਦਿੱਤੀ ਕਿ ਉਹ ਵੀ ਅਕਾਲੀ ਦਲ ਨੂੰ ਪ੍ਰਵਾਰ-ਵਾਦ ਤੋਂ ਮੁਕਤ ਕਰਾਉਣ ਲਈ ਫਿਲਹਾਲ ’ਕੋਈ ਖੜਗੇ’ ਲੱਭ ਲੈਣ ਤਾਂ ਕਿ ਪੰਜਾਬ ਵਾਸੀਆਂ ਦੇ ਦਿਲਾਂ ਵਿੱਚੋਂ ਬਾਦਲ ਨਾਂ ਪ੍ਰਤੀ ਚਿੜ੍ਹ ਤੇ ਗੁੱਸਾ ਦੂਰ ਹੋ ਜਾਵੇ! ਅਜਿਹੇ ਅਹਿਮ ਫੈਸਲੇ ਲੈਣ ਦਾ ਵੇਲਾ ਲੰਘਦਾ ਜਾ ਰਿਹਾ ਹੈ। ਜੇ ਜਿੰਮੇਵਾਰ ਆਗੂਆਂ ਨੇ ਹੁਣ ਵੀ ਕੋਈ ਇਨਕਲਾਬੀ ਕਦਮ ਨਾ ਚੁੱਕੇ ਤਾਂ ਉਨ੍ਹਾਂ ਦਾ ਇਹ ਹਾਲ ਹੋਵੇਗਾ ਜਿਵੇਂ ਕਿਤੇ ਲੰਗਰ ਵਿਖੇ ਪ੍ਰਸ਼ਾਦਾ ਛਕਣ ਉਪਰੰਤ ਪੰਕਤਾਂ ਵਿੱਚ ਚੁੱਪ ਚਾਪ ਬੈਠੇ ਏਧਰ ਓਧਰ ਝਾਕੀ ਜਾ ਰਹੇ ਸੱਜਣਾ ਨੂੰ, ਲੰਗਰ ਵਰਤਾਵੇ ਮਖੌਲ ਵਜੋਂ ਪੁੱਛਦੇ ਹੁੰਦੇ ਹਨ ਕਿ ਖਾਲਸਾ ਜੀ, ਹੁਣ ਕੀ ਖੱਟਾ ਉਡੀਕ ਰਹੇ ਹੋ ਤੁਸੀਂ?